ਮੂਸੇਵਾਲਾ ਕਤਲ ’ਚ ਸ਼ਾਮਲ ਗੈਂਗਸਟਰ ਦੀਪਕ ਟੀਨੂ ਫਰਾਰ : The Tribune India

ਮੂਸੇਵਾਲਾ ਕਤਲ ’ਚ ਸ਼ਾਮਲ ਗੈਂਗਸਟਰ ਦੀਪਕ ਟੀਨੂ ਫਰਾਰ

ਸੀਆਈਏ ਇੰਚਾਰਜ ਪ੍ਰਿਤਪਾਲ ਸਿੰਘ ਨੂੰ ਬਰਖਾਸਤ ਕਰਕੇ ਕੀਤਾ ਗ੍ਰਿਫ਼ਤਾਰ

ਮੂਸੇਵਾਲਾ ਕਤਲ ’ਚ ਸ਼ਾਮਲ ਗੈਂਗਸਟਰ ਦੀਪਕ ਟੀਨੂ ਫਰਾਰ

ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਏਆਈਜੀ ਗੁਰਮੀਤ ਸਿੰਘ ਚੌਹਾਨ ਅਤੇ ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ। -ਫੋਟੋ: ਸੁਰੇਸ਼

ਜੋਗਿੰਦਰ ਸਿੰਘ ਮਾਨ

ਮਾਨਸਾ, 2 ਅਕਤੂਬਰ

ਮੁੱਖ ਅੰਸ਼

  • ਲੰਘੀ ਅੱਧੀ ਰਾਤ ਦੇ ਕਰੀਬ ਵਾਪਰੀ ਘਟਨਾ
  • ਪੁਲੀਸ ਨੇ ਕੇਸ ਦੀ ਜਾਂਚ ਆਰੰਭੀ
  • ਗੋਇੰਦਵਾਲ ਸਾਹਿਬ ਦੀ ਜੇਲ੍ਹ ਤੋਂ ਪ੍ਰੋਡਕਸ਼ਨ ਵਰੰਟ ’ਤੇ ਲਿਆਂਦਾ ਹੋਇਆ ਸੀ ਟੀਨੂ

ਮਰਹੂਮ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਰਚਣ ਵਾਲਾ ਗੈਂਗਸਟਰ ਦੀਪਕ ਟੀਨੂ ਲੰਘੀ ਰਾਤ ਪੁਲੀਸ ਦੀ ਗ੍ਰਿਫ਼ਤ ’ਚੋਂ ਫਰਾਰ ਹੋ ਗਿਆ। ਮਾਨਸਾ ਦੇ ਸੀਆਈਏ ਪੁਲੀਸ ਸਟੇਸ਼ਨ ’ਚ ਦੀਪਕ ਟੀਨੂ ਨੂੰ ਗੋਇੰਦਵਾਲ ਸਾਹਿਬ ਦੀ ਜੇਲ੍ਹ ਤੋਂ ਪ੍ਰੋਡਕਸ਼ਨ ਵਰੰਟ ’ਤੇ ਲਿਆਂਦਾ ਹੋਇਆ ਸੀ ਅਤੇ ਉਹ ਰਾਤ ਦੇ 11 ਵਜੇ ਫਰਾਰ ਹੋਇਆ ਦੱਸਿਆ ਜਾਂਦਾ ਹੈ। ਉਹ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਸਾਜ਼ਿਸ਼ਕਾਰ ਲਾਰੈਂਸ ਬਿਸ਼ਨੋਈ ਦਾ ਨਜ਼ਦੀਕੀ ਸਾਥੀ ਮੰਨਿਆ ਜਾਂਦਾ ਹੈ। ਪੁਲੀਸ ਨੇ ਇਸ ਮਾਮਲੇ ’ਚ ਮਾਨਸਾ ਦੇ ਸੀਆਈਏ ਇੰਚਾਰਜ ਪ੍ਰਿਤਪਾਲ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੀਪਕ ਟੀਨੂ ਦੇ ਫਰਾਰ ਹੋਣ ਤੋਂ ਬਾਅਦ ਪੁਲੀਸ ਨੇ ਰਾਜਸਥਾਨ ਤੇ ਹਰਿਆਣਾ ਦੀ ਸਰਹੱਦ ਨੂੰ ਸੀਲ ਕਰ ਦਿੱਤਾ ਹੈ।

ਇਸ ਘਟਨਾ ਤੋਂ ਬਾਅਦ ਦੇਰ ਸ਼ਾਮ ਮਾਨਸਾ ’ਚ ਪੁਲੀਸ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਏਜੀਟੀਐੱਫ ਦੇ ਏਆਈਜੀ ਗੁਰਮੀਤ ਸਿੰਘ ਚੌਹਾਨ ਅਤੇ ਐੱਸਐੱਸਪੀ ਮਾਨਸਾ ਗੌਰਵ ਤੂਰਾ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਦੀਪਕ ਟੀਨੂ ਦੇ ਫਰਾਰ ਹੋਣ ਦੇ ਮਾਮਲੇ ’ਚ ਸੀਆਈਏ ਸਟਾਫ਼ ਮਾਨਸਾ ਦੇ ਇੰਚਾਰਜ ਪ੍ਰਿਤਪਾਲ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ ਅਤੇ ਜਾਂਚ ਦੌਰਾਨ ਦੀਪਕ ਟੀਨੂ ਨੂੰ ਭਜਾਉਣ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੇ ਨਾਂ ਸਾਹਮਣੇ ਆਉਣ ’ਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਟੀਨੂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਮਾਨਸਾ ਦੇ ਐਸ.ਐਸ.ਪੀ ਗੌਰਵ ਤੂਰਾ ਨੇ ਦੱਸਿਆ ਕਿ ਗੋਇੰਦਵਾਲ ਜੇਲ੍ਹ ’ਚੋਂ ਦੀਪਕ ਟੀਨੂ ਨੂੰ ਪ੍ਰੋਡਕਸ਼ਨ ਵਰੰਟ ’ਤੇ ਸਰਦੂਲਗੜ੍ਹ ਕਤਲ ਕੇਸ ਦੀ ਜਾਂਚ ਲਈ ਲਿਆਂਦਾ ਗਿਆ ਸੀ। ਲੰਘੀ ਰਾਤ ਜਦੋਂ ਸੀਆਈਏ ਦੀ ਟੀਮ ਗੈਂਗਸਟਰ ਨੂੰ ਬਰਾਮਦਗੀ ਲਈ ਸਰਦੂਲਗੜ੍ਹ ਲੈ ਕੇ ਜਾ ਰਹੀ ਸੀ ਤਾਂ ਦੀਪਕ ਟੀਨੂੰ ਰਸਤੇ ਚੋਂ ਫ਼ਰਾਰ ਹੋ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਸੀਆਈਏ ਟੀਮ ਨੇ ਗੈਂਗਸਟਰ ਨੂੰ ਸਰਦੂਲਗੜ੍ਹ ਲਿਜਾਣ ਬਾਰੇ ਨਾ ਤਾਂ ਕੋਈ ਇਜਾਜ਼ਤ ਲਈ ਸੀ ਅਤੇ ਨਾ ਹੀ ਇਸ ਦੀ ਕੋਈ ਸੂਚਨਾ ਦਿੱਤੀ ਗਈ। ਟੀਨੂ ਖ਼ਿਲਾਫ਼ ਹਰਿਆਣਾ, ਪੰਜਾਬ, ਚੰਡੀਗੜ੍ਹ, ਰਾਜਸਥਾਨ, ਦਿੱਲੀ ਵਿੱਚ 35 ਤੋਂ ਵੱਧ ਕੇਸ ਦਰਜ ਹਨ। ਉਹ 2017 ਤੋਂ ਜੇਲ੍ਹ ਵਿੱਚ ਹੈ ਅਤੇ ਉਹ ਪਿਛਲੇ 11 ਸਾਲਾਂ ਤੋਂ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਹੋਇਆ ਹੈ। ਸੀਆਈਏ ਇੰਚਾਰਜ ਮਾਨਸਾ ਗੈਂਗਸਟਰ ਦੀਪਕ ਟੀਨੂੰ ਨੂੰ ਰਾਤ ਦੇ 11 ਵਜੇ ਮਾਨਸਾ ਤੋਂ ਝੁਨੀਰ ਇੱਕ ਪ੍ਰਾਈਵੇਟ ਗੱਡੀ ਵਿੱਚ ਲੈ ਕੇ ਗਏ ਅਤੇ ਉਸ ਦੇ ਹੱਥਕੜੀ ਨਹੀਂ ਲੱਗੀ ਹੋਈ ਸੀ। ਇੱਕ ਪੁਲੀਸ ਅਧਿਕਾਰੀ ਨੇ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਉਸ ਨੂੰ ਝੁਨੀਰ ’ਚ ਸੀਆਈਏ ਇੰਚਾਰਜ ਵੱਲੋਂ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਦੇ ਉਪਰ ਇੱਕ ਕਮਰੇ ਵਿੱਚ ਲਿਜਾਇਆ ਗਿਆ ਅਤੇ ਉਥੋਂ ਉਹ ਫਰਾਰ ਹੋ ਗਿਆ। ਉਹ ਤਿੰਨ ਦਿਨਾਂ ਤੋਂ ਉਥੇ ਲਗਾਤਾਰ ਜਾ ਰਿਹਾ ਸੀ। 

ਲਾਰੈਂਸ ਗੈਂਗ ਵੱਲੋਂ ਪੁਲੀਸ ਨੂੰ ਚਿਤਾਵਨੀ

ਮਾਨਸਾ (ਪੱਤਰ ਪ੍ਰੇਰਕ): ਗੈਂਗਸਟਰ ਦੀਪਕ ਟੀਨੂੰ ਦੇ ਪੁਲੀਸ ਹਿਰਾਸਤ ਚੋਂ ਫਰਾਰ ਹੋਣ ਤੋਂ ਬਾਅਦ ਹੁਣ ਲਾਰੈਂਸ ਗੈਂਗ ਨੇ ਪੰਜਾਬ ਪੁਲੀਸ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਦੀਪਕ ਨੂੰ ਕੁਝ ਹੋਇਆ ਤਾਂ ਇਸ ਦੇ ਭਿਆਨਕ ਨਤੀਜੇ ਨਿਕਲਣਗੇ। ਇਸੇ ਦੌਰਾਨ ਦੀਪਕ ਟੀਨੂ ਦੇ ਵਕੀਲ ਵਿਸ਼ਾਲ ਚੋਪੜਾ ਨੇ ਉਸ ਦੇ ਫਰਾਰ ਹੋਣ ਨੂੰ ਇੱਕ ਸਾਜ਼ਿਸ਼ ਦੱਸਿਆ ਹੈ। ਉਸ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਕੁੱਸਾ ਦਾ ਪੁਲੀਸ ਨੇ ਮੁਕਾਬਲਾ ਕੀਤਾ ਹੈ, ਉਸੇ ਤਰ੍ਹਾਂ ਪੰਜਾਬ ਪੁਲੀਸ ਵੱਲੋੋਂ ਦੀਪਕ ਟੀਨੂ ਸਾਜ਼ਿਸ਼ ਤਹਿਤ ਭਜਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸੀਆਈਏ ਮਾਨਸਾ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ’ਚੋਂ ਇਸ ਤਰ੍ਹਾਂ ਟੀਨੂ ਦਾ ਫਰਾਰ ਹੋ ਜਾਣਾ ਨਾਮੁਮਕਿਨ ਹੈ।

ਪੰਜਾਬ ਸਰਕਾਰ ਤੋਂ ਇਨਸਾਫ਼ ਦੀ ਆਸ ਨਹੀਂ: ਚਰਨ ਕੌਰ

ਮਾਨਸਾ (ਪੱਤਰ ਪ੍ਰੇਰਕ) ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਅੱਜ ਮੂਸੇਵਾਲਾ ਦੇ ਪ੍ਰਸੰਸਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਤੋਂ ਇਨਸਾਫ਼ ਦੀ ਆਸ ਨਹੀਂ ਹੈ ਅਤੇ ਪੰਜਾਬ ਵਿੱਚ ਸੁਰੱਖਿਆ ਨਾਮ ਦੀ ਵੀ ਕੋਈ ਚੀਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਜੇ ਤੱਕ ਸਿੱਧੂ ਮੂਸੇਵਾਲਾ ਦੇ ਅਸਲ ਕਾਤਲਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਤੇ ਉਨ੍ਹਾਂ ਵੱਲੋਂ ਕਈ ਨਾਮਵਰ ਲੋਕਾਂ ਦੇ ਪੁਲੀਸ ਨੂੰ ਨਾਮ ਵੀ ਦਰਜ ਕਰਵਾਏ ਹਨ, ਪਰ ਪੁਲੀਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਸੂਬੇ ’ਚ ਸੁਰੱਖਿਆ ਨਾਮ ਦੀ ਕੋਈ ਚੀਜ਼ ਨਹੀਂ ਅਤੇ ਗੈਂਗਸਟਰ ਸ਼ਰ੍ਹੇਆਮ ਜੇਲ੍ਹਾਂ ਦੇ ’ਚੋਂ ਫ਼ਰਾਰ ਹੋ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਹ ਆਪਣੇ ਬੇਟੇ ਨੂੰ ਇਨਸਾਫ ਦਿਵਾਉਣ ਲਈ ਹਰ ਹੀਲਾ ਵਰਤਣਗੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਪੰਜਾਬ ਦੇ ਹਰੇਕ ਜ਼ਿਲ੍ਹੇ ਵਿੱਚ ਕੈਂਡਲ ਮਾਰਚ ਕੀਤਾ ਜਾਵੇਗਾ।

ਗੈਂਗਸਟਰ ਦੀ ਭਾਲ ਲਈ ਪੰਜਾਬ ’ਚ ਅਲਰਟ ਜਾਰੀ

ਚੰਡੀਗੜ੍ਹ (ਚਰਨਜੀਤ ਭੁੱਲਰ): ਪੰਜਾਬ ਪੁਲੀਸ ਨੇ ਲੰਘੀ ਰਾਤ ਪੁਲੀਸ ਹਿਰਾਸਤ ’ਚੋਂ ਫ਼ਰਾਰ ਹੋਏ ਏ-ਕੈਟਾਗਰੀ ਦੇ ਗੈਂਗਸਟਰ ਦੀਪਕ ਟੀਨੂ ਦੀ ਭਾਲ ਨੂੰ ਲੈ ਕੇ ਸਮੁੱਚੇ ਸੂਬੇ ਵਿਚ ਅਲਰਟ ਜਾਰੀ ਕਰ ਦਿੱਤਾ ਹੈ। ਗੁਆਂਢੀ ਰਾਜ ਹਰਿਆਣਾ ਤੇ ਰਾਜਸਥਾਨ ਪੁਲੀਸ ਨੂੰ ਵੀ ਚੌਕਸ ਕੀਤਾ ਗਿਆ ਹੈ। ਪੰਜਾਬ ਨਾਲ ਲਗਦੇ ਅੰਤਰਰਾਜੀ ਬਾਰਡਰ ਵੀ ਸੀਲ ਕਰ ਦਿੱਤੇ ਗਏ ਹਨ। ਚਕਮਾ ਦੇ ਕੇ ਫ਼ਰਾਰ ਹੋਣ ਦੀ ਘਟਨਾ ਨੇ ਸੂਬਾ ਸਰਕਾਰ ਨੂੰ ਮੁੜ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਹੈ।  ਡੀਜੀਪੀ ਗੌਰਵ ਯਾਦਵ ਨੇ ਅੱਜ ਦੱਸਿਆ ਕਿ ਮਾਨਸਾ ਪੁਲੀਸ ਦੀ ਹਿਰਾਸਤ ’ਚੋਂ ਫ਼ਰਾਰ ਹੋਏ ਗੈਂਗਸਟਰ ਨੂੰ ਮੁੜ ਫੜਨ ਲਈ ਪੁਲੀਸ ਨੇ ਅਪਰੇਸ਼ਨ ਸ਼ੁਰੂ ਕਰ ਦਿੱਤਾ ਹੈ। ਏਆਈਜੀ ਗੁਰਮੀਤ ਚੌਹਾਨ ਦੀ ਅਗਵਾਈ ਵਿਚ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਟੀਮ ਅੱਜ ਮਾਨਸਾ ਪੁੱਜੀ। ਪੁਲੀਸ ਟੀਮਾਂ ਨੇ ਅੱਜ ਹਰਿਆਣਾ ਅਤੇ ਰਾਜਸਥਾਨ ਵਿਚ ਵੀ ਛਾਪੇਮਾਰੀ ਕੀਤੀ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸਾਥੀ ਦੀਪਕ ਟੀਨੂ ਦੀ ਰਾਜਸਥਾਨ ’ਚ ਭਾਲ ਕੀਤੀ ਜਾ ਰਹੀ ਹੈ ਕਿਉਂਕਿ ਬਿਸ਼ਨੋਈ ਦਾ ਰਾਜਸਥਾਨ ਵਿਚ ਵੱਡਾ ਨੈੱਟਵਰਕ ਹੈ।ਡੀਜੀਪੀ ਨੇ ਦੱਸਿਆ ਕਿ ਕੁਤਾਹੀ ਵਰਤਣ ਵਾਲੇ ਸੀਆਈਏ ਮਾਨਸਾ ਦੇ ਇੰਚਾਰਜ ਪ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਕੇਸ ਦਰਜ ਕਰਕੇ ਧਾਰਾ 311 ਤਹਿਤ ਬਰਖ਼ਾਸਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਢਿੱਲ ਜਾਂ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਮਾਨਸਾ ਪੁਲੀਸ ਵੱਲੋਂ ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਦਾਇਰ ਚਾਰਜਸ਼ੀਟ ਵਿਚ ਦੀਪਕ ਟੀਨੂ ਦਾ ਨਾਮ ਵੀ ਸ਼ਾਮਲ ਹੈ। ਪੁਲੀਸ 4 ਜੁਲਾਈ ਨੂੰ ਤਿਹਾੜ ਜੇਲ੍ਹ ਤੋਂ ਦੀਪਕ ਟੀਨੂ ਨੂੰ ਟਰਾਂਜ਼ਿਟ ਰਿਮਾਂਡ ’ਤੇ ਲੈ ਕੇ ਆਈ ਸੀ। ਗੋਇੰਦਵਾਲ ਸਾਹਿਬ ਜੇਲ੍ਹ ਦੀ ਬੈਰਕ ਵਿਚ ਟੀਨੂ ਦੇ ਕਬਜ਼ੇ ਵਿਚੋਂ ਦੋ ਮੋਬਾਈਲ ਫ਼ੋਨ ਬਰਾਮਦ ਹੋਏ ਸਨ, ਜਿਨ੍ਹਾਂ ਜ਼ਰੀਏ ਉਹ ਆਪਣੇ ਗਰੋਹ ਮੈਂਬਰਾਂ ਦੇ ਸੰਪਰਕ ਵਿਚ ਸੀ ਤੇ ਉਨ੍ਹਾਂ ਨਾਲ ਮਿਲ ਕੇ ਹਿਰਾਸਤ ’ਚੋਂ ਭੱਜਣ ਦੀ ਯੋਜਨਾ ਬਣਾਈ ਸੀ। ਟੀਨੂ 2017 ਵਿਚ ਹਰਿਆਣਾ ਪੁਲੀਸ ਦੇ ਮੁਲਾਜ਼ਮਾਂ ਦੀਆਂ ਅੱਖਾਂ ਵਿਚ ਮਿਰਚ ਦਾ ਸਪਰੇਅ ਪਾ ਕੇ ਭੱਜਣ ਵਿਚ ਸਫਲ ਹੋ ਗਿਆ ਸੀ। ਬਠਿੰਡਾ ਰੇਂਜ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ ਨੇ ਕਿਹਾ ਕਿ ਫਰਾਰ ਗੈਂਗਸਟਰ ਨੂੰ ਫੜਨ ਲਈ ਕੋਸ਼ਿਸ਼ਾਂ ਜਾਰੀ ਹਨ ਤੇ ਉਹ ਹਰਿਆਣਾ ਪੁਲੀਸ ਦੇ ਸੰਪਰਕ ਵਿਚ ਹਨ।

ਟੀਨੂ ਨੂੰ ਫ਼ਰਾਰ ਕਰਵਾਉਣ ਪਿੱਛੇ ਮਹਿਲਾ ਦੀ ਭੂਮਿਕਾ

ਸੂਤਰਾਂ ਅਨੁਸਾਰ ਗੈਂਗਸਟਰ ਦੀਪਕ ਟੀਨੂ ਨੂੰ ਫ਼ਰਾਰ ਕਰਵਾਉਣ ਪਿੱਛੇ ਮਹਿਲਾ ਦੀ ਭੂਮਿਕਾ ਹੋਣ ਦੇ ਵੀ ਚਰਚੇ ਹਨ, ਜਿਸ ਦੀ ਭਾਫ ਨਹੀਂ ਕੱਢੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮਾਨਸਾ ਪੁਲੀਸ ਦੀਪਕ ਟੀਨੂ ਨੂੰ ਚੌਥੀ ਵਾਰ ਪ੍ਰੋਡਕਸ਼ਨ ਵਰੰਟ ’ਤੇ ਲੈ ਕੇ ਆਈ ਸੀ। ਸੂਤਰ ਦੱਸਦੇ ਹਨ ਕਿ ਸੀਆਈਏ ਸਟਾਫ ਵੱਲੋਂ ਇੱਕ ਦੋ ਦਫਾ ਇਸ ਮਹਿਲਾ ਦੀ ਗੈਂਗਸਟਰ ਟੀਨੂ ਨਾਲ ਮੁਲਾਕਾਤ ਵੀ ਕਰਵਾਈ ਗਈ ਹੈ ਪ੍ਰੰਤੂ ਕੋਈ ਵੀ ਪੁਲੀਸ ਅਧਿਕਾਰੀ ਇਸ ਦੀ ਪੁਸ਼ਟੀ ਨਹੀਂ ਕਰ ਰਿਹਾ ਹੈ। ਚਰਚੇ ਹਨ ਕਿ ਕਿਸੇ ਪੁਲੀਸ ਅਧਿਕਾਰੀ/ਮੁਲਾਜ਼ਮ ਦੇ ਕੁਆਰਟਰ ’ਚੋਂ ਹੀ ਗੈਂਗਸਟਰ ਲੰਘੀ ਰਾਤ ਫ਼ਰਾਰ ਹੋਇਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਸ਼ਹਿਰ

View All