ਮੁੱਖ ਮੰਤਰੀ ਦਾ ਘਰ ਘੇਰਨ ਜਾਂਦੇ ਕਾਂਗਰਸੀ ਪੁਲੀਸ ਨੇ ਰੋਕੇ
ਮਹਿਲਾ ਕਾਂਗਰਸ ਵੱਲੋਂ ਸਰਕਾਰ ਖ਼ਿਲਾਫ਼ ਮੁਜ਼ਾਹਰਾ; ਜਬਰ-ਜਨਾਹ ਮਾਮਲੇ ’ਚ ਕਾਰਵਾਈ ਮੰਗੀ
ਪੰਜਾਬ ਮਹਿਲਾ ਕਾਂਗਰਸ ਨੇ ਅੱਜ ‘ਆਪ’ ਸਰਕਾਰ ਦੀਆਂ ਨਾਕਾਮੀਆਂ ਅਤੇ ਔਰਤ ਵਿਰੋਧੀ ਨੀਤੀਆਂ ਖ਼ਿਲਾਫ਼ ਚੰਡੀਗੜ੍ਹ ਦੇ ਸੈਕਟਰ 15 ਸਥਿਤ ਪੰਜਾਬ ਕਾਂਗਰਸ ਦੇ ਦਫ਼ਤਰ ਅੱਗੇ ਮੁਜ਼ਾਹਰਾ ਕੀਤਾ। ਇਸ ਦੌਰਾਨ ਪੰਜਾਬ ਮਹਿਲਾ ਕਾਂਗਰਸ ਦੀਆਂ ਵਰਕਰਾਂ ਜਿਵੇਂ ਹੀ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਅੱਗੇ ਵਧੀਆਂ ਤਾਂ ਚੰਡੀਗੜ੍ਹ ਪੁਲੀਸ ਨੇ ਰਾਹ ਵਿੱਚ ਬੈਰੀਕੇਡਿੰਗ ਲਾ ਕੇ ਉਨ੍ਹਾਂ ਨੂੰ ਰੋਕ ਲਿਆ। ਮਹਿਲਾ ਕਾਂਗਰਸ ਦੀਆਂ ਆਗੂਆਂ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ‘ਆਪ’ ਸਰਕਾਰ ਨੂੰ ਜਬਰ-ਜਨਾਹ ਕਰਨ ਵਾਲਿਆਂ ਨੂੰ ਪਨਾਹ ਦੇਣ ਵਾਲੀ ਅਤੇ ਭ੍ਰਿਸ਼ਟਾਚਾਰੀਆਂ ਦੀ ਸਰਕਾਰ ਕਰਾਰ ਦਿੱਤਾ।
ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਬਲਜੀਤ ਕੌਰ ਨੇ ਸੂਬਾ ਸਰਕਾਰ ’ਤੇ ਦੋਸ਼ ਲਾਇਆ ਕਿ ਮੁੱਖ ਮੰਤਰੀ ਦੀ ਪਤਨੀ ਵੱਲੋਂ ਜਬਰ-ਜਨਾਹ ਦੇ ਇਕ ਮਾਮਲੇ ਦਾ ਨਿਬੇੜਾ ਕਰਵਾਉਣ ਲਈ ਕਥਿਤ ਤੌਰ ’ਤੇ ਪੰਜ ਕਰੋੜ ਰੁਪਏ ਲਏ ਗਏ ਸਨ। ਉਨ੍ਹਾਂ ਨੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਾਉਣ ਦੀ ਮੰਗ ਕੀਤੀ। ਪੰਜਾਬ ਸਰਕਾਰ ਇੱਕ ਪਾਸੇ ਧੀਆਂ ਅਤੇ ਮਾਵਾਂ ਨੂੰ ਮਹਿਜ਼ 1,000-1,500 ਰੁਪਏ ਦੇ ਵਾਅਦਿਆਂ ਨਾਲ ਪਾਸੇ ਕੀਤਾ ਜਾ ਰਿਹਾ ਹੈ, ਉੱਥੇ ਹੀ ਪੈਸੇ ਦੇ ਦਮ ’ਤੇ ਇੱਕ ਜਬਰ-ਜਨਾਹ ਦੇ ਦੋਸ਼ੀ ਨੂੰ ਬਚਾਇਆ ਜਾ ਰਿਹਾ ਹੈ। ਮੁਹਾਲੀ ਦੀ ਜ਼ਿਲ੍ਹਾ ਪ੍ਰਧਾਨ ਪਰਮਜੀਤ ਕੌਰ ਅਤੇ ਸੂਬਾ ਸਕੱਤਰ ਚਰਨਜੀਤ ਕੌਰ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨ ਵਾਲਿਆਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਹਿਲਾ ਕਾਂਗਰਸ ਨੇ ਚਿਤਾਵਨੀ ਦਿੱਤੀ ਕਿ ਜੇ ਮੁਲਜ਼ਮਾਂ ਖ਼ਿਲਾਫ਼ ਜਲਦ ਕਾਰਵਾਈ ਨਾ ਕੀਤੀ ਗਈ ਤਾਂ ਪੰਜਾਬ ਸਰਕਾਰ ਵਿਰੁੱਧ ਪੰਜਾਬ ਦੇ ਹਰੇਕ ਜ਼ਿਲ੍ਹੇ ਵਿੱਚ ਮੁਜ਼ਾਹਰੇ ਕੀਤੇ ਜਾਣਗੇ।

