Pharmacy Officer exam: ਨਕਲ ਕਾਂਡ; ਵਿਵਾਦਾਂ ਕਾਰਨ ਨਤੀਜਾ ਨਾ ਐਲਾਨਿਆ
ਯੂਨੀਵਰਸਿਟੀ ਦੇ ਦੋ ਅਧਿਕਾਰੀਆਂ ਨੂੰ ਹਟਾਉਣ ਦੀ ਤਿਆਰੀ
ਇੱਥੇ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਫਾਰਮੇਸੀ ਅਫਸਰਾਂ ਦੀ ਲਈ ਪ੍ਰੀਖਿਆ ਦਾ ਨਤੀਜਾ ਯੂਨੀਵਰਸਿਟੀ ਨੇ ਅੱਜ ਤੀਜੇ ਦਿਨ ਵੀ ਨਹੀਂ ਐਲਾਨਿਆ, ਜਦੋਂ ਕਿ ਪ੍ਰੀਖਿਆ ਵਾਲੇ ਦਿਨ ਹੀ ਵਿਦਿਆਰਥੀਆਂ ਨੂੰ ਉੱਤਰ ਕੁੰਜੀ ਭੇਜ ਕੇ ਉਸ ਤੋਂ ਅਗਲੇ ਦਿਨ ਪ੍ਰੀਖਿਆ ਦੇ ਨਤੀਜੇ ਐਲਾਨ ਦਿੱਤੇ ਜਾਂਦੇ ਸਨ। ਯੂਨੀਵਰਸਿਟੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਫਾਰਮੇਸੀ ਅਫਸਰਾਂ ਦਾ ਨਤੀਜਾ ਅਜੇ ਕੁਝ ਦਿਨ ਹੋਰ ਨਹੀਂ ਐਲਾਨਿਆ ਜਾਵੇਗਾ। ਦੱਸਣਯੋਗ ਹੈ ਕਿ ਇਮਤਿਹਾਨ ਸ਼ੁਰੂ ਹੋਣ ਤੋਂ ਕੁਝ ਚਿਰ ਬਾਅਦ ਹੀ ਇਸ ਗੱਲ ਦਾ ਖੁਲਾਸਾ ਹੋਇਆ ਸੀ ਕਿ ਇਮਤਿਹਾਨ ਵਿੱਚ ਵੱਡੇ ਪੱਧਰ ‘ਤੇ ਡਿਜੀਟਲ ਤਰੀਕੇ ਨਾਲ ਨਕਲ ਮਾਰੀ ਜਾ ਰਹੀ ਹੈ ਅਤੇ ਪੇਪਰ ਸ਼ੁਰੂ ਹੋਣ ਤੋਂ ਕੁਝ ਮਿੰਟਾਂ ਬਾਅਦ ਹੀ ਇਸ ਪੇਪਰ ਦੀ ਸਕੈਨ ਕਾਪੀ ਪ੍ਰੀਖਿਆ ਕੇਂਦਰ ਤੋਂ ਬਾਹਰ ਚਲੀ ਗਈ ਸੀ। ਜ਼ਿਲ੍ਹਾ ਪੁਲੀਸ ਨੇ ਮੁੱਢਲੀ ਤਫਤੀਸ਼ ਤੋਂ ਬਾਅਦ ਸਪੱਸ਼ਟ ਕੀਤਾ ਕਿ ਇਸ ਇਮਤਿਹਾਨ ਵਿੱਚ ਨਕਲ ਕਰਵਾਉਣ ਲਈ ਅੰਤਰਰਾਜੀ ਗਰੋਹ ਕੰਮ ਕਰ ਰਿਹਾ ਸੀ ਅਤੇ ਪੇਪਰ ਵਾਲੇ ਦਿਨ ਗਰੋਹ ਦੇ ਮੈਂਬਰ ਫਰੀਦਕੋਟ ਵਿੱਚ ਆਏ ਹੋਏ ਸਨ।
ਮੌਕੇ ‘ਤੇ ਕੀਤੀ ਗਈ ਛਾਪੇਮਾਰੀ ਦੌਰਾਨ ਯੂਨੀਵਰਸਿਟੀ ਅਤੇ ਪੁਲੀਸ ਦੇ ਅਧਿਕਾਰੀਆਂ ਨੇ ਕਰੀਬ 26 ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਖਿਲਾਫ ਪਰਚਾ ਦਰਜ ਕਰ ਲਿਆ ਹੈ। ਯੂਨੀਵਰਸਿਟੀ ਨੇ ਅੱਜ ਸਪਸ਼ਟ ਕੀਤਾ ਹੈ ਕਿ ਫਾਰਮੇਸੀ ਅਫਸਰਾਂ ਦਾ ਪੇਪਰ ਲੀਕ ਨਹੀਂ ਹੋਇਆ ਬਲਕਿ ਪੇਪਰ ਦੌਰਾਨ ਡਿਜੀਟਲ ਤਰੀਕੇ ਨਾਲ ਨਕਲ ਮਾਰੀ ਗਈ ਅਤੇ ਇਸ ਪਿੱਛੇ ਗਰੋਹ ਕੰਮ ਕਰਦਾ ਸੀ।
ਬਾਬਾ ਫਰੀਦ ਯੂਨੀਵਰਸਿਟੀ ਜਾਂ ਪੰਜਾਬ ਸਰਕਾਰ ਨੇ ਫਾਰਮੇਸੀ ਅਫਸਰਾਂ ਦੇ ਇਮਤਿਹਾਨ ਨੂੰ ਵਿਵਾਦਾਂ ਵਿੱਚ ਘਿਰਨ ਤੋਂ ਬਾਅਦ ਇਸ ਦਾ ਨਤੀਜਾ ਐਲਾਨਣ ਬਾਰੇ ਅਜੇ ਤੱਕ ਕੋਈ ਅੰਤਿਮ ਫੈਸਲਾ ਨਹੀਂ ਕੀਤਾ। ਇਸ ਪ੍ਰੀਖਿਆ ਦੀ ਇੰਚਾਰਜ ਡਾ. ਨੀਤੂ ਕੁੱਕੜ ਅਨੁਸਾਰ ਵੀ ਅਜੇ ਤੱਕ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਨਤੀਜੇ ਨਹੀਂ ਐਲਾਨੇ ਗਏ।
ਪਤਾ ਲੱਗਾ ਹੈ ਕਿ ਫਾਰਮੇਸੀ ਅਫਸਰਾਂ ਦੇ ਪੇਪਰਾਂ ਨੂੰ ਅਜੇ ਤੱਕ ਚੈੱਕ ਵੀ ਨਹੀਂ ਕੀਤਾ ਗਿਆ। ਹਾਲਾਂਕਿ ਯੂਨੀਵਰਸਿਟੀ ਪੇਪਰ ਲੀਕ ਹੋਣ ਜਾਂ ਨਕਲ ਮਾਰਨ ਦੇ ਮਾਮਲੇ ਵਿੱਚ ਖੁਦ ਨੂੰ ਬਿਲਕੁਲ ਵੱਖ ਕਰ ਰਹੀ ਹੈ। ਪ੍ਰੰਤੂ ਇਸੇ ਦਰਮਿਆਨ ਬਾਬਾ ਫਰੀਦ ਯੂਨੀਵਰਸਿਟੀ ਨੇ ਆਪਣੇ ਦੋ ਉੱਚ ਅਧਿਕਾਰੀਆਂ ਨੂੰ ਛੁੱਟੀ ‘ਤੇ ਭੇਜ ਦਿੱਤਾ ਹੈ ਅਤੇ ਅਗਲੇ ਦੋ ਦਿਨਾਂ ਵਿੱਚ ਇਨ੍ਹਾਂ ਅਸਾਮੀਆਂ ਉੱਪਰ ਨਵੇਂ ਅਧਿਕਾਰੀ ਤਾਇਨਾਤ ਕਰਨ ਬਾਰੇ ਚਰਚਾ ਹੋ ਰਹੀ ਹੈ।

