ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦਾ ਐਲਾਨ: ਅਧਿਆਪਕ-ਮਾਪੇ ਮਿਲਣੀ ਦੌਰਾਨ ਨਹੀਂ ਕੀਤਾ ਜਾਵੇਗਾ 'ਸਿਆਸੀ ਪ੍ਰਚਾਰ'
ਪੀ ਟੀ ਐੱਮ ਦੌਰਾਨ ਸਿਰਫ਼ ਬੱਚਿਆਂ ਦੀ ਪੜ੍ਹਾਈ ਅਤੇ ਸਕੂਲ ਨਾਲ ਸਬੰਧਤ ਮਾਮਲਿਆਂ 'ਤੇ ਹੋਵੇਗੀ ਗੱਲਬਾਤ: ਡੀ ਟੀ ਐੱਫ
ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ ਆਗੂਆਂ ਨੇ ਭਾਦਸੋਂ ਸਕੂਲ ਵਿੱਚ ਅੱਜ ਮੀਟਿੰਗ ਕਰਕੇ ਫ਼ੈਸਲਾ ਕੀਤਾ ਕਿ ਅਧਿਆਪਕ-ਮਾਪੇ ਮਿਲਣੀ (ਪੀ ਟੀ ਐੱਮ) ਦੌਰਾਨ ਕਿਸੇ ਵੀ ਸਿਆਸੀ ਪ੍ਰਚਾਰ ਤੋਂ ਗੁਰੇਜ਼ ਕੀਤਾ ਜਾਵੇਗਾ। ਇਸ ਮੌਕੇ ਆਗੂਆਂ ਨੇ ਸੋਸ਼ਲ ਮੀਡੀਆ ਰਾਹੀਂ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਸਾਡੀ ਵਚਨਬੱਧਤਾ ਬੱਚਿਆਂ ਦੀ ਪੜ੍ਹਾਈ ਨਾਲ ਹੈ, ਸਰਕਾਰੀ ਧਿਰ ਦੇ ਸਿਆਸੀ ਪ੍ਰਚਾਰ ਨਾਲ ਨਹੀਂ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ 9 ਅਕਤੂਬਰ ਨੂੰ ਸਾਰੇ ਸਰਕਾਰੀ ਸਕੂਲਾਂ ਵਿੱਚ ਮਾਪਿਆਂ ਨਾਲ ਮਿਲਣੀ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਵਿੱਚ ਸਿੱਖਿਆ ਨਾਲ ਸੰਬੰਧਿਤ ਮਾਮਲਿਆਂ ਤੋਂ ਇਲਾਵਾ ਅਧਿਆਪਕਾਂ ਨੂੰ 'ਮਾਵਾਂ-ਧੀਆਂ ਸਤਿਕਾਰ ਯੋਜਨਾ' ਬਾਰੇ ਫ਼ੀਡਬੈਕ ਲੈਣ ਲਈ ਵੀ ਕਿਹਾ ਗਿਆ ਹੈ। ਹੁਕਮਾਂ ਦੀ ਕਾਪੀ ਮੁਤਾਬਕ ਅਧਿਆਪਕਾਂ ਨੇ ਬੱਚਿਆਂ ਦੀਆਂ ਮਾਵਾਂ ਤੋਂ ਤਿੰਨਾਂ ਵਿੱਚੋਂ ਇੱਕ ਸਵਾਲ ਦਾ ਜਵਾਬ ਲੈਂਦਿਆਂ ਵੀਡੀਓ ਕਲਿੱਪ ਬਣਾ ਕੇ ਅਪਲੋਡ ਕਰਨੀ ਹੈ। ਉਨ੍ਹਾਂ ਤੋਂ ਪੁੱਛਣਾ ਹੈ ਕਿ ‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ’ ਉਨ੍ਹਾਂ ਲਈ ਕੀ ਅਰਥ ਰੱਖਦੀ ਹੈ? ਉਹ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਅਧੀਨ ਪ੍ਰਾਪਤ ਫ਼ੰਡਾਂ ਦੀ ਵਰਤੋਂ ਕਿਵੇਂ ਕਰਦੀਆਂ ਹਨ? ਕੀ ਉਨ੍ਹਾਂ ਕੋਲ ਮੁੱਖ ਮੰਤਰੀ ਪੰਜਾਬ ਲਈ ਕੋਈ ਸੰਦੇਸ਼ ਹੈ?
ਅਧਿਆਪਕ ਫ਼ਰੰਟ ਦੇ ਪਟਿਆਲਾ ਜ਼ਿਲ੍ਹਾ ਪ੍ਰਧਾਨ ਰਾਮ ਸ਼ਰਨ ਨੇ ਦੱਸਿਆ ਕਿ ਸੂਬਾ ਪ੍ਰਧਾਨ ਵਿਕਰਮ ਦੇਵ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ ਅਸੀਂ ਫ਼ੈਸਲਾ ਲਿਆ ਹੈ ਕਿ ਸਰਕਾਰ ਦੇ ਪ੍ਰੋਪੇਗੰਡਾ ਦਾ ਅਸੀਂ ਹਿੱਸਾ ਨਹੀਂ ਬਣਾਂਗੇ ਅਤੇ ਕੱਲ੍ਹ ਨੂੰ ਮਿਲਣੀ ਵਿੱਚ ਪੜ੍ਹਾਈ ਅਤੇ ਸਕੂਲ ਸੰਬੰਧਿਤ ਵਾਰਤਾ ਹੀ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਪ੍ਰਚਾਰ ਲਈ ਇੱਕ ਵੀਡੀਓ ਸੰਦੇਸ਼ ਵੀ ਜਾਰੀ ਕੀਤਾ।

