ਵਾਰਿਸ ਪੰਜਾਬ ਨੂੰ ਮਾਨਤਾ ਲਈ ਮੁੱਖ ਚੋਣ ਕਮਿਸ਼ਨਰ ਨੂੰ ਮਿਲੇਗਾ ਵਫ਼ਦ
ਮੁਹਾਲੀ ਵਿੱਚ ਪਾਰਟੀ ਦਫ਼ਤਰ ਖੋਲ੍ਹਿਆ; ਇਆਲੀ ਅਤੇ ਸਰਬਜੀਤ ਸਿੰਘ ਖ਼ਾਲਸਾ ਨੇ ਕੀਤੀ ਸ਼ਮੂਲੀਅਤ
ਅਕਾਲੀ ਦਲ ਵਾਰਿਸ ਪੰਜਾਬ ਨੂੰ ਰਾਜਸੀ ਪਾਰਟੀ ਵਜੋਂ ਮਾਨਤਾ ਦਿਵਾਉਣ ਅਤੇ ਰਜਿਸ਼ਟ੍ਰੇਸ਼ਨ ਦੇ ਅਮਲ ਨੂੰ ਮੁਕੰਮਲ ਕਰਵਾਉਣ ਲਈ ਪਾਰਟੀ ਦਾ ਵਫ਼ਦ ਜਲਦੀ ਹੀ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਨਾਲ ਮੁਲਾਕਾਤ ਕਰੇਗਾ। ਪਾਰਟੀ ਦੇ ਕਾਰਜਕਾਰੀ ਪ੍ਰਧਾਨ ਤਰਸੇਮ ਸਿੰਘ, ਵਿਧਾਇਕ ਮਨਪ੍ਰੀਤ ਸਿੰਘ ਇਆਲੀ ਅਤੇ ਸੰਸਦ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਨੇ ਸੈਕਟਰ 89 ਵਿੱਚ ਖੋਲ੍ਹੇ ਪਾਰਟੀ ਦਫ਼ਤਰ ਦੇ ਉਦਘਾਟਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਹਾ ਕਿ ਇਸ ਸਬੰਧੀ ਪੰਜਾਬ ਦੇ ਰਾਜਪਾਲ ਨਾਲ ਵੀ ਮੁਲਾਕਾਤ ਕੀਤੀ ਜਾਵੇਗੀ, ਜਿਸ ਪਾਰਟੀ ਦੇ ਦੋ ਸੰਸਦ ਮੈਂਬਰ ਹੋਣ, ਇੱਕ ਵਿਧਾਇਕ ਹੋਵੇ ਅਤੇ ਲੱਖਾਂ ਵੋਟਾਂ ਹਾਸਿਲ ਕੀਤੀਆਂ ਹੋਣ, ਉਸ ਨੂੰ ਮਾਨਤਾ ਨਾ ਦੇਣਾ ਬੇਹੱਦ ਮੰਦਭਾਗਾ ਹੈ। ਪਾਰਟੀ ਨੂੰ ਜੇ ਲੋੜ ਪਈ ਤਾਂ ਜੰਤਰ-ਮੰਤਰ ’ਤੇ ਧਰਨਾ ਦੇਣ ਤੋਂ ਵੀ ਗੁਰੇਜ਼ ਨਹੀਂ ਕਰੇਗੀ। ਉਨ੍ਹਾਂ ਅਮਰਜੀਤ ਸਿੰਘ ਚਾਵਲਾ ਮਾਮਲੇ ਦੀ ਸਖ਼ਤ ਨਿਖੇਧੀ ਕਰਦਿਆਂ ਸ਼੍ੋਮਣੀ ਕਮੇਟੀ ਤੋਂ ਚੋਣਾਂ ਤੁਰੰਤ ਕਰਵਾਉਣ ਦੀ ਮੰਗ ਵੀ ਕੀਤੀ।
ਇਸ ਮੌਕੇ ਪੰਜਾਬੀ ਸੰਗੀਤ ਜਗਤ ਦੀ ਸ਼ਖ਼ਸੀਅਤ ਗੁਰਬਿੰਦਰ ਸਿੰਘ ਗਿੱਲ ਰੌਂਤਾ ਅਤੇ ਪਿੰਡ ਮਨੌਲੀ ਦੇ ਸਾਬਕਾ ਸਰਪੰਚ ਅਵਤਾਰ ਸਿੰਘ ਮਨੌਲੀ ਅਤੇ ਪ੍ਰਗਟ ਸਿੰਘ ਨੇ ਰਸਮੀ ਤੌਰ ’ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਕਾਬਲ ਸਿੰਘ, ਬਾਬੂ ਸਿੰਘ ਬਰਾੜ, ਸੁਖਵਿੰਦਰ ਸਿੰਘ ਅਗਵਾਨ, ਪਰਗਟ ਸਿੰਘ ਸੰਧੂ, ਅਮਰਜੀਤ ਸਿੰਘ ਵੰਨਚਿੜੀ, ਹਰਪ੍ਰੀਤ ਕੌਰ, ਜਗਦੀਪ ਸਿੰਘ ਕੰਸਾਲਾ, ਸ਼੍ੋਮਣੀ ਕਮੇਟੀ ਮੈਂਬਰ ਨਿਰਮੈਲ ਸਿੰਘ ਜੌਲਾ, ਦਲੇਰ ਸਿੰਘ ਡੋਡ, ਸੰਦੀਪ ਸਿੰਘ ਰੁਪਾਲੋਂ, ਕਰਨਵੀਰ ਸਿੰਘ ਫ਼ਿਰੋਜ਼ਪੁਰ, ਸ਼ਮਸ਼ੇਰ ਸਿੰਘ ਪਧਰੀ, ਹਰਜਿੰਦਰ ਸਿੰਘ ਦੇਸੂਮਾਜਰਾ ਅਤੇ ਜਸਵਿੰਦਰ ਸਿੰਘ ਡਰੋਲੀ ਸਮੇਤ ਪੁਆਧ ਤੋਂ ਸਮੁੱਚੀ ਲੀਡਰਸ਼ਿਪ ਹਾਜ਼ਰ ਸੀ।

