ਗੁਰਦੀਪ ਸਿੰਘ ਲਾਲੀ
ਸੰਗਰੂਰ, 24 ਸਤੰਬਰ
ਪੰਜਾਬ ਰੋਡਵੇਜ਼ ਪਨਬੱਸ/ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮਾਂ ਵਲੋਂ ਇਥੇ ਪੀਆਰਟੀਸੀ ਡਿਪੂ ਦੇ ਬੱਸ ਸਟੈਂਡ ਨੂੰ ਦੋ ਘੰਟੇ ਲਈ ਬੰਦ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਸਰਕਾਰ ਤੋਂ ਕੀਤੇ ਵਾਅਦੇ ਅਨੁਸਾਰ ਕੱਚੇ ਮੁਲਾਜ਼ਮਾਂ ਨੂੰ ਤੁਰੰਤ ਰੈਗੂਲਰ ਕਰਨ ਦੀ ਮੰਗ ਕੀਤੀ। ਮੁਜ਼ਾਹਰਾਕਾਰੀਆਂ ਨੇ 11, 12 ਅਤੇ 13 ਅਕਤੂਬਰ ਦੀ ਹੜਤਾਲ ਕਰਕੇ ਅਤੇ 12 ਅਕਤੂਬਰ ਨੂੰ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ਅੱਗੇ ਰੋਸ ਧਰਨਾ ਦੇਣ ਦਾ ਐਲਾਨ ਕੀਤਾ ਗਿਆ।
ਅੱਜ ਸਵੇਰੇ 10 ਤੋਂ 12 ਵਜ਼ੇ ਤੱਕ ਦੋ ਘੰਟੇ ਲਈ ਕੱਚੇ ਮੁਲਾਜ਼ਮਾਂ ਵਲੋਂ ਬੱਸ ਸਟੈਂਡ ਦੇ ਦੋਵੇਂ ਗੇਟ ਬੰਦ ਕਰ ਦਿੱਤੇ ਜਿਸ ਕਾਰਨ ਨਾ ਕੋਈ ਬੱਸ ਅੰਦਰ ਦਾਖਲ ਹੋ ਸਕੀ ਅਤੇ ਨਾ ਹੀ ਅੰਦਰੋਂ ਕੋਈ ਬੱਸ ਬਾਹਰ ਆ ਸਕੀ। ਕੱਚੇ ਮੁਲਾਜ਼ਮਾਂ ਵਲੋਂ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪੰਜਾਬ ਰੋਡਵੇਜ਼ ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੂਬਾ ਆਗੂ ਜਤਿੰਦਰ ਸਿੰਘ ਗਿੱਲ ਪਰਮਿੰਦਰ ਸਿੰਘ ਟਿੱਬਾ,ਡਿਪੂ ਪ੍ਰਧਾਨ ਜਸਵਿੰਦਰ ਸਿੰਘ ਜੱਸੀ, ਸਕੱਤਰ ਸੁਖਜਿੰਦਰ ਸਿੰਘ ਧਾਲੀਵਾਲ ਨੇ ਸੰਬੋਧਨ ਕੀਤਾ।
ਪਟਿਆਲਾ(ਸਰਬਜੀਤ ਸਿੰਘ ਭੰਗੂ):ਅੱਜ ਪੰਜਾਬ ਰੋਡਵੇਜ਼ ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਸਾਰੇ ਪੰਜਾਬ ਦੇ ਬੱਸ ਸਟੈਂਡ 2 ਘੰਟੇ ਲਈ ਬੰਦ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਪਟਿਆਲਾ ਬੱਸ ਸਟੈਂਡ ਵਿਖੇ ਸੂਬਾ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ ,ਡਿਪੂ ਮੀਤ ਪ੍ਰਧਾਨ ਹਰਜਿੰਦਰ ਗੋਰਾ, ਸੈਕਟਰੀ ਜਸਦੀਪ ਸਿੰਘ ਲਾਲੀ, ਚੇਅਰਮੈਨ ਸੁਲਤਾਨ ਸਿੰਘ, ਸੰਦੀਪ ਸਿੰਘ ਢੀਡਸਾ ਬਾਵਾ ਨੇ ਕਿਹਾ ਕਿ ਪਨਬੱਸ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਨੂੰ ਬਿਨਾਂ ਸ਼ਰਤ ਪੱਕਾ ਕਰਨ ਵਾਲੀ ਮੰਗ ‘ਤੇ ਸਰਕਾਰ ਧਿਆਨ ਨਹੀਂ ਦੇ ਰਹੀ, ਜਿਸ ਕਾਰਨ ਮੁਲਾਜ਼ਮਾਂ ਨੂੰ ਸੰਘਰਸ਼ ਦੇ ਰਾਹ ਚੱਲਣਾ ਪੈ ਰਿਹਾ ਹੈ
ਬਠਿੰਡਾ(ਸ਼ਗਨ ਕਟਾਰੀਆ): ਪੀਆਰਟੀਸੀ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਦੇ ਸਬੰਧ ’ਚ ਅੱਜ ਇਥੇ ਦੋ ਘੰਟਿਆਂ ਲਈ ਬੱਸਾਂ ਦਾ ਚੱਕਾ ਜਾਮ ਕਰ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤੇ ਉਨ੍ਹਾਂ ਕਿਹਾ ਕਿ ਨਿੱਤ ਦੀ ਹੜਤਾਲ ਦਾ ਸਰਕਾਰ ਤੇ ਮੁਲਾਜ਼ਮਾਂ ਨੂੰ ਛੇਤੀ ਹੱਲ ਕੱਢਣਾ ਚਾਹੀਦਾ ਹੈ। ਅੱਜ ਦੀ ਹੜਤਾਲ ਕਾਰਨ ਪ੍ਰਾਈਵੇਟ ਬੱਸ ਅਪਰੇਟਰਾਂ ਨੇ ਚੋਖੀ ਕਮਾਈ ਕੀਤੀ।
ਠੇਕਾ ਕਾਮਿਆਂ ਨੇ ਇਥੇ ਧਰਨਾ ਦੇ ਕੇ ਪੰਜਾਬ ਸਰਕਾਰ ਤੋਂ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਰੱਖੀ। ਲੰਮੇ ਅਰਸੇ ਤੋਂ ਪੜਾਅਵਾਰ ਸੰਘਰਸ਼ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਇਹ ਵੀ ਮੰਗ ਕੀਤੀ ਕਿ ਸਰਕਾਰੀ ਬੱਸਾਂ ਦੇ ਫ਼ਲੀਟ ’ਚ ਇਜ਼ਾਫ਼ਾ ਕੀਤਾ ਜਾਵੇ ਤਾਂ ਜੋ ਸਰਕਾਰੀ ਅਦਾਰਿਆਂ ’ਤੇ ਹਾਵੀ ਹੁੰਦੀ ਜਾ ਰਹੀ ਨਿੱਜੀ ਟਰਾਂਸਪੋਰਟ ਨੂੰ ਨੱਥ ਪੈ ਸਕੇ। ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਵੱਲੋਂ ਔਰਤਾਂ ਦਾ ਸਫ਼ਰ ਮੁਫ਼ਤ ਕੀਤੇ ਜਾਣ ਕਰਕੇ ਸਰਕਾਰੀ ਬੱਸਾਂ ’ਚ ਭੀੜ ਵਧੀ ਹੈ ਅਤੇ ਨਤੀਜੇ ਵਜੋਂ ਸਵਾਰੀਆਂ ਦੀ ਕੰਡਕਟਰਾਂ ਨਾਲ ਨਾਰਾਜ਼ਗੀ ਦਾ ਮੁੱਢ ਬੱਝਾ ਹੈ। ਅਖੀਰ ’ਚ ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਠੇਕਾ ਕਾਮਿਆਂ ਦੀਆਂ ਸੇਵਾਵਾਂ ਨਿਯਮਤ ਕਰਨ ’ਚ ਬੇਲੋੜੀ ਦੇਰੀ ਕੀਤੀ ਤਾਂ ਠੇਕਾ ਕਾਮੇ ਸਰਕਾਰ ਵਿਰੁੱਧ ਆਪਣਾ ਸੰਘਰਸ਼ ਹੋਰ ਤਿੱਖਾ ਕਰਨਗੇ।
ਫਾਜ਼ਿਲਕਾ(ਪਰਮਜੀਤ ਸਿੰਘ): ਫਾਜ਼ਿਲਕਾ ਦੇ ਬੱਸ ਅੱਡੇ ਨੂੰ ਵੀ ਅੱਜ ਦੋ ਘੰਟਿਆਂ ਲਈ ਬੰਦ ਕੀਤਾ ਗਿਆ। ਡਿਪੂ ਪ੍ਰਧਾਨ ਮਨਪ੍ਰੀਤ ਸਿੰਘ ਸਿੰਘ, ਚੇਅਰਮੈਨ ਪ੍ਰਿਤਪਾਲ ਗਿੱਲ, ਸੈਕਟਰੀ ਗੁਰਬਖਸ਼ ਲਾਲ ਨੇ ਕਿਹਾ ਕਿ ਪਨਬੱਸ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਨੂੰ ਬਿਨਾਂ ਸ਼ਰਤ ਪੱਕਾ ਕਰਨ ਵਾਲੀ ਮੰਗ ’ਤੇ ਸਰਕਾਰ ਧਿਆਨ ਨਹੀਂ ਦੇ ਰਹੀ, ਜਿਸ ਕਾਰਨ ਮੁਲਾਜਮਾਂ ਨੂੰ ਸੰਘਰਸ ਦੇ ਰਾਹ ’ਤੇ ਚੱਲਣਾ ਪੈ ਰਿਹਾ ਹੈ।
ਇਸ ਮੌਕੇ ਕੈਸ਼ੀਅਰ ਉਡੀਕ ਚੰਦ, ਮਨਵੀਰ ਸਿੰਘ, ਸਹਾਇਕ ਜਨਰਲ ਸਕੱਤਰ ਹਰਭਜਨ ਸਿੰਘ, ਮੁੱਖ ਸਲਾਹਕਾਰ ਰਵਿੰਦਰ ਸਿੰਘ ਰਿੰਕੂ, ਗੁਰਵਿੰਦਰ ਸਿੰਘ, ਰਵਿੰਦਰ ਸਰਮਾ, ਹਰਜਿੰਦਰ ਸਿੰਘ ਵਰਕਸਾਪ, ਪ੍ਰੈੱਸ ਸਕੱਤਰ ਦਲਜੀਤ ਸਿੰਘ ਤੇ ਨਵਦੀਪ ਸਿੰਘ ਹਾਜ਼ਰ ਸਨ।