ਦਿੱਲੀ ਕਮੇਟੀ ਮਨਾਏਗੀ 350 ਸਾਲਾ ਸ਼ਹੀਦੀ ਸੰਪੂਰਨਤਾ ਸਮਾਗਮ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਪੁਰਬ ਮੌਕੇ ਪੂਰਾ ਸਾਲ ਚੱਲਣ ਵਾਲੇ ਸਮਾਗਮਾਂ ਮਗਰੋਂ ਸੰਪੂਰਨਤਾ ਸਮਾਗਮ ਵੀ ਵੱਡੇ ਪੱਧਰ ’ਤੇ ਮਨਾਏ ਜਾਣਗੇ। ਇੱਥੇ ਅੱਜ ਗੁਰਦੁਆਰਾ ਮਾਤਾ ਸੁੰਦਰੀ ਵਿੱਚ ਗੁਰਮਤਿ ਸੰਗੀਤ ਅਕੈਡਮੀ ਦੇ ਵਿਦਿਆਰਥੀਆਂ ਤੇ ਸਟਾਫ ਵੱਲੋਂ ਕਰਵਾਏ ਸ਼ੁਕਰਾਨਾ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਦਿੱਲੀ ਹੀ ਨਹੀਂ, ਬਲਕਿ ਦੇਸ਼-ਵਿਦੇਸ਼ ਤੋਂ ਸੰਗਤ ਨੇ ਲੱਖਾਂ ਦੀ ਗਿਣਤੀ ਵਿੱਚ ਲਾਲ ਕਿਲ੍ਹੇ ’ਤੇ ਹੋਏ ਸਮਾਗਮਾਂ ਵਿਚ ਸ਼ਮੂਲੀਅਤ ਕੀਤੀ ਸੀ। ਸਮਾਗਮਾਂ ਵਿੱਚ ਦਿੱਲੀ ਸਰਕਾਰ ਦੀ ਸ਼ਮੂਲੀਅਤ ਲਈ ਉਹ ਮੁੱਖ ਮੰਤਰੀ ਰੇਖਾ ਗੁਪਤਾ ਤੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਦਾ ਧੰਨਵਾਦ ਕਰਦੇ ਹਨ। ਸਰਕਾਰ ਦੀ ਸ਼ਮੂਲੀਅਤ ਦੀ ਬਦੌਲਤ ਇਨ੍ਹਾਂ ਪ੍ਰੋਗਰਾਮਾਂ ਦਾ ਵੱਡੇ ਪੱਧਰ ’ਤੇ ਪ੍ਰਚਾਰ-ਪਸਾਰ ਹੋਇਆ, ਜਿਸ ਵਾਸਤੇ ਦਿੱਲੀ ਗੁਰਦੁਆਰਾ ਕਮੇਟੀ ਨੇ ਵੀ ਵਡਮੁੱਲਾ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਪੂਰਾ ਸਾਲ ਚੱਲਣ ਵਾਲੇ 350 ਸਾਲਾ ਸ਼ਹੀਦੀ ਪੁਰਬ ਦੇ ਸਮਾਗਮਾਂ ਦੀ ਸੰਪੂਰਨਤਾ ਮੌਕੇ ਵਿਸ਼ਾਲ ਸਮਾਗਮ ਕਰਨ ਸਬੰਧੀ ਵਿਉਂਤਬੰਦੀ ਕੀਤੀ ਜਾ ਰਹੀ ਹੈ ਅਤੇ ਇਸ ਵਿੱਚ ਹਰ ਵਰਗ ਦੀ ਸ਼ਮੂਲੀਅਤ ਕਰਵਾ ਕੇ ਇਹ ਸਮਾਗਮ ਯਾਦਗਾਰੀ ਬਣਾਉਣ ਦੇ ਯਤਨ ਕੀਤੇ ਜਾਣਗੇ। ਉਨ੍ਹਾਂ ਐਲਾਨ ਕੀਤਾ ਕਿ 13 ਅਪਰੈਲ ਨੂੰ ਖਾਲਸਾ ਸਾਜਨਾ ਦਿਵਸ ਮੌਕੇ ਵਿਸ਼ਾਲ ਅੰਮ੍ਰਿਤ ਸੰਚਾਰ ਸਮਾਗਮ ਕਰਵਾਇਆ ਜਾਵੇਗਾ, ਜਿਸ ਵਿੱਚ ਵੱਧ ਤੋਂ ਵੱਧ ਲੋਕਾਂ ਦਾ ਅੰਮ੍ਰਿਤ ਸੰਚਾਰ ਕਰਵਾਉਣ ਦਾ ਯਤਨ ਕੀਤਾ ਜਾਵੇਗਾ।
ਇਸ ਸਬੰਧੀ ਉਹ ਜਲਦੀ ਹੀ ਵੱਖ-ਵੱਖ ਗੁਰੂ-ਘਰਾਂ ਦੇ ਹੈੱਡ ਗ੍ਰੰਥੀਆਂ ਤੇ ਹੋਰ ਵਰਗਾਂ ਨਾਲ ਮੀਟਿੰਗਾਂ ਕਰਨਗੇ। ਇਨ੍ਹਾਂ ਸਮਾਗਮਾਂ ਵਿਚ ਵੀ ਬੀਬੀਆਂ ਦਾ ਅਹਿਮ ਰੋਲ ਰਹੇਗਾ।
ਉਹ ਸਮੁੱਚੀਆਂ ਬੀਬੀਆਂ ਦੇ ਵੀ ਧੰਨਵਾਦੀ ਹਨ, ਜਿਨ੍ਹਾਂ ਨੇ ਸਹਿਜ ਪਾਠਾਂ ਦੀ ਲੜੀ ਸ਼ੁਰੂ ਕਰਨ ਅਤੇ ਸਮੂਹਿਕ ਕੀਰਤਨ ਕਰਨ ਵਾਸਤੇ ਲਾਮਿਸਾਲ ਕੰਮ ਕੀਤਾ। ਉਨ੍ਹਾਂ ਕਿਹਾ ਕਿ ਹਰ ਵਰਗ ਦੀ ਸ਼ਮੂਲੀਅਤ ਦੀ ਬਦੌਲਤ ਹੀ ਸਮਾਗਮ ਯਾਦਗਾਰੀ ਰਹੇ ਹਨ। ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਕੀਤੇ ਜਾਂਦੇ ਕੰਮਾਂ ਦੀ ਸਫਲਤਾ ਵਿਚ ਦਿੱਲੀ ਦੀ ਸੰਗਤ ਦਾ ਵੱਡਾ ਯੋਗਦਾਨ ਹੈ।
