ਪੰਜਾਬ ’ਚ ਹਰ ਥਾਂ ਮੁੱਖ ਮੰਤਰੀ ਨੂੰ ਕਾਲੇ ਝੰਡੇ ਦਿਖਾਉਣਗੇ ਕਾਂਗਰਸੀ: ਵੜਿੰਗ
ਪੰਜਾਬ ਕਾਂਗਰਸ ਪ੍ਰਧਾਨ ਨੇ ਪੁਲੀਸ ਤਸ਼ੱਦਦ ਦਾ ਸ਼ਿਕਾਰ ਨੌਜਵਾਨ ਦਾ ਹਾਲ-ਚਾਲ ਪੁੱਛਿਆ; ਰਾਹੁਲ ਗਾਂਧੀ ਨੇ ਵੀ ਫੋਨ ’ਤੇ ਗੱਲਬਾਤ ਕੀਤੀ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇੱਥੇ ਸਿਵਲ ਹਸਪਤਾਲ ਪੁੱਜ ਕੇ ਜਿੱਥੇ ਪੁਲੀਸ ਤਸ਼ੱਦਦ ਦਾ ਸ਼ਿਕਾਰ ਮੋਹਣਜੀਤ ਸਿੰਘ ਸ਼ੇਰੋਂ ਦਾ ਹਾਲ ਜਾਣਿਆ, ਉੱਥੇ ਪਾਰਟੀ ਦੇ ਕੌਮੀ ਆਗੂ ਰਾਹੁਲ ਗਾਂਧੀ ਨੇ ਵੀ ਫੋਨ ’ਤੇ ਪੀੜਤ ਨਾਲ ਗੱਲਬਾਤ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਜਿਉਂ ਹੀ ਸ੍ਰੀ ਗਾਂਧੀ ਕੋਲ ਇਹ ਮੁੱਦਾ ਪੁੱਜਿਆ ਤਾਂ ਉਨ੍ਹਾਂ ਚਿੰਤਾ ਜ਼ਾਹਰ ਕੀਤੀ। ਦੇਸ਼ ਭਰ ਵਿੱਚ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਰਾਜਪਾਲ ਅਤੇ ਮੁੱਖ ਮੰਤਰੀਆਂ ਨੂੰ ਵੀ ਲੋਕਾਂ ਵੱਲੋਂ ਸਮੇਂ-ਸਮੇਂ ਕਾਲੇ ਝੰਡੇ ਦਿਖਾਏ ਗਏ, ਪਰ ਕਿਸੇ ਨੇ ਵੀ ਅਜਿਹਾ ਵਿਵਹਾਰ ਨਹੀਂ ਕੀਤਾ। ਰਾਹੁਲ ਗਾਂਧੀ ਨੇ ਆਖਿਆ ਕਿ ਮੋਹਣਜੀਤ ਨੂੰ ਇਨਸਾਫ਼ ਦਿਵਾਉਣ ਲਈ ਡਟ ਕੇ ਲੜਾਈ ਲੜੀ ਜਾਵੇ ਅਤੇ ਉਨ੍ਹਾਂ ਪੀੜਤ ਨੌਜਵਾਨ ਨੂੰ ਭਰੋਸਾ ਵੀ ਦਿਵਾਇਆ। ਕਾਂਗਰਸ ਪਾਰਟੀ ਨੇ ਫ਼ੈਸਲਾ ਕੀਤਾ ਹੈ ਕਿ ਪੰਜਾਬ ਵਿੱਚ ਜਿੱਥੇ-ਜਿੱਥੇ ਵੀ ਮੁੱਖ ਮੰਤਰੀ ਜਾਣਗੇ, ਉੱਥੇ ਕਾਂਗਰਸੀ ਵਰਕਰਾਂ ਵੱਲੋਂ ਕਾਲੇ ਝੰਡੇ ਵਿਖਾਏ ਜਾਣਗੇ। ਉਨ੍ਹਾਂ ਦੋਸ਼ ਲਾਇਆ ਕਿ ਪੀੜਤ ਨੌਜਵਾਨ ਦਾ ਮੈਡੀਕਲ ਕਰਵਾਇਆ ਹੀ ਨਹੀਂ ਗਿਆ, ਸਿਰਫ਼ ਡੋਪ ਟੈਸਟ ਕਰਵਾਇਆ ਗਿਆ ਹੈ, ਉਹ ਵੀ ਧੱਕੇ ਨਾਲ ਕੁੱਝ ਖਵਾ ਪਿਆ ਕੇ। ਉਨ੍ਹਾਂ ਕਿਹਾ ਕਿ ਪੁਲੀਸ ਤਸ਼ੱਦਦ ਦੀ ਜਾਂਚ ਜ਼ਿਲ੍ਹਾ ਪੁਲੀਸ ਮੁਖੀ ਵੱਲੋਂ ਐੱਸ ਪੀ ਰੈਂਕ ਦੇ ਅਧਿਕਾਰੀ ਨੂੰ ਦਿੱਤੀ ਗਈ ਹੈ ਜੋ ਕਲੀਨ ਚਿੱਟ ਦੇਵੇਗਾ। ਪੁਲੀਸ ਤਸ਼ੱਦਦ ਅਤੇ ਕਕਾਰਾਂ ਦੀ ਬੇਅਦਬੀ ਕਰਨ ਵਾਲੇ ਡੀ ਐੱਸ ਪੀ ਨੂੰ ਤੁਰੰਤ ਬਰਖਾਸਤ ਕਰ ਦੇਣਾ ਚਾਹੀਦਾ ਹੈ ਪਰ ਸਰਕਾਰ ਉਨ੍ਹਾਂ ਨੂੰ ਬਚਾਉਣ ਲੱਗੀ ਹੈ।
ਇਸ ਮੌਕੇ ਪੰਜਾਬ ਯੂਥ ਕਾਂਗਰਸ ਪ੍ਰਧਾਨ ਸ਼ੁਭਮ ਸ਼ਰਮਾ, ਕੈਪਟਨ ਸੰਦੀਪ ਸੰਧੂ, ਸੁਰਿੰਦਰਪਾਲ ਸਿੰਘ ਸਿਬੀਆ, ਰਾਜਿੰਦਰ ਰਾਜਾ ਬੀਰਕਲਾਂ, ਜਗਦੇਵ ਗਾਗਾ, ਰਾਜਿੰਦਰ ਦੀਪਾ, ਪ੍ਰਿਤਪਾਲ ਕੌਰ ਬਡਲਾ ਅਤੇ ਹਰਪਾਲ ਸੋਨੂੰ ਮੌਜੂਦ ਸਨ।
ਮੁਜ਼ਾਹਰੇ ’ਚ ਜ਼ਿਲ੍ਹਾ ਕਾਂਗਰਸ ਸ਼ਾਮਲ ਹੋਵੇਗੀ
ਰਾਜਾ ਵੜਿੰਗ ਨੇ ਕਿਹਾ ਕਿ ਮੋਹਣਜੀਤ ਸਿੰਘ ਸ਼ੇਰੋਂ ਨੂੰ ਇਨਸਾਫ਼ ਦਿਵਾਉਣ ਲਈ ਭਲਕੇ 6 ਸਤੰਬਰ ਨੂੰ ਐੱਸ ਐੱਸ ਪੀ ਦਫ਼ਤਰ ਅੱਗੇ ਹੋਣ ਵਾਲੇ ਮੁਜ਼ਾਹਰੇ ਵਿੱਚ ਜ਼ਿਲ੍ਹਾ ਕਾਂਗਰਸ ਸ਼ਾਮਲ ਹੋਵੇਗੀ। ਜੇ ਇਨਸਾਫ਼ ਨਾ ਮਿਲਿਆ ਤਾਂ ਕਾਂਗਰਸ ਆਪਣੇ ਪੱਧਰ ’ਤੇ ਮੁੱਖ ਮੰਤਰੀ ਅਤੇ ਐੱਸ ਐੱਸ ਪੀ ਦਾ ਘਿਰਾਓ ਕਰੇਗੀ।

