ਗੁਰਦੀਪ ਸਿੰਘ ਲਾਲੀ
ਸੰਗਰੂਰ, 5 ਮਈ
ਕਰੋਨਾ ਮਹਾਮਾਰੀ ਦੌਰਾਨ ਸੇਵਾਵਾਂ ਨਿਭਾਉਣ ਵਾਲੇ ਕਰੋਨਾ ਯੋਧਿਆਂ (ਨਰਸਿੰਗ ਸਟਾਫ਼ ਅਤੇ ਪੈਰਾ ਮੈਡੀਕਲ ਸਟਾਫ਼) ਵੱਲੋਂ ਸੇਵਾਵਾਂ ਬਹਾਲ ਕਰਾਉਣ ਅਤੇ ਖਾਲੀ ਅਸਾਮੀਆਂ ’ਤੇ ਰੈਗੂਲਰ ਭਰਤੀ ਕਰਨ ਦੀ ਮੰਗ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਤੈਅ ਕਰਾਉਣ ਲਈ ਅੱਜ ਲਗਾਤਾਰ ਦੂਜੇ ਦਿਨ ਵੀ ਮੁੱਖ ਮੰਤਰੀ ਦੀ ਕੋਠੀ ਅੱਗੇ ਧਰਨਾ ਪ੍ਰਦਰਸ਼ਨ ਜਾਰੀ ਰੱਖਿਆ ਗਿਆ। ਧਰਨਾਕਾਰੀਆਂ ਨੇ ਨਾਅਰੇਬਾਜ਼ੀ ਕਰਦਿਆਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਐਤਵਾਰ ਤੱਕ ਮੀਟਿੰਗ ਦਾ ਕੋਈ ਸਿੱਟਾ ਨਾ ਨਿਕਲਿਆ ਤਾਂ ਉਹ ਪਰਿਵਾਰਾਂ ਅਤੇ ਬੱਚਿਆਂ ਸਮੇਤ ਗੁਪਤ ਐਕਸ਼ਨ ਲਈ ਮਜਬੂਰ ਹੋਣਗੇ। ਕੰਟਰੈਕਟ ਮੈਡੀਕਲ ਐਂਪਲਾਈਜ਼ ਜੁਆਇੰਟ ਕਮੇਟੀ ਕੋਵਿਡ-19 ਦੀ ਅਗਵਾਈ ਹੇਠ ਕਰੋਨਾ ਯੋਧਿਆਂ ਵੱਲੋਂ ਮੁੱਖ ਮੰਤਰੀ ਦੀ ਕੋਠੀ ਅੱਗੇ ਬੀਤੇ ਕੱਲ੍ਹ ਵੀ ਜ਼ੀਰਕਪੁਰ-ਬਠਿੰਡਾ ਕੌਮੀ ਹਾਈਵੇਅ ਉਪਰ ਆਵਾਜਾਈ ਠੱਪ ਕੀਤੀ ਸੀ ਅਤੇ ਦੇਰ ਸ਼ਾਮ ਤੱਕ ਹਾਈਵੇਅ ਦੇ ਓਵਰਬ੍ਰਿੱਜ ਹੇਠ ਰੋਸ ਧਰਨਾ ਦਿੱਤਾ ਗਿਆ ਸੀ। ਭਾਵੇਂ ਕਿ ਐੱਸਡੀਐੱਮ ਵੱਲੋਂ ਐਤਵਾਰ ਤੱਕ ਮੀਟਿੰਗ ਨਿਸ਼ਚਿਤ ਕਰਾਉਣ ਦਾ ਭਰੋਸਾ ਵੀ ਦਿੱਤਾ ਗਿਆ ਪਰ ਧਰਨਾਕਾਰੀ ਸੰਤੁਸ਼ਟ ਨਾ ਹੋਏ। ਲਗਾਤਾਰ ਅੱਜ ਦੂਜੇ ਦਿਨ ਵੀ ਇਥੇ ਕੋਠੀ ਅੱਗੇ ਰੋਸ ਧਰਨਾ ਦਿੰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪ੍ਰਧਾਨ ਸੰਦੀਪ ਕੌਰ ਅਤੇ ਮੀਤ ਪ੍ਰਧਾਨ ਰਮਨਦੀਪ ਕੌਰ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਚੱਲ ਰਹੇ ਸੰਘਰਸ਼ ਦੌਰਾਨ ‘ਆਪ’ ਦੇ ਸੂਬਾ ਕਨਵੀਨਰ ਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ‘ਆਪ’ ਦੀ ਸਰਕਾਰ ਬਣਦਿਆਂ ਹੀ ਕਰੋਨਾ ਯੋਧਿਆਂ ਨੂੰ ਨੌਕਰੀ ’ਤੇ ਬਹਾਲ ਕਰ ਦਿੱਤਾ ਜਾਵੇਗਾ ਪਰ ਹੁਣ ਕੋਈ ਸੁਣਵਾਈ ਨਹੀਂ ਹੋ ਰਹੀ।