ਪੱਤਰ ਪ੍ਰੇਰਕ
ਸੰਗਤ ਮੰਡੀ, 18 ਅਗਸਤ
ਪਿੰਡ ਸੰਗਤ ਕਲਾਂ ਦੇ ਇਕ ਨੌਜਵਾਨ ਦੀ ਚਿੱਟੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਸੁਖਵੀਰ ਸਿੰਘ (22) ਪੁੱਤਰ ਭਗਵੰਤ ਸਿੰਘ ਦੇ ਚਾਚਾ ਰੇਸ਼ਮ ਸਿੰਘ ਅਤੇ ਚਚੇਰੇ ਭਰਾ ਭਿੰਦਰਪਾਲ ਸਿੰਘ ਨੇ ਦੱਸਿਆ ਕਿ ਸੁਖਵੀਰ ਦੋ-ਤਿੰਨ ਸਾਲਾਂ ਤੋਂ ਚਿੱਟੇ ਦਾ ਸੇਵਨ ਕਰਦਾ ਸੀ। ਬੀਤੀ ਸ਼ਾਮ ਉਹ ਘਰ ਵਿਚ ਹੀ ਸੀ ਤੇ ਜਦੋਂ ਉਸ ਦੀ ਮਾਂ ਉਸ ਕੋਲ ਗਈ ਤਾਂ ਉਸ ਦੇ ਪੈਰ ਵਿਚ ਸਰਿੰਜ ਲੱਗੀ ਹੋਈ ਸੀ ਅਤੇ ਇਕ ਸਰਿੰਜ ਨਸ਼ੇ ਨਾਲ ਭਰ ਕੇ ਉਸ ਨੇ ਕੋਲ ਰੱਖੀ ਹੋਈ ਸੀ। ਜਦੋਂ ਉਨ੍ਹਾਂ ਨੇ ਸੁਖਵੀਰ ਸਿੰਘ ਨੂੰ ਬੁਲਾਇਆ ਤਾਂ ਉਹ ਨਾ ਬੋਲਿਆ। ਨਸ਼ੇ ਕਾਰਨ ਉਸ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦੀ ਮਾਂ ਪਰਮਜੀਤ ਕੌਰ ਅਤੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਨਸ਼ਿਆਂ ਦੀ ਰੋਕਥਾਮ ਦੀ ਮੰਗ ਕੀਤੀ ਹੈ।