ਬਠਿੰਡਾ ’ਚ ਦਰਿੰਦਗੀ ਦੀਆਂ ਹੱਦਾਂ ਪਾਰ: ਨੌਜਵਾਨ ਦੀ ਲੋਹੇ ਦੀ ਰੋਡ ਨਾਲ ਬੇਰਹਮੀ ਨਾਲ ਕੁੱਟਮਾਰ, ਵੀਡੀਓ ਵਾਇਰਲ
ਤਲਵੰਡੀ ਸਾਬੋ ਦੇ ਪਿੰਡ ਤੁੰਗਵਾਲੀ ਦੀ ਘਟਨਾ; ਹਸਪਤਾਲ ’ਚ ਦਾਖ਼ਲ
ਬਠਿੰਡਾ ਜ਼ਿਲ੍ਹੇ ਦੇ ਸਬ-ਡਿਵੀਜ਼ਨ ਤਲਵੰਡੀ ਸਾਬੋ ਅਧੀਨ ਪੈਂਦੇ ਪਿੰਡ ਤੁੰਗਵਾਲੀ ਵਿਖੇ ਇੱਕ ਨੌਜਵਾਨ ਦੀ ਲੋਹੇ ਦੀ ਰੋਡ (Iron Rod) ਨਾਲ ਬੇਰਹਮੀ ਨਾਲ ਕੁੱਟਮਾਰ ਕਰਨ ਦੀ ਖੌਫ਼ਨਾਕ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ ’ਚ ਪੀੜਤ ਨੌਜਵਾਨ ਨਾਜ਼ੁਕ ਹਾਲਤ ’ਚ ਜ਼ਮੀਨ ’ਤੇ ਪਿਆ ਨਜ਼ਰ ਆ ਰਿਹਾ ਹੈ, ਜਿਸ ਨੂੰ ਕੁੱਝ ਲੋਕਾਂ ਨੇ ਫੜਿਆ ਹੋਇਆ ਹੈ ਅਤੇ ਇੱਕ ਹੋਰ ਨੌਜਵਾਨ ਉਸ ’ਤੇ ਲੋਹੇ ਦੀ ਰੋਡ ਨਾਲ ਲਗਾਤਾਰ ਵਾਰ ਕਰ ਰਿਹਾ ਹੈ।
ਤਲਵੰਡੀ ਸਾਬੋ ਦੇ ਡੀ.ਐੱਸ.ਪੀ. ਜਸਜੋਤ ਸਿੰਘ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਦੀ ਹੈ ਅਤੇ ਵੀਡੀਓ ਬਾਅਦ ਵਿੱਚ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ। ਪੀੜਤ ਨੌਜਵਾਨ ਦੀ ਪਛਾਣ ਸਤਵੀਰ ਵਜੋਂ ਹੋਈ ਹੈ, ਜੋ ਇਸ ਵੇਲੇ ਹਸਪਤਾਲ ਵਿੱਚ ਜ਼ੇਰ-ਏ-ਇਲਾਜ ਹੈ। ਡੀ.ਐੱਸ.ਪੀ. ਨੇ ਕਿਹਾ, “ਪੀੜਤ ਦੇ ਬਿਆਨ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਵਾਂ ਧਿਰਾਂ ਵਿਚਾਲੇ ਪੁਰਾਣਾ ਪਰਿਵਾਰਕ ਵਿਵਾਦ ਚੱਲ ਰਿਹਾ ਸੀ।”
ਦੂਜੇ ਪਾਸੇ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਇਹ ਵਾਇਰਲ ਵੀਡੀਓ ਆਪਣੇ ਫੇਸਬੁੱਕ ਅਕਾਊਂਟ ’ਤੇ ਸ਼ੇਅਰ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਪੁਲੀਸ ’ਤੇ ਨਿਸ਼ਾਨੇ ਸੇਧੇ ਹਨ। ਮਜੀਠੀਆ ਨੇ ਦਾਅਵਾ ਕੀਤਾ ਕਿ ਕੁੱਟਮਾਰ ਕਾਰਨ ਪੀੜਤ ਨੌਜਵਾਨ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਹਨ, ਜੋ ਸੂਬੇ ਵਿੱਚ ਲਾਅ ਐਂਡ ਆਰਡਰ ਦੀ ਮੰਦੀ ਹਾਲਤ ਨੂੰ ਬਿਆਨ ਕਰਦਾ ਹੈ।
👉 A young man from Tangrali, Talwandi Sabo, was brutally assaulted with an iron rod, leaving his legs fractured. In broad daylight!
👉 Gunfire erupted at a pizza outlet in Bhai Randhir Singh Nagar, Ludhiana.
👉 Is this the “Rangla Punjab” that Punjabis had once envisioned?
— Bikram Singh Majithia (@bsmajithia) August 19, 2026

