ਕਾਂਗਰਸ ਦੀ ਸੰਗਰੂਰ ਰੈਲੀ ਨੇ ਪੰਜਾਬ ਦੀ ਸਿਆਸਤ ਭਖਾਈ
ਸਿਆਸੀ ਧਿਰਾਂ ਵੱਡੇ ਪ੍ਰੋਗਰਾਮ ਉਲੀਕਣ ਲੱਗੀਆਂ; ਮਾਲਵੇ ਵਿੱਚ ਲੱਗੇਗਾ ਗੇੜੇ ’ਤੇ ਗੇੜਾ
ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਦੀ ‘ਸੰਗਰੂਰ ਰੈਲੀ’ ਨੇ ਪੰਜਾਬ ਦਾ ਸਿਆਸੀ ਮਾਹੌਲ ਭਖਾ ਦਿੱਤਾ ਹੈ। ਪੰਜਾਬ ਕਾਂਗਰਸ ਦੀ ਪਹਿਲੀ ਰੈਲੀ ਹੈ, ਜਿਸ ’ਚ ਏਕਤਾ ਦਾ ਪ੍ਰਦਰਸ਼ਨ ਵੀ ਕੀਤਾ ਗਿਆ। ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਦੀ ਅਗਵਾਈ ਵਾਲੀ ਇਹ ਸ਼ੁਰੂਆਤੀ ਸਿਆਸੀ ਰੈਲੀ ਹੈ। ਕਾਂਗਰਸ ਨੇ ਆਮ ਆਦਮੀ ਪਾਰਟੀ ਦੀ ਸਿਆਸੀ ਰਾਜਧਾਨੀ ਸੰਗਰੂਰ ਤੋਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਆਗਾਜ਼ ਕੀਤਾ ਹੈ। ਰਾਹੁਲ ਗਾਂਧੀ ਦੀ ਰੈਲੀ ਮਗਰੋਂ ਦੂਸਰੀਆਂ ਸਿਆਸੀ ਧਿਰਾਂ ਵੀ ਇਸ ਰੈਲੀ ’ਤੇ ਮੋੜਵਾਂ ਵਾਰ ਕਰਨ ਲਈ ਵੱਡੇ ਪ੍ਰੋਗਰਾਮ ਉਲੀਕਣ ਲੱਗੀਆਂ ਹਨ।
ਰਾਹੁਲ ਨੇ ਕਿਸਾਨੀ ਅਤੇ ਨਸ਼ਿਆਂ ਤੋਂ ਇਲਾਵਾ ਅਮਨ-ਕਾਨੂੰਨ ਦੀ ਸਥਿਤੀ ਨੂੰ ਸੰਗਰੂਰ ਰੈਲੀ ’ਚ ਉਭਾਰਿਆ ਹੈ। ਕਾਂਗਰਸ ਨੂੰ ਮਾਲਵਾ ਖ਼ਿੱਤੇ ’ਚੋਂ 2022 ’ਚ ਗਿੱਦੜਬਾਹਾ ਤੇ ਅਬੋਹਰ ਸੀਟ ’ਤੇ ਹੀ ਜਿੱਤ ਹਾਸਲ ਮਿਲੀ ਸੀ, ਜੋ ਕਾਂਗਰਸ ਲਈ ਵੱਡੀ ਸਿਆਸੀ ਸੱਟ ਸੀ। 2017 ਦੀਆਂ ਚੋਣਾਂ ’ਚ ਕਾਂਗਰਸ ਨੇ ਮਾਲਵੇ ’ਚੋਂ 40 ਸੀਟਾਂ ਅਤੇ 2012 ’ਚ ਕਰੀਬ 32 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ। ਹੁਣ ਕਾਂਗਰਸ ਨੇ ਮੁੜ ਮਾਲਵਾ ’ਤੇ ਧਿਆਨ ਦੇਣਾ ਸ਼ੁਰੂ ਕੀਤਾ ਹੈ। ਹਾਲਾਂਕਿ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਵੀ ਹੁਣ ਦੋਆਬਾ ਖੇਤਰ ਕੋਲ ਹੈ।
ਭਾਜਪਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਦੋ ਰੈਲੀਆਂ ਬਠਿੰਡਾ ਅਤੇ ਪਟਿਆਲਾ ’ਚ ਕਰਾਉਣ ਦੀ ਵਿਉਂਤ ਬਣਾਈ ਗਈ ਹੈ ਜਦੋਂ ਕਿ ਸ਼੍ੋਮਣੀ ਅਕਾਲੀ ਦਲ ਵੀ ਆਪਣਾ ਰਵਾਇਤੀ ਗੜ੍ਹ ਬਚਾਉਣ ਲਈ ਮਾਲਵੇ ’ਤੇ ਹੀ ਜ਼ਿਆਦਾ ਜ਼ੋਰ ਲਗਾ ਰਿਹਾ ਹੈ। ਅਕਾਲੀ ਦਲ (ਵਾਰਿਸ ਪੰਜਾਬ) ਦੇ ਵੱਲੋਂ ਮਾਝੇ ਤੋਂ ਬਾਅਦ ਹੁਣ ਮਾਲਵੇ ’ਚ ਗੇੜੇ ਵਧਾਏ ਗਏ ਹਨ। ਆਮ ਆਦਮੀ ਪਾਰਟੀ ਵੀ ਮਾਨਸਾ ਦੇ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਮਾਮਲੇ ਨੂੰ ਨਿਬੇੜਨ ਮਗਰੋਂ ਮਾਲਵੇ ’ਚ ਨਵੇਂ ਸਿਆਸੀ ਪ੍ਰੋਗਰਾਮ ਉਲੀਕੇਗੀ।
ਆਮ ਆਦਮੀ ਪਾਰਟੀ ਮਾਲਵੇ ’ਚ ਨਹਿਰੀ ਪਾਣੀ ਨੂੰ ਵੱਡੀ ਪ੍ਰਾਪਤੀ ਦੇ ਤੌਰ ’ਤੇ ਉਭਾਰੇਗੀ ਜਦੋਂ ਕਿ ਵਿਰੋਧੀ ਧਿਰਾਂ ਨਸ਼ਿਆਂ ਦੇ ਮੁੱਦੇ ਨੂੰ ਕੇਂਦਰ ਬਿੰਦੂ ’ਚ ਰੱਖਣਗੀਆਂ ਕਿਉਂਕਿ ਨਸ਼ਿਆਂ ਤੋਂ ਮਾਲਵੇ ਦਾ ਕੋਈ ਕੋਨਾ ਨਹੀਂ ਬਚਿਆ।
‘ਆਪ’ ਆਪਣਾ ਕਿਲਾ ਬਚਾਉਣ ਲਈ ਵਾਹ ਲਾਏਗੀ
‘ਆਪ’ ਨੂੰ ਪਹਿਲੀ ਦਫ਼ਾ 2014 ’ਚ ਚਾਰ ਸੰਸਦ ਮੈਂਬਰ ਵੀ ਮਾਲਵਾ ਖਿੱਤੇ ਨੇ ਦਿੱਤੇ ਸਨ। ਸਾਲ 2022 ਦੀਆਂ ਚੋਣਾਂ ’ਚ ‘ਆਪ’ ਨੂੰ ਮਾਲਵੇ ਦੀਆਂ 69 ਸੀਟਾਂ ’ਚੋਂ 66 ਸੀਟਾਂ ’ਤੇ ਜਿੱਤ ਹਾਸਲ ਹੋਈ ਸੀ। ਪਿਛਲੇ ਸਮੇਂ ਤੋਂ ਮਾਲਵਾ ਖਿੱਤਾ ‘ਆਪ’ ਦੇ ਗੜ੍ਹ ਮੰਨਿਆ ਜਾਂਦਾ ਰਿਹਾ ਹੈ। ‘ਆਪ’ ਆਪਣੇ ਸਿਆਸੀ ਕਿਲੇ ਨੂੰ ਬਚਾਉਣ ਲਈ ਹੁਣ ਪੂਰੀ ਵਾਹ ਲਾਏਗੀ।

