ਪੱਤਰ ਪ੍ਰੇਰਕ
ਰੂਪਨਗਰ, 19 ਜੂਨ
ਡੀਸੀ ਰੂਪਨਗਰ ਸੋਨਾਲੀ ਗਿਰੀ ਨੇ ਰੂਪਨਗਰ ਹਾਕੀ ਅਕੈਡਮੀ ਦੇ 12 ਤੋਂ 18 ਸਾਲ ਤੱਕ ਦੇ ਖਿਡਾਰੀਆਂ ਨੂੰ ਹਾਕੀ ਸਟਿੱਕਾਂ ਵੰਡੀਆਂ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਖਿਢਾਰੀਆਂ ਨੂੰ ਕੌਮੀ ਖੇਡ ਹਾਕੀ ਨੂੰ ਸਮਰਪਿਤ ਹੋ ਕੇ ਖੇਡਣ ਲਈ ਪ੍ਰੇਰਣਾ ਕੀਤੀ ਤੇ ਉਨ੍ਹਾਂ ਅਕੈਡਮੀ ਪ੍ਰਬੰਧਕਾਂ ਦੇ ਸ਼ਾਨਦਾਰ ਉਪਰਾਲੇ ਦੀ ਵੀ ਸ਼ਲਾਘਾ ਕੀਤੀ। ਅਕੈਡਮੀ ਦੇ ਪ੍ਰਧਾਨ ਦਵਿੰਦਰ ਸਿੰਘ ਜਟਾਣਾ ਪ੍ਰਧਾਨ ਹਾਕੀ ਅਕੈਡਮੀ ਰੂਪਨਗਰ ਨੇ ਡਿਪਟੀ ਕਮਿਸ਼ਨਰ ਦਾ ਹਾਕੀ ਅਕੈਡਮੀ ਵੱਲੋਂ ਸਵਾਗਤ ਕਰਦਿਆਂ ਦੱਸਿਆ ਕਿ ਇਹ ਅਕੈਡਮੀ ਪਿਛਲੇ ਲਗਪਗ 10 ਸਾਲ ਤੋਂ ਸ਼ਹਿਰ ਤੇ ਇਲਾਕੇ ਦੇ 18 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀਆਂ ਨੂੰ ਮੁਫ਼ਤ ਕੋਚਿੰਗ ਦੇ ਰਹੀ ਹੈ, ਜਿਸ ਵਿੱਚ ਖੇਡ ਦਾ ਸਾਰਾ ਸਾਜ਼ੋ-ਸਾਮਾਨ ਤੇ ਰਿਫਰੈਸ਼ਮੈਂਟ ਸ਼ਾਮਲ ਹਨ। ਉਸੇ ਦੀ ਕੜੀ ਵਿੱਚ ਅੱਜ ਖਿਡਾਰੀਆਂ ਨੂੰ ਮੁਫਤ ਹਾਕੀ ਸਟਿੱਕਾਂ ਤਕਸੀਮ ਕਰਵਾਈਆਂ ਗਈਆਂ। ਕੋਚ ਇੰਦਰਜੀਤ ਸਿੰਘ ਨੇ ਸਾਰੇ ਖਿਡਾਰੀਆਂ ਦਾ ਡਿਪਟੀ ਕਮਿਸ਼ਨਰ ਨਾਲ ਜਾਣ ਪਛਾਣ ਕਰਵਾਈ।