ਸਰਬਜੀਤ ਸਿੰਘ ਭੰਗੂ
ਪਟਿਆਲਾ, 6 ਜੂਨ
ਪਟਿਆਲਾ ਜ਼ਿਲ੍ਹੇ ਵਿਚ ਅੱਜ ਅੱਠ ਹੋਰ ਕਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋਂ ਛੇ ਰਾਜਪੁਰਾ ਅਤੇ ਇੱਕ ਪਟਿਆਲਾ ਨਾਲ ਸਬੰਧਤ ਹੈ ਜਦਕਿ ਇੱਕ ਸੰਗਰੂਰ ਜ਼ਿਲ੍ਹੇ ਦੇ ਮਾਲੇਰਕੋਟਲਾ ਦਾ ਵਸਨੀਕ ਹੈ ਜਿਸ ਦੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪਾਜ਼ੇਟਿਵ ਕੇਸਾਂ ਦੀ ਕੁੱਲ ਗਿਣਤੀ 137 ਹੋ ਗਈ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚ ਰਾਜਪੁਰਾ ਦੇ ਭਾਈ ਮਤੀ ਦਾਸ ਗੁਰਦੁਆਰਾ ਕੋਲ ਰਹਿਣ ਵਾਲੇ ਇੱਕੋ ਪਰਿਵਾਰ ਦੇ ਪੰਜ ਮੈਂਬਰ ਵੀ ਸ਼ਾਮਲ ਹਨ ਜੋ ਕੁਝ ਦਿਨ ਪਹਿਲਾਂ ਚੋਰੀ ਛਿਪੇ ਦਿੱਲੀ ਤੋਂ ਪਰਤੇ ਸਨ। ਇਨ੍ਹਾਂ ਦੇ ਬਾਹਰੀ ਰਾਜਾਂ ਤੋਂ ਆਉਣ ਕਾਰਨ ਕਰੋਨਾ ਜਾਂਚ ਸਬੰਧੀ ਸੈਂਪਲ ਲਏ ਗਏ ਸਨ ਜੋ ਪਾਜ਼ੇਟਿਵ ਆਏ ਹਨ। ਪੁਰਾਣਾ ਰਾਜਪੁਰਾ ਦਾ ਰਹਿਣ ਵਾਲਾ 42 ਸਾਲਾ ਵਿਅਕਤੀ ਵੀ ਪਾਜ਼ੇਟਿਵ ਆਇਆ ਹੈ। ਉਸ ਨੂੰ ਵਿਦੇਸ਼ ਤੋਂ ਆਉਣ ਕਾਰਨ ਬਹਾਦਰਗੜ੍ਹ ਦੇ ਗੁਰਦੁਆਰਾ ਸਾਹਿਬ ’ਚ ਇਕਾਂਤਵਾਸ ਕੀਤਾ ਹੋਇਆ ਸੀ। ਪਾਤੜਾਂ ਬਲਾਕ ਦੇ ਪਿੰਡ ਸ਼ੇਰਗੜ੍ਹ ਦਾ 26 ਸਾਲਾ ਨੌਜਵਾਨ ਵੀ ਪਾਜ਼ੇਟਿਵ ਆਇਆ ਹੈ, ਉਹ ਬਾਹਰੀ ਰਾਜ ਤੋਂ ਇਥੇ ਆਇਆ ਸੀ।
ਇਸ ਤੋਂ ਇਲਾਵਾ ਕਿਸੇ ਬਿਮਾਰੀ ਕਾਰਨ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਇਲਾਜ ਲਈ ਆਏ ਮਾਲੇਰਕੋਟਲਾ ਦੇ 70 ਸਾਲਾ ਬਜ਼ੁਰਗ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ ਜਿਸ ਦੀ ਸੂਚਨਾ ਸਿਵਲ ਸਰਜਨ ਸੰਗਰੂਰ ਨੂੰ ਦੇ ਦਿੱਤੀ ਗਈ ਹੈ। ਪਾਜ਼ੇਟਿਵ ਆਏ ਮਰੀਜ਼ਾਂ ਨੂੰ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਤਬਦੀਲ ਕਰਵਾਇਆ ਜਾ ਰਿਹਾ ਹੈ ਅਤੇ ਇਨ੍ਹਾਂ ਦੇ ਸੰਪਰਕ ਵਿਚ ਆਏ ਲੋਕਾਂ ਦਾ ਪਤਾ ਕਰ ਕੇ ਸੈਂਪਲ ਲਏ ਜਾਣਗੇ।