ਲੜੀ ਨੰਬਰ 15

ਇੱਕ ਦਿਨ ਦੇ ਵਕਫ਼ੇ ਨਾਲ ਧੀ ਤੇ ਪੁੱਤ ਦੀਆਂ ਉੱਠੀਆਂ ਅਰਥੀਆਂ

ਇੱਕ ਦਿਨ ਦੇ ਵਕਫ਼ੇ ਨਾਲ ਧੀ ਤੇ ਪੁੱਤ ਦੀਆਂ ਉੱਠੀਆਂ ਅਰਥੀਆਂ

ਜਗਤਾਰ ਸਿੰਘ ਦੀ ਫੋਟੋ ਨਾਲ ਪਤਨੀ ਜਤਿੰਦਰ ਕੌਰ ਅਤੇ ਬੇਟਾ ਜੋਬਨਪ੍ਰੀਤ ਸਿੰਘ।

ਹਮੀਰ ਸਿੰਘ
ਬੂਈਆਂ ਵਾਲਾ (ਜ਼ੀਰਾ), 14 ਜੁਲਾਈ

ਸਹੁਰਿਆਂ ਵੱਲੋਂ ਪ੍ਰੇਸ਼ਾਨ ਕਰਨ ਕਰਕੇ ਨਿਰਾਸ਼ਾ ਅਤੇ ਕਾਲੇ ਪੀਲੀਏ ਦੇ ਰੋਗ ਤੋਂ ਪੀੜਤ ਪੇਕੀਂ ਬੈਠੀ ਚਰਨਜੀਤ ਕੌਰ ਦਮ ਤੋੜ ਗਈ। ਨਸ਼ੇ ਦੀ ਦਲਦਲ ਵਿੱਚ ਫਸੇ ਭਰਾ ਜਗਤਾਰ ਸਿੰਘ ਨੂੰ ਭੈਣ ਦਾ ਮੂੰਹ ਦੇਖਣ ਲਈ ਬੁਲਾਇਆ ਅਤੇ ਊਹ ਅੰਤਿਮ ਸੰਸਕਾਰ ਵਿੱਚ ਸ਼ਾਮਿਲ ਵੀ ਹੋਇਆ ਪਰ ਅਗਲੇ ਹੀ ਦਿਨ ਓਵਰਡੋਜ਼ ਨਾਲ ਖੁਦ ਚੱਲ ਵਸਿਆ।

ਜ਼ੀਰਾ ਤਹਿਸੀਲ ਦੇ ਬੂਈਆਂ ਵਾਲਾ ਪਿੰਡ ਦੇ ਰਣਜੀਤ ਸਿੰਘ ਦੇ ਘਰੋਂ ਜਵਾਨ ਧੀ ਅਤੇ ਪੁੱਤਰ ਦੀਆਂ ਉਪਰੋਥਲੀ ਦੋ ਦਿਨ ਲਾਸ਼ਾਂ ਉੱਠੀਆਂ। ਰਣਜੀਤ ਸਿੰਘ ਨੇ ਮੁਸ਼ੱਕਤ ਨਾਲ ਵਿਰਾਸਤ ਵਿੱਚ ਮਿਲੀ ਜ਼ਮੀਨ ਵੀ ਵਧਾ ਕੇ 12 ਏਕੜ ਕਰ ਲਈ ਸੀ। ਧੀ ਚਰਨਜੀਤ ਕੌਰ ਦਾ ਵਿਆਹ ਵੀ ਕਰ ਦਿੱਤਾ ਸੀ। ਰਣਜੀਤ ਸਿੰਘ ਨੇ ਦੱਸਿਆ ਕਿ ਸਹੁਰਾ ਚੰਗਾ ਇਨਸਾਨ ਸੀ ਪਰ ਬਾਕੀ ਪਰਿਵਾਰ ਲਾਲਚੀ ਨਿਕਲਿਆ ਅਤੇ ਕੁੜੀ ਦੇ ਇਲਾਜ ਲਈ ਵੀ ਪੇਕੇ ਘਰ ਛੱਡ ਦਿੱਤਾ ਜਾਂਦਾ। ਜਦੋਂ ਚਰਨਜੀਤ ਦੀ ਕੁੱਖੋਂ ਧੀ ਨੇ ਜਨਮ ਲਿਆ ਤਾਂ ਕਲੇਸ ਹੋਰ ਵਧ ਗਿਆ। ਆਖਿਰ ਮਾਂ-ਧੀ ਨੂੰ ਘਰੋਂ ਤੋਰ ਦਿੱਤਾ ਅਤੇ ਚਰਨਜੀਤ ਮਾਪਿਆਂ ਦੇ ਘਰ ਆ ਗਈ। ਇਸ ਦੌਰਾਨ ਚਰਨਜੀਤ ਕੌਰ ਨਿਰਾਸ਼ਾ ਵਿੱਚ ਚਲੀ ਗਈ। ਕਾਲੇ ਪੀਲੀਏ ਦਾ ਰੋਗ ਵੀ ਚਿੰਬੜ ਗਿਆ। ਆਖਿਰ 20 ਫਰਵਰੀ 2020 ਨੂੰ ਛੋਟੀ ਬੱਚੀ ਨੂੰ ਛੱਡ ਕੇ ਸਦਾ ਲਈ ਵਿਛੋੜਾ ਦੇ ਗਈ। ਜਗਤਾਰ ਸਿੰਘ ਚੜ੍ਹਦੀ ਜਵਾਨੀ ਵਿੱਚ ਹੀ ਅਫ਼ੀਮ ਅਤੇ ਸਮੈਕ ਦੇ ਰਾਹ ਤੁਰ ਪਿਆ ਸੀ। ਹੌਲੀ-ਹੌਲੀ ਚਿੱਟੇ ਤੱਕ ਚਲਾ ਗਿਆ।

ਜਗਤਾਰ ਦੀ ਪਤਨੀ ਜਤਿੰਦਰ ਕੌਰ ਨੇ ਦੱਸਿਆ ਕਿ ਭੈਣ ਦੀ ਮੌਤ ਵਾਲੇ ਦਿਨ ਮੂੰਹ ਦੇਖਣ ਲਈ ਬੁਲਾਇਆ ਸੀ। ਉਸ ਵਕਤ ਵੀ ਨਸ਼ੇ ਵਿੱਚ ਟੱਲੀ ਸੀ ਪਰ ਅਗਲੇ ਹੀ ਦਿਨ ਸਵੇਰੇ ਬਾਥਰੂਮ ਵਿੱਚੋਂ ਟੀਕਾ ਅਤੇ ਪੰਜ ਸੌ ਰੁਪਏ ਸਮੇਤ ਲਾਸ਼ ਹੀ ਮਿਲੀ। ਜਗਤਾਰ 36 ਕੁ ਸਾਲ ਦੀ ਉਮਰ ਵਿੱਚ ਹੀ ਜਹਾਨੋਂ ਕੂਚ ਕਰ ਗਿਆ। ਉਨ੍ਹਾਂ ਦਾ ਇੱਕ ਬੇਟਾ ਹੈ ਜੋਬਨਪ੍ਰੀਤ, ਜੋ ਨੌਵੀਂ ਜਮਾਤ ਵਿੱਚ ਪੜ੍ਹਦਾ ਹੈ। ਭੈਣ ਦੇ ਇਲਾਜ ਅਤੇ ਜਗਤਾਰ ਦੇ ਨਸ਼ੇ ਕਰਕੇ ਜ਼ਮੀਨ ਦਾ ਇੱਕ ਹਿੱਸਾ ਵੀ ਵੇਚਣਾ ਪਿਆ। ਜਗਤਾਰ ਸਿੰਘ ਦੀ ਪਤਨੀ ਜਤਿੰਦਰ ਕੌਰ ਨੇ ਦੱਸਿਆ ਕਿ ਜਗਤਾਰ ਰੋਜ਼ਾਨਾ 10 ਹਜ਼ਾਰ ਰੁਪਏ ਦਾ ਨਸ਼ਾ ਕਰਦਾ ਸੀ। ਘਰ ਨਵਾਂ ਬੁਲੇਟ ਮੋਟਰਸਾਈਕਲ ਸੀ ਜੋ 70 ਹਜ਼ਾਰ ਰੁਪਏ ਵਿੱਚ ਵੇਚ ਦਿੱਤਾ। ਨਸ਼ਾ ਛੁਡਾਉਣ ਲਈ ਬਹੁਤ ਕੋਸ਼ਿਸ਼ ਕੀਤੀ। ਜਗਤਾਰ ਦੇ ਨਾਮ 2.5 ਏਕੜ ਜ਼ਮੀਨ ਸੀ ਜੋ ਉਸ ਨੇ ਨਸ਼ੇ ਦੀ ਤਲਬ ਪੂਰੀ ਕਰਨ ਲਈ 17 ਲੱਖ ਰੁਪਏ ਵਿੱਚ ਗਹਿਣੇ ਰੱਖ ਦਿੱਤੀ। ਇਸ ਤੋਂ ਇਲਾਵਾ ਬਾਕੀ ਜ਼ਮੀਨ ਉੱਤੇ 1.70 ਲੱਖ ਦਾ ਕਰਜ਼ ਕਰਵਾ ਲਿਆ। ਹੁਣ ਪੈਸਾ ਨਾ ਹੋਣ ਕਰਕੇ ਜ਼ਮੀਨ ਗਹਿਣੇ ਹੈ ਅਤੇ ਕਰਜ਼ ਨਾ ਮੋੜਿਆ ਜਾਣ ਕਰਕੇ ਬੈਂਕ ਵਾਲੇ ਪ੍ਰੇਸ਼ਾਨ ਕਰਦੇ ਹਨ। ਜਤਿੰਦਰ ਕੌਰ ਨੇ ਕਿਹਾ ਕਿ ਨੇੜਲੇ ਪਿੰਡ ਹਰਦਾਸੇ ਤੋਂ ਨਸ਼ਾ ਆਮ ਮਿਲਦਾ ਸੀ। ਪੁਲੀਸ ਅਤੇ ਸਰਕਾਰ ਖੁਦ ਮਿਲੀ ਹੋਈ ਹੈ, ਇਸ ਲਈ ਲੋਕਾਂ ਦੇ ਘਰ ਉੱਜੜ ਰਹੇ ਹਨ। ਜਤਿੰਦਰ ਭਰੇ ਮਨ ਨਾਲ ਦੱਸਦੀ ਹੈ ਕਿ ਕਿਤੇ ਨਾ ਕਿਤੇ ਜਗਤਾਰ ਦੀ ਮੌਤ ਲਈ ਉਸ ਨੂੰ ਦੋਸ਼ੀ ਦਿਖਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਹੁਣ ਉਸ ਦੇ ਸਾਹਮਣੇ ਬੱਚੇ ਦੀ ਪੜ੍ਹਾਈ ਅਤੇ ਨਣਦ ਦੀ ਬੇਟੀ ਨੂੰ ਪਾਲਣ ਦਾ ਸੰਕਟ ਵੀ ਖੜ੍ਹਾ ਹੈ। ਜੋਬਨਪ੍ਰੀਤ ਦੀ ਫੀਸ ਭਰਨ ਦੀ ਵੀ ਸਮੱਸਿਆ ਖੜ੍ਹੀ ਹੈ। ਪੈਸੇ ਨਾ ਹੋਣ ਕਰਕੇ ਜ਼ਮੀਨ ਛੁਡਾਈ ਨਹੀਂ ਜਾ ਸਕੀ। ਕਰਜ਼ਾ ਨਹੀਂ ਉਤਾਰਿਆ ਜਾ ਸਕਿਆ, ਜਿਸ ਕਾਰਨ ਬੈਂਕ ਤੋਂ ਵੀ ਹੋਰ ਸਹਾਇਤਾ ਨਹੀਂ ਮਿਲ ਸਕਦੀ।

ਪਿੰਡ ਦਾ ਸਰਪੰਚ ਮਸਤਾਨ ਸਿੰਘ ਫੌਜ ਵਿੱਚੋਂ ਸੂਬੇਦਾਰ ਮੇਜਰ ਦੇ ਅਹੁਦੇ ਤੋਂ ਸੇਵਾਮੁਕਤ ਹੈ। ਉਸ ਨੇ ਕਿਹਾ ਕਿ ਨਸ਼ੇ ਦੀ ਸਪਲਾਈ ਵਿੱਚ ਕੋਈ ਫਰਕ ਨਹੀਂ ਪਿਆ। ਟੈਲੀਫੋਨ ਉੱਤੇ ਘਰ ਨਸ਼ਾ ਉਪਲਬਧ ਹੋ ਜਾਂਦਾ ਹੈ। ਲੋਕਾਂ ਵੱਲੋਂ ਆਵਾਜ਼ ਉਠਾਉਣ ਉੱਤੇ ਨਸ਼ਾ ਤਸਕਰ ਫੜੇ ਤਾਂ ਜਾਂਦੇ ਹਨ ਪਰ ਕੁਝ ਦੇਰ ਪਿੱਛੋਂ ਜ਼ਮਾਨਤ ਉੱਤੇ ਆ ਕੇ ਉਹ ਮੁੜ ਤਸਕਰੀ ਸ਼ੁਰੂ ਕਰ ਦਿੰਦੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All