ਆਮ ਆਦਮੀ ਪਾਰਟੀ (ਆਪ) ਦੇ ਆਗੂਆਂ ਨੇ ਕਾਂਗਰਸੀ ਆਗੂ ਹਰਕ ਸਿੰਘ ਰਾਵਤ ਵੱਲੋਂ ਸਿੱਖਾਂ ਬਾਰੇ ਟਿੱਪਣੀ ਕਰਨ ’ਤੇ ਕਾਂਗਰਸ ਦੀ ਘੇਰਾਬੰਦੀ ਕੀਤੀ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕਾਂਗਰਸ ਦੀ ਸਿੱਖਾਂ ਪ੍ਰਤੀ ਮਾਨਸਿਕਤਾ ਨਹੀਂ ਬਦਲੀ।
ਰਾਵਤ ਦੀ ਟਿੱਪਣੀ ਲਈ ਸਮੁੱਚੀ ਕਾਂਗਰਸ ਮੁਆਫ਼ੀ ਮੰਗੇ। ਸਿੱਖ ਕੌਮ ਨੇ ਸਭ ਤੋਂ ਵੱਧ ਕੁਰਬਾਨੀਆਂ ਦੇ ਕੇ ਦੇਸ਼ ਨੂੰ ਆਜ਼ਾਦ ਕਰਵਾਇਆ। ਕਾਂਗਰਸੀਆਂ ਨੇ ਹਮੇਸ਼ਾ ਸਿੱਖਾਂ ਦੇ ਜ਼ਖ਼ਮਾਂ ’ਤੇ ਮੱਲ੍ਹਮ ਲਾਉਣ ਦੀ ਥਾਂ ਲੂਣ ਛਿੜਕਿਆ ਹੈ। ਉਨ੍ਹਾਂ 1984 ਦੇ ਸਿੱਖ ਕਤਲੇਆਮ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਓਹੀ ਲੋਕ ਹਨ, ਜਿਨ੍ਹਾਂ ਨੇ ’84 ’ਚ ਨਿਰਦੋਸ਼ ਸਿੱਖਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਅੱਗ ਲਾਈ ਅਤੇ ਬੇਕਸੂਰ ਲੋਕਾਂ ਦੇ ਕਤਲ ਕਰਵਾਏ। ਉਨ੍ਹਾਂ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ, ਰਾਹੁਲ ਗਾਂਧੀ ਅਤੇ ਹਰਕ ਸਿੰਘ ਰਾਵਤ ਨੂੰ ਮੁਆਫ਼ੀ ਮੰਗਣ ਲਈ ਕਿਹਾ। ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਉੱਤਰਾਖੰਡ ਵਿੱਚ ਜਨਤਕ ਮੀਟਿੰਗ ਵਿੱਚ ਸਿੱਖਾਂ ਵਿਰੁੱਧ ਅਪਮਾਨਜਨਕ ਟਿੱਪਣੀਆਂ ਕਰਨ ਲਈ ਕਾਂਗਰਸ ਆਗੂ ਹਰਕ ਸਿੰਘ ਰਾਵਤ ਦੀ ਸਖ਼ਤ ਨਿਖੇਧੀ ਕੀਤੀ ਹੈ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਸਿੱਖ ਇਸ ਤਰ੍ਹਾਂ ਦੇ ਅਪਮਾਨ ਨੂੰ ਨਾ ਭੁੱਲਣਗੇ ਅਤੇ ਨਾ ਹੀ ਮੁਆਫ਼ ਕਰਨਗੇ। ‘ਆਪ’ ਦੇ ਵਿਧਾਇਕ ਇੰਦਰਬੀਰ ਸਿੰਘ ਨਿੱਝਰ ਨੇ ਕਿਹਾ ਕਿ ਸਿੱਖ ਹਮੇਸ਼ਾ ਦੇਸ਼ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਰਿਹਾ ਹੈ ਪਰ ਕਾਂਗਰਸ ਵਾਰ-ਵਾਰ ਸਿੱਖਾਂ ਦੇ ਵਿਰੁੱਧ ਖੜ੍ਹੀ ਹੈ। ਉਨ੍ਹਾਂ ਮੰਗ ਕੀਤੀ ਕਿ ਕਾਂਗਰਸ ਤੁਰੰਤ ਸਿੱਖਾਂ ਤੋਂ ਮੁਆਫ਼ੀ ਮੰਗੇ ਅਤੇ ਹਰਕ ਸਿੰਘ ਰਾਵਤ ਖ਼ਿਲਾਫ਼ ਸਖ਼ਤ ਕਾਰਵਾਈ ਕਰੇ।

