Daljit Singh Cremation: ਪਰਿਵਾਰ ’ਚ ਸਹਿਮਤੀ ਨਾ ਬਣਨ ਕਾਰਨ ਦਲਜੀਤ ਸਿੰਘ ਦਾ ਸਸਕਾਰ ਅੱਜ ਵੀ ਨਾ ਹੋਇਆ
ਪਿਤਾ ਨੇ ਪਤਨੀ ਤੇ ਨੂੰਹ ਨੂੰ ਧਰਨਾ ਛੱਡ ਕੇ ਘਰ ਪਰਤਣ ਦੀ ਕੀਤੀ ਸੀ ਅਪੀਲ; ਨੂੰਹ ਨੇ ਧੱਕੇ ਨਾਲ ਸਸਕਾਰ ਕਰਨ ’ਤੇ ਹਾਈ ਕੋਰਟ ਜਾਣ ਦੀ ਦਿੱਤੀ ਚਿਤਾਵਨੀ
Daljit Singh Cremation: ਪਿੰਡ ਭੰਮੇ ਕਲਾਂ ਦੇ ਦਲਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਵਿੱਚ ਸਹਿਮਤੀ ਨਾ ਬਣਨ ਕਾਰਨ ਅੱਜ ਵੀ ਸਸਕਾਰ ਨਹੀਂ ਹੋ ਸਕਿਆ। ਦੱਸਣਯੋਗ ਹੈ ਕਿ ਦਲਜੀਤ ਸਿੰਘ ਦੀ 27 ਅਕਤੂਬਰ ਨੂੰ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਮੌਤ ਹੋ ਗਈ ਸੀ। ਪੁਲੀਸ ਵੱਲੋਂ ਮ੍ਰਿਤਕ ਦੇਹ ਕਬਜ਼ੇ ਵਿੱਚ ਲੈਣ ਮਗਰੋਂ 29 ਅਕਤੂਬਰ ਨੂੰ ਉਸ ਦੇ ਪਿਤਾ ਜਰਨੈਲ ਸਿੰਘ ਦੀ ਸਹਿਮਤੀ ਨਾਲ ਏਮਜ਼ ਬਠਿੰਡਾ ਵਿੱਚ ਪੋਸਟਮਾਰਟਮ ਕਰਵਾਇਆ ਗਿਆ ਸੀ।
ਬੀਤੇ ਦਿਨੀਂ ਮ੍ਰਿਤਕ ਦੇ ਪਿਤਾ ਨੇ ਆਪਣੀ ਪਤਨੀ ਅਤੇ ਦਲਜੀਤ ਦੀ ਪਤਨੀ ਨੂੰ ਅਪੀਲ ਕੀਤੀ ਸੀ ਕਿ ਉਹ ਝੋਟਾ ਹੱਤਿਆ ਮਾਮਲੇ ਵਿੱਚ ਚੱਲ ਰਹੇ ਧਰਨੇ ਵਿੱਚੋਂ ਘਰ ਪਰਤ ਆਉਣ ਤਾਂ ਜੋ ਪੁੱਤਰ ਦਾ ਸਸਕਾਰ ਕਰ ਕੇ ਅੰਤਿਮ ਰਸਮਾਂ ਪੂਰੀਆਂ ਕੀਤੀਆਂ ਜਾ ਸਕਣ। ਹਾਲਾਂਕਿ ਪਰਿਵਾਰ ਵਿੱਚ ਸਸਕਾਰ ਨੂੰ ਲੈ ਕੇ ਹਾਲੇ ਤੱਕ ਇਕਸੁਰਤਾ ਨਹੀਂ ਬਣ ਸਕੀ। ਦਲਜੀਤ ਦੀ ਪਤਨੀ ਪਰਮਜੀਤ ਕੌਰ ਨੇ ਬੀਤੇ ਦਿਨੀਂ ਸਪੱਸ਼ਟ ਕਿਹਾ ਸੀ ਕਿ ਜੇਕਰ ਧੱਕੇ ਨਾਲ ਸਸਕਾਰ ਕੀਤਾ ਗਿਆ ਤਾਂ ਉਹ ਹਾਈ ਕੋਰਟ ਦਾ ਦਰਵਾਜ਼ਾ ਖੜਕਾਏਗੀ।
ਇਸੇ ਦੌਰਾਨ ਅੱਜ ਦਲਜੀਤ ਦੀ ਭੈਣ ਅਮਰਜੀਤ ਕੌਰ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਚੰਡੀਗੜ੍ਹ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ। ਸ੍ਰੀ ਬਾਦਲ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਇਨਸਾਫ਼ ਦਿਵਾਉਣ ਲਈ ਹਰ ਤਰ੍ਹਾਂ ਦੀ ਕਾਨੂੰਨੀ ਮਦਦ ਦੇਣ ਦਾ ਭਰੋਸਾ ਦਿੱਤਾ।
ਉਨ੍ਹਾਂ ਐਕਸ ’ਤੇ ਪਾਈ ਪੋਸਟ ਵਿੱਚ ਪੁਲੀਸ ਅਤੇ ਪ੍ਰਸ਼ਾਸਨ ’ਤੇ ਪਰਿਵਾਰ ਨੂੰ ਸਮਝੌਤੇ ਲਈ ਮਜਬੂਰ ਕਰਨ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਅਕਾਲੀ ਦਲ ਇਨਸਾਫ਼ ਮਿਲਣ ਤੱਕ ਇਸ ਮਾਮਲੇ ਦੀ ਪੈਰਵੀ ਕਰਦਾ ਰਹੇਗਾ।
ਸਬੰਧਤ ਖਬਰ: Punjab Drug Death: ਦਲਜੀਤ ਸਿੰਘ ਦੇ ਪਰਿਵਾਰ ਨੂੰ ਹਰ ਤਰ੍ਹਾਂ ਦੀ ਕਾਨੂੰਨੀ ਮਦਦ ਦੇਵਾਂਗੇ: ਸੁਖਬੀਰ ਬਾਦਲ

