ਪੰਜਾਬ ’ਚ ਜ਼ਿਲ੍ਹਾ ਪਰਿਸ਼ਦਾਂ ਅਤੇ ਪੰਚਾਇਤ ਸਮਿਤੀਆਂ ਦੀਆਂ ਚੋਣਾਂ ’ਚ ਜ਼ਿਲ੍ਹਾ ਪਰਿਸ਼ਦ ਦੇ 15 ਉਮੀਦਵਾਰ ਅਤੇ ਪੰਚਾਇਤ ਸਮਿਤੀਆਂ ਦੇ 181 ਉਮੀਦਵਾਰ ਬਿਨਾਂ ਮੁਕਾਬਲਾ ਚੋਣਾਂ ਜਿੱਤ ਗਏ ਹਨ। ਬਿਨਾਂ ਮੁਕਾਬਲਾ ਜੇਤੂ ਰਹੇ ਉਮੀਦਵਾਰਾਂ ’ਚ ਕਰੀਬ ਸੌ ਫ਼ੀਸਦੀ ਉਮੀਦਵਾਰ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਦੇ ਹਨ। ਪੰਜਾਬ ਦੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਦੇ ਮੈਦਾਨ ’ਚ ਹੁਣ 1265 ਉਮੀਦਵਾਰ ਡਟੇ ਹੋਏ ਹਨ, ਜਦੋਂ ਕਿ ਪੰਚਾਇਤ ਸਮਿਤੀ ਚੋਣਾਂ ਲਈ 8314 ਉਮੀਦਵਾਰ ਮੈਦਾਨ ’ਚ ਹਨ।
ਜ਼ਿਲ੍ਹਾ ਅੰਮ੍ਰਿਤਸਰ ’ਚ ਜ਼ਿਲ੍ਹਾ ਪਰਿਸ਼ਦ ਤਿੰਨ ਉਮੀਦਵਾਰ ਅਤੇ ਪੰਚਾਇਤ ਸਮਿਤੀਆਂ ਦੇ 63 ਉਮੀਦਵਾਰ ਬਿਨਾਂ ਮੁਕਾਬਲਾ ਚੋਣ ਜਿੱਤੇ ਹਨ। ਤਰਨ ਤਾਰਨ ’ਚ ਜ਼ਿਲ੍ਹਾ ਪਰਿਸ਼ਦ ਦੇ 12 ਅਤੇ ਪੰਚਾਇਤ ਸਮਿਤੀਆਂ ਦੇ 98 ਉਮੀਦਵਾਰ ਚੋਣ ਜਿੱਤੇ ਹਨ। ਹੁਸ਼ਿਆਰਪੁਰ ਜ਼ਿਲ੍ਹੇ ’ਚ ਪੰਚਾਇਤ ਸਮਿਤੀਆਂ ਦੇ 17 ਉਮੀਦਵਾਰ, ਮਾਲੇਰਕੋਟਲਾ ’ਚ ਦੋ ਉਮੀਦਵਾਰ ਅਤੇ ਨਵਾਂ ਸ਼ਹਿਰ ਜ਼ਿਲ੍ਹੇ ’ਚ ਇੱਕ ਉਮੀਦਵਾਰ ਬਿਨਾਂ ਮੁਕਾਬਲੇ ਚੋਣ ਜਿੱਤੇ ਹਨ। ਬਿਨਾਂ ਮੁਕਾਬਲਾ ਜੇਤੂਆਂ ’ਚ ਸੌ ਫ਼ੀਸਦੀ ਉਮੀਦਵਾਰ ‘ਆਪ’ ਦੇ ਹਨ। ਪੰਜਾਬ ’ਚ ਇਨ੍ਹਾਂ ਚੋਣਾਂ ਲਈ ਪ੍ਰਚਾਰ ਨੇ ਜ਼ੋਰ ਫੜ ਲਿਆ ਹੈ। ਸਿਆਸੀ ਧਿਰਾਂ ਦੇ ਸੀਨੀਅਰ ਆਗੂ ਪਿੰਡਾਂ ’ਚ ਡਟ ਗਏ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਫ਼ੀ ਸਿਆਸੀ ਸਰਗਰਮੀ ਦਿਖਾਈ ਜਾ ਰਹੀ ਹੈ, ਜਦੋਂ ਕਿ ਭਾਜਪਾ ਪਹਿਲੀ ਵਾਰ ਇਕੱਲੇ ਤੌਰ ’ਤੇ ਇਨ੍ਹਾਂ ਚੋਣਾਂ ’ਚ ਆਪਣਾ ਸਿਆਸੀ ਭਾਰ ਤੋਲ ਰਹੀ ਹੈ। ਜ਼ਿਲ੍ਹਾ ਪਰਿਸ਼ਦ ’ਤੇ ਨਜ਼ਰ ਮਾਰੀਏ ਤਾਂ ਜ਼ਿਲ੍ਹਾ ਪਟਿਆਲਾ ’ਚ ਸਭ ਤੋਂ ਵੱਧ 113 ਉਮੀਦਵਾਰ ਚੋਣ ਮੈਦਾਨ ’ਚ ਹਨ। ਜ਼ਿਲ੍ਹਾ ਤਰਨ ਤਾਰਨ ’ਚ ਸਭ ਤੋਂ ਘੱਟ 16 ਉਮੀਦਵਾਰ ਹਨ।
ਪੰਜਾਬ ’ਚ ਜ਼ਿਲ੍ਹਾ ਪਰਿਸ਼ਦ ਦੇ ਕੁੱਲ 347 ਜ਼ੋਨ ਹਨ, ਜਦੋਂ ਕਿ ਪੰਚਾਇਤ ਸਮਿਤੀਆਂ ਦੇ 2838 ਜ਼ੋਨ ਹਨ। ਪੰਚਾਇਤ ਸਮਿਤੀਆਂ ਦੇ ਤੱਥ ਦੇਖੀਏ ਤਾਂ ਸਭ ਤੋਂ ਵੱਧ ਜ਼ਿਲ੍ਹਾ ਲੁਧਿਆਣਾ ’ਚ 793 ਉਮੀਦਵਾਰ ਚੋਣ ਲੜ ਰਹੇ ਹਨ, ਜਦੋਂ ਕਿ ਮਾਲੇਰਕੋਟਲਾ ’ਚ 134 ਉਮੀਦਵਾਰ ਪੰਚਾਇਤ ਸਮਿਤੀ ਦੀ ਚੋਣ ਲੜ ਰਹੇ ਹਨ। ਇਨ੍ਹਾਂ ਚੋਣਾਂ ’ਚ ਜ਼ਿਲ੍ਹਾ ਪਟਿਆਲਾ ਨਾਮਜ਼ਦਗੀਆਂ ਦਾਖਲ ਕਰਨ ਮੌਕੇ ਰੌਲੇ ਰੱਪੇ ਦਾ ਕੇਂਦਰ ਬਣਿਆ ਰਿਹਾ ਤੇ ਪਟਿਆਲਾ ਪੁਲੀਸ ਕਥਿਤ ਆਡੀਓ ਨੂੰ ਲੈ ਕੇ ਨਿਸ਼ਾਨੇ ’ਤੇ ਹੈ।
ਤਰਨ ਤਾਰਨ ਦੀ ਜ਼ਿਮਨੀ ਚੋਣ ਮਗਰੋਂ ਹੁਣ ‘ਆਪ’ ਦੀ ਦਿਹਾਤੀ ਪੰਜਾਬ ’ਚ ਕਾਰਗੁਜ਼ਾਰੀ ਮਾਪੀ ਜਾਵੇਗੀ ਅਤੇ ਇਸੇ ਤਰ੍ਹਾਂ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪ੍ਰਧਾਨਗੀ ’ਤੇ ਵੀ ਇਹ ਚੋਣਾਂ ਅਸਰ ਪਾ ਸਕਦੀਆਂ ਹਨ। ਭਾਰਤੀ ਜਨਤਾ ਪਾਰਟੀ, ਜਿਸ ਦੀ ਅਗਵਾਈ ਵਾਲੀ ਕੇਂਦਰੀ ਹਕੂਮਤ ਨੇ ਪਿਛਲੇ ਦਿਨਾਂ ’ਚ ਪੰਜਾਬ ਵਿਰੋਧੀ ਫ਼ੈਸਲੇ ਲਏ ਅਤੇ ਬਾਅਦ ਵਿੱਚ ਮੋੜਾ ਵੀ ਕੱਟਿਆ, ਵੀ ਪੇਂਡੂ ਪੰਜਾਬ ਦੀ ਨਬਜ਼ ਟਟੋਲੇਗੀ। ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਪੇਂਡੂ ਚੋਣਾਂ ਵਿਚਲੀ ਕਾਰਗੁਜ਼ਾਰੀ ਇਨ੍ਹਾਂ ਦੋਵੇਂ ਸਿਆਸੀ ਧਿਰਾਂ ਦੇ ਗੱਠਜੋੜ ਦੀਆਂ ਸੰਭਾਵਨਾਵਾਂ ਨੂੰ ਨਿਰਧਾਰਿਤ ਕਰੇਗੀ। ਆਮ ਆਦਮੀ ਪਾਰਟੀ ਵੱਲੋਂ ਇਨ੍ਹਾਂ ਚੋਣਾਂ ’ਚ ਜਿੱਤ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ। ਆਮ ਆਦਮੀ ਪਾਰਟੀ ਵੱਲੋਂ ਪਿੰਡਾਂ ’ਚ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਅਤੇ ਔਰਤਾਂ ਨੂੰ ਜਲਦ ਇੱਕ ਹਜ਼ਾਰ ਰੁਪਏ ਦੇਣ ਦੀ ਗੱਲ ਕਹੀ ਜਾ ਰਹੀ ਹੈ।

