ਮਾਲਵੇ ’ਚ ਨਰਮਾ ਸਰਕਾਰੀ ਭਾਅ ਤੋਂ ਵੱਧ ਵਿਕਣ ਲੱਗਾ
ਪਿਛਲੇ ਸਾਲਾਂ ਦੇ ਮੁਕਾਬਲੇ ਮੰਡੀਆਂ ’ਚ ਨਰਮੇ ਦੀ ਫ਼ਸਲ ਲਗਭਗ ਦੋ ਹਫ਼ਤੇ ਦੇਰ ਨਾਲ ਪੁੱਜੀ
ਮਾਲਵਾ ਪੱਟੀ ਵਿੱਚ ਨਰਮੇ ਦੀ ਫ਼ਸਲ ਵਿਕਣ ਲਈ ਮੰਡੀਆਂ ਵਿਚ ਆਉਣੀ ਸ਼ੁਰੂ ਹੋ ਗਈ ਹੈ। ਪ੍ਰਾਈਵੇਟ ਵਪਾਰੀਆਂ ਵੱਲੋਂ ਸਰਕਾਰੀ ਭਾਅ ਤੋਂ ਵਧ ਕੇ ਨਰਮੇ ਨੂੰ ਖਰੀਦਿਆ ਜਾਣ ਲੱਗਿਆ ਹੈ। ਭਾਵੇਂ ਕਈ ਦਿਨਾਂ ਤੋਂ ਛੋਟੀਆਂ-ਛੋਟੀਆਂ ਢੇਰੀਆਂ ਵਿਕਣ ਲਈ ਆ ਰਹੀਆਂ ਹਨ ਪਰ ਅੱਜ ਮਾਨਸਾ ਦੀ ਆਧੁਨਿਕ ਕਪਾਹ ਮੰਡੀ ਵਿੱਚ ਕਈ ਕਿਸਾਨਾਂ ਵੱਲੋਂ ਨਰਮੇ ਨੂੰ ਵੇਚਣ ਲਈ ਲਿਆਂਦਾ ਹੈ। ਬੇਸ਼ੱਕ ਬੋਲੀਕਾਰ ਕਈ ਵਪਾਰੀ ਸਨ, ਪਰ ਸਰਕਾਰੀ ਭਾਅ 8267 ਰੁਪਏ (ਦਰਮਿਆਨ ਰੇਸ਼ੇ ਵਾਲਾ) ਅਤੇ 8667 ਰੁਪਏ (ਲੰਬੇ ਰੇਸ਼ੇ ਵਾਲਾ) ਤੋਂ ਵੱਧ ਕੇ ਹੀ ਬੋਲੀ ਸਿਰੇ ਚੜ੍ਹੀ ਹੈ।
ਉਂਝ ਮੰਡੀ ਵਿਚ ਨਰਮਾ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਐਤਕੀਂ ਫਸਲ ਦਾ ਚੰਗਾ ਝਾੜ ਮਿਲਣ ਦੀ ਉਮੀਦ ਬੱਝੀ ਹੈ। ਨਰਮੇ ਦੇ ਖਰੀਦਦਾਰ ਅਤੇ ਆੜ੍ਹਤੀਆਂ ਨੇ ਭਾਅ ਪੱਖੋਂ ਵੀ ਇਸ ਜਿਣਸ ਦੇ ਚੰਗੇ ਰਹਿਣ ਦੀ ਆਸ ਪ੍ਰਗਟਾਈ ਹੈ, ਕਿਉਂਕਿ ਇਸ ਵਾਰ ਕਿਸਾਨਾਂ ਵੱਲੋਂ ਨਰਮੇ ਦੀ ਖੇਤੀ ਵੈਸੇ ਹੀ ਬਹੁਤ ਘੱਟ ਕੀਤੀ ਹੈ। ਪਿਛਲੇ ਸਾਲਾਂ ਦੇ ਮੁਕਾਬਲੇ ਕਪਾਹ ਪੱਟੀ ਵਿੱਚ ਨਰਮੇ ਦੀ ਫ਼ਸਲ ਵਿਕਣ ਲਈ ਲਗਭਗ ਦੋ ਹਫ਼ਤੇ ਲੇਟ ਪੁੱਜੀ ਹੈ। ਅਜੇ ਤੱਕ ਕਿਸੇ ਵੀ ਮੰਡੀ ਵਿੱਚ ਸਰਕਾਰੀ ਖਰੀਦ ਏਜੰਸੀ ਭਾਰਤੀ ਕਪਾਹ ਨਿਗਮ (ਸੀਸੀਆਈ) ਨੇ ਖਰੀਦ ਸਬੰਧੀ ਕੋਈ ਤਿਆਰੀ ਨਹੀਂ ਕੀਤੀ।
ਪੰਜਾਬ ਰਾਜ ਮੰਡੀ ਬੋਰਡ ਦੇ ਮਾਨਸਾ ਸਥਿਤ ਉਪ ਜ਼ਿਲ੍ਹਾ ਮੰਡੀ ਅਫ਼ਸਰ ਜੈ ਸਿੰਘ ਸਿੱਧੂ ਨੇ ਇਥੇ ਆਧੁਨਿਕ ਅਨਾਜ ਮੰਡੀ ਮਾਨਸਾ ਤੋਂ ਨਰਮੇ ਦੀ ਖਰੀਦ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਦੱਸਿਆ ਕਿ ਕਿਸਾਨ ਮਹਿੰਦਰ ਸਿੰਘ ਵਾਸੀ ਪਿੰਡ ਜਟਾਣਾ ਕਲਾਂ ਦਾ ਨਰਮਾ 8481 ਰੁਪਏ ਨੂੰ ਦਲੌਤ ਰਾਮ ਖੁਸ਼ੀ ਰਾਮ ਫਰਮ ਅਤੇ ਕਿਸਾਨ ਅੰਗਰੇਜ਼ ਸਿੰਘ ਵਾਸੀ ਪਿੰਡ ਟਾਂਡੀਆਂ ਦਾ ਨਰਮਾ 8431 ਕੱਚਾ ਆੜ੍ਹਤੀਆ ਕਾਲੀ ਰਾਮ ਆਦਮਾ ਦੇ ਨਾਮ ਹੇਠ ਖਰੀਦਿਆ ਗਿਆ।
ਉਨ੍ਹਾਂ ਕਿਹਾ ਕਿ ਨਰਮੇ ਦੀ ਫ਼ਸਲ ਦੇ ਚੰਗਾ ਮੁੱਲ ਮਿਲਣ ’ਤੇ ਕਿਸਾਨਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਬੋਲੀ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਸਾਡੀ ਪੂਰੀ ਕੋਸ਼ਿਸ਼ ਹੈ ਕਿ ਕਿਸਾਨ ਆਪਣੀ ਫ਼ਸਲਾਂ ਦੇ ਚੰਗੇ ਭਾਅ ਖੱਟ ਕੇ ਆਉਣ ਵਾਲੇ ਤਿਉਹਾਰਾਂ ਨੂੰ ਹੱਸ-ਖੇਡ ਕੇ ਮਨਾਉਣ। ਜ਼ਿਲ੍ਹਾ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਸ਼ ਬੱਬੀ ਦਾਨੇਵਾਲੀਆ ਦਾ ਕਹਿਣਾ ਹੈ ਕਿ ਅਗੇਤਾ ਨਰਮਾ ਮੰਡੀਆਂ ਵਿਚ ਆਉਣਾ ਸੱਚਮੁੱਚ ਵੱਡੀ ਇਨਕਲਾਬੀ ਤਬਦੀਲੀ ਹੈ, ਜਿਸ ਨਾਲ ਇਕੱਲੀ ਕਿਸਾਨੀ ਨੂੰ ਹੀ ਲਾਭ ਨਹੀਂ ਹੋਇਆ, ਸਗੋਂ ਇਸ ਨਾਲ ਆੜ੍ਹਤੀਏ, ਕਾਰਖਾਨੇਦਾਰ, ਮਾਰਕੀਟ ਕਮੇਟੀ ਅਤੇ ਹੋਰ ਧਿਰਾਂ ਨੂੰ ਮੁਨਾਫ਼ਾ ਹੋਣ ਦੀਆਂ ਵੱਡੀਆਂ ਉਮੀਦਾਂ ਹਨ।

