ਬੁੱਢੇ ਦਰਿਆ ’ਚ ਡੇਅਰੀਆਂ ਗੋਹਾ ਨਾ ਸੁੱਟਣ ਲਈ ਸਹਿਮਤ
ਸੀਚੇਵਾਲ ਦੀ ਅਗਵਾਈ ਹੇਠ ਦਰਿਆ ਦੀ ਸਫ਼ਾਈ ਲਈ ਬਣੀ ਕਮੇਟੀ ਦੀ ਪਲੇਠੀ ਮੀਟਿੰਗ
ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਣਾਈ ਕਮੇਟੀ ਦੀ ਪਹਿਲੀ ਮੀਟਿੰਗ ਰਾਜ ਸਭਾ ਮੈਂਬਰ ਅਤੇ ਕਮੇਟੀ ਦੇ ਚੇਅਰਮੈਨ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਹੋਈ। ਕਮੇਟੀ ਦੇ ਉਪ-ਚੇਅਰਮੈਨ ਅਤੇ ਲੋਕਲ ਬਾਡੀ ਦੇ ਸਕੱਤਰ ਘਣਸ਼ਿਆਮ ਥੋਰੀ ਦੀ ਹਾਜ਼ਰੀ ’ਚ ਸਹਿਮਤੀ ਬਣੀ ਕਿ ਬੁੱਢੇ ਦਰਿਆ ਵਿੱਚ ਪੈ ਰਹੇ ਗੋਹੇ ਅਤੇ ਹੋਰ ਗੰਦਗੀ ਨੂੰ ਰੋਕਣ ਲਈ ਡੇਅਰੀਆਂ ਪੂਰਨ ਸਹਿਯੋਗ ਦੇਣਗੀਆਂ। ਉਨ੍ਹਾਂ ਡੇਅਰੀਆਂ ਦਾ ਗੋਹਾ ਰੋੜ੍ਹਣ ਲਈ ਵਰਤੇ ਜਾਂਦੇ ਪੀਣ ਵਾਲੇ ਸਾਫ਼ ਪਾਣੀ ਦੀ ਵਰਤੋਂ ਘੱਟ ਕਰਨ ਬਾਰੇ ਵੀ ਸਹਿਮਤੀ ਪ੍ਰਗਟਾਈ। ਕਮੇਟੀ ਦੇ ਚੇਅਰਮੈਨ ਸੰਤ ਸੀਚੇਵਾਲ ਨੇ ਭਰੋਸਾ ਦਿੱਤਾ ਕਿ ਜਿਹੜੇ ਡੇਅਰੀਆਂ ਵਾਲਿਆਂ ਵਿਰੁੱਧ ਐੱਫ ਆਈ ਆਰਜ਼ ਦਰਜ ਹੋਈਆਂ ਹਨ, ਉਹ ਵਾਪਸ ਹੋਣਗੀਆਂ। ਡੇਅਰੀਆਂ ਦਾ ਗੋਹਾ ਚੁੱਕਣ ਲਈ ਨਗਰ ਨਿਗਮ ਨਾਲ ਤਿੰਨ ਸਾਲ ਦਾ ਟੈਂਡਰ ਹੋਇਆ ਹੈ। ਸੀਚੇਵਾਲ ਨੇ ਕਿਹਾ ਕਿ ਉਹ ਦੋ ਸਾਲ ਤੋਂ ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਯਤਨਸ਼ੀਲ ਹਨ। ਇਸ ਵਾਸਤੇ ਉਹ 46 ਮੀਟਿੰਗਾਂ ਕਰ ਚੁੱਕੇ ਹਨ। ਬੁੱਢੇ ਦਰਿਆ ਦੀ ਸਫ਼ਾਈ ਲਈ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਲੁਧਿਆਣਾ ਆ ਕੇ 7 ਵਾਰ ਮੀਟਿੰਗਾਂ ਕਰ ਚੁੱਕੇ ਹਨ। ਮੁੱਖ ਮੰਤਰੀ ਨੇ ਦੋ ਵਾਰ ਉੱਚ ਪੱਧਰੀ ਮੀਟਿੰਗਾਂ ਕੀਤੀਆਂ ਹਨ। ਇਨ੍ਹਾਂ ਮੀਟਿੰਗਾਂ ਦਾ ਮਕਸਦ ਸਿਰਫ਼ ਇੰਨਾ ਹੀ ਸੀ ਕਿ ਬੁੱਢੇ ਦਰਿਆ ਵਿੱਚ ਕਿਸੇ ਵੀ ਤਰ੍ਹਾਂ ਦਾ ਪ੍ਰਦੂਸ਼ਣ ਨਾ ਹੋਵੇ। ਸਕੱਤਰ ਘਣਸ਼ਿਆਮ ਥੋਰੀ ਨੇ ਦੱਸਿਆ ਕਿ ਕਮੇਟੀ ਮੈਂਬਰਾਂ ਨੇ ਤਾਜਪੁਰ ਡੇਅਰੀ ਕੰਪਲੈਕਸ ਦਾ ਦੌਰਾ ਵੀ ਕੀਤਾ।
ਇਸ ਦੌਰਾਨ ਤਾਜਪੁਰ ਡੇਅਰੀ ਕੰਪਲੈਕਸ ਦੇ ਪ੍ਰਧਾਨ ਲਵਲੀ ਅਤੇ ਹੈਬੋਵਾਲ ਡੇਅਰੀ ਕੰਪਲੈਕਸ ਦੇ ਪ੍ਰਧਾਨ ਲਾਹੌਰੀਆ ਨੇ ਆਪੋਂ ਆਪਣੀਆਂ ਦਲੀਲਾਂ ਦੇਣ ਤੋਂ ਬਾਅਦ ਸਹਿਮਤੀ ਪ੍ਰਗਟਾਈ ਕਿ ਸਾਰੇ ਡੇਅਰੀਆਂ ਵਾਲੇ ਗੋਹਾ ਠੇਕੇਦਾਰ ਨੂੰ ਚੁਕਾਉਣਗੇ ਅਤੇ ਸਾਫ਼ ਪੀਣ ਵਾਲੇ ਪਾਣੀ ਦੀ ਦੁਰਵਰਤੋਂ ਨਹੀਂ ਕਰਨਗੇ। ਅਗਲੇ ਹਫ਼ਤੇ ਕਮੇਟੀ ਦੀ ਮੁੜ ਮੀਟਿੰਗ ਹੋਵੇਗੀ।

