ਦਿੱਲੀ ਦੀ ਮੁੱਖ ਮੰਤਰੀ ਆਪਣੇ ਮੰਤਰੀ ਮੰਡਲ ਸਣੇ ਹਰਿਮੰਦਰ ਸਾਹਿਬ ਨਤਮਸਤਕ
ਜਗਤਾਰ ਸਿੰਘ ਲਾਂਬਾ
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਆਪਣੇ ਮੰਤਰੀ ਮੰਡਲ ਸਣੇ ਅੱਜ ਇਥੇ ਹਰਿਮੰਦਰ ਸਾਹਿਬ ਪੁੱਜੇ ਅਤੇ ਗੁਰੂ ਘਰ ਦਾ ਸ਼ੁਕਰਾਨਾ ਕੀਤਾ। ਮੁੱਖ ਮੰਤਰੀ ਨਾਲ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ, ਕਪਿਲ ਮਿਸ਼ਰਾ, ਪ੍ਰਵੇਸ਼ ਵਰਮਾ, ਅਸ਼ੀਸ਼ ਸੂਦ ਤੇ ਹੋਰ ਹਾਜ਼ਰ ਸਨ।
ਉਨ੍ਹਾਂ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ, ਕੀਰਤਨ ਸੁਣਿਆ ਅਤੇ ਗੁਰੂ ਘਰ ਵਿਖੇ ਸ਼ੁਕਰਾਨੇ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਉਨ੍ਹਾਂ ਛਬੀਲ ’ਚ ਸੰਗਤ ਦੇ ਜੂਠੇ ਬਰਤਨ ਸਾਫ ਕਰਨ ਦੀ ਸੇਵਾ ਵੀ ਕੀਤੀ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਸੂਚਨਾ ਅਧਿਕਾਰੀ ਵੱਲੋਂ ਉਨ੍ਹਾਂ ਨੂੰ ਗੁਰੂ ਘਰ ਦਾ ਇਤਿਹਾਸ ਅਤੇ ਹੋਰ ਸਬੰਧਤ ਧਾਰਮਿਕ ਸਥਾਨਾਂ ਬਾਰੇ ਜਾਣਕਾਰੀ ਦਿੱਤੀ ਗਈ।
ਮੁੱਖ ਮੰਤਰੀ ਨੇ ਆਖਿਆ ਕਿ ਦਿੱਲੀ ਵਿੱਚ ਸ਼ਹੀਦੀ ਸ਼ਤਾਬਦੀ ਸਮਾਗਮਾਂ ਦੀ ਸਫ਼ਲਤਾਪੂਰਵਕ ਸੰਪੰਨਤਾ ਤੋਂ ਬਾਅਦ ਉਹ ਅੱਜ ਇਥੇ ਗੁਰੂ ਘਰ ਵਿਖੇ ਸ਼ੁਕਰਾਨੇ ਦੀ ਅਰਦਾਸ ਕਰਨ ਪੁੱਜੇ ਹਨ। ਸਮਾਗਮਾਂ ਦੌਰਾਨ ਦਿੱਲੀ ਵਿੱਚ ਅਤਿਵਾਦੀ ਘਟਨਾ ਵਾਪਰੀ ਸੀ, ਜਿਸ ਨਾਲ ਡਰ ਅਤੇ ਸਹਿਮ ਬਣ ਗਿਆ ਸੀ ਪਰ ਇਸ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਸੰਗਤ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਪੁੱਜੀ ਅਤੇ ਇਹ ਸਭ ਕੁਝ ਗੁਰੂ ਸਾਹਿਬ ਦੀ ਕਿਰਪਾ ਸਦਕਾ ਹੋ ਸਕਿਆ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਅਤੇ ਉਪਦੇਸ਼ਾਂ ਸਬੰਧੀ ਸਿੱਖਿਆਵਾਂ ਨੂੰ ਦਿੱਲੀ ਵਿੱਚ ਸਕੂਲ ਪੱਧਰ ’ਤੇ ਬੱਚਿਆਂ ਨੂੰ ਪੜ੍ਹਾਇਆ ਜਾਵੇਗਾ। ਇਸ ਸਬੰਧ ਵਿੱਚ ਵਿਸ਼ੇਸ਼ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਹਨ। ਗੁਰੂ ਸਾਹਿਬ ਦੀ ਸ਼ਹਾਦਤ ਅਤੇ ਉਪਦੇਸ਼ ਸਾਂਝੇ ਭਾਈਚਾਰੇ ਦਾ ਸੰਦੇਸ਼ ਦਿੰਦੇ ਹਨ, ਜਿਸ ਨੂੰ ਹਰ ਸੂਰਤ ਵਿੱਚ ਕਾਇਮ ਰੱਖਿਆ ਜਾਵੇਗਾ। ਅੱਜ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਉਨ੍ਹਾਂ ਨੂੰ ਰੂਹਾਨੀ ਖੁਸ਼ੀ ਅਤੇ ਸ਼ਾਂਤੀ ਮਿਲੀ ਹੈ। ਇਸ ਦੌਰਾਨ ਉਨ੍ਹਾਂ ਨੇ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸਮਾਗਮਾਂ ਸਬੰਧੀ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ, ਰਕੇਸ਼ ਗਿੱਲ, ਸੁਖਮਿੰਦਰ ਸਿੰਘ ਪਿੰਟੂ, ਹਰਜਿੰਦਰ ਸਿੰਘ ਠੇਕੇਦਾਰ ਸਮੇਤ ਹੋਰ ਆਗੂਆਂ ਵੱਲੋਂ ਅੰਮ੍ਰਿਤਸਰ ਪੁੱਜਣ ’ਤੇ ਜੀ ਆਇਆਂ ਆਖਿਆ ਗਿਆ ਅਤੇ ਮੁੱਖ ਮੰਤਰੀ ਤੇ ਉਨ੍ਹਾਂ ਦੇ ਸਾਥੀਆਂ ਨੂੰ ਸਨਮਾਨਿਤ ਕੀਤਾ। ਉਹ ਦੁਰਗਿਆਨਾ ਮੰਦਰ ਵਿਖੇ ਵੀ ਮੱਥਾ ਟੇਕਣ ਗਏ, ਜਿੱਥੇ ਉਨ੍ਹਾਂ ਨੂੰ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਉਹ ਇਤਿਹਾਸਕ ਰਾਮ ਤੀਰਥ ਵਿਖੇ ਵੀ ਮੱਥਾ ਟੇਕਣ ਲਈ ਗਏ ਅਤੇ ਉਨ੍ਹਾਂ ਨੂੰ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤਾ ਗਿਆ।
ਜਥੇਦਾਰ ਗੜਗੱਜ ਨੇ ਮੁੱਖ ਮੰਤਰੀ ਕੋਲ ਪ੍ਰੋ. ਭੁੱਲਰ ਦੀ ਰਿਹਾਈ ਦਾ ਮਾਮਲਾ ਰੱਖਿਆ
ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦਿੱਲੀ ਦੀ ਮੁੱਖ ਮੰਤਰੀ ਸ੍ਰੀਮਤੀ ਰੇਖਾ ਗੁਪਤਾ ਨੂੰ ਆਖਿਆ ਕਿ ਉਨ੍ਹਾਂ ਦੀ ਸਰਕਾਰ ਕੋਲ ਬੰਦੀ ਸਿੰਘ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਮਾਮਲਾ ਲਟਕਿਆ ਹੋਇਆ ਹੈ ਅਤੇ ਉਨ੍ਹਾਂ ਦੇ ਦਸਤਖ਼ਤ ਨਾਲ ਉਹ ਰਿਹਾਅ ਹੋ ਸਕਦੇ ਹਨ। ਮੁੱਖ ਮੰਤਰੀ ਨੇ ਅੱਜ ਹਰਿਮੰਦਰ ਸਾਹਿਬ ਨਤਮਸਤਕ ਹੋਣ ਸਮੇਂ ਜਥੇਦਾਰ ਗੜਗੱਜ ਨਾਲ ਮੁਲਾਕਾਤ ਕੀਤੀ। ਜਥੇਦਾਰ ਨੇ ਆਖਿਆ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਮਾਮਲਾ ਲਮਕਾਇਆ ਗਿਆ ਹੈ ਅਤੇ ਮੌਜੂਦਾ ਭਾਜਪਾ ਸਰਕਾਰ ਕੋਲ ਉਨ੍ਹਾਂ ਨੂੰ ਰਿਹਾਅ ਕਰਨ ਦਾ ਚੰਗਾ ਮੌਕਾ ਹੈ। ਜਥੇਦਾਰ ਗੜਗੱਜ ਵੱਲੋਂ ਚੁੱਕੇ ਮਾਮਲੇ ਨੂੰ ਦਿੱਲੀ ਦੀ ਮੁੱਖ ਮੰਤਰੀ ਵੱਲੋਂ ਗੌਰ ਨਾਲ ਸੁਣਿਆ ਗਿਆ ਅਤੇ ਭਰੋਸਾ ਦਿੱਤਾ ਗਿਆ ਕਿ ਉਹ ਇਸ ਮਾਮਲੇ ਨੂੰ ਹੱਲ ਕਰਨ ਲਈ ਯਤਨ ਕਰਨਗੇ। ਇਸ ਮੌਕੇ ਦਿੱਲੀ ਕੈਬਨਿਟ ਦੇ ਕੁਝ ਮੰਤਰੀ ਹਾਜ਼ਰ ਸਨ।
