ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 25 ਜੂਨ
ਬਜਟ ਇਜਲਾਸ ਦੇ ਦੂਜੇ ਦਿਨ ਅੱਜ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਰਾਜਪਾਲ ਵੱਲੋਂ ਦਿੱਤੇ ਭਾਸ਼ਣ ’ਤੇ ਬਹਿਸ ਦਾ ਜਵਾਬ ਦੇਣ ਲੱਗੇ ਤਾਂ ਕਾਂਗਰਸੀ ਵਿਧਾਇਕਾਂ ਨੇ ਸਦਨ ਵਿੱਚ ਬਹਿਸ ’ਤੇ ਬੋਲਣ ਦਾ ਸਮਾਂ ਨਾ ਦਿੱਤੇ ਜਾਣ ਕਾਰਨ ਹੰਗਾਮਾ ਸ਼ੁਰੂ ਕਰ ਦਿੱਤਾ। ਮੁੱਖ ਮੰਤਰੀ ਦੇ ਭਾਸ਼ਣ ’ਚ ਥੋੜ੍ਹਾ ਵਿਘਨ ਵੀ ਪਿਆ ਤੇ ਮਗਰੋਂ ਕਾਂਗਰਸੀ ਵਿਧਾਇਕ ਸਪੀਕਰ ਦੇ ਆਸਣ ਅੱਗੇ ਆ ਕੇ ਬੋਲਣ ਲੱਗੇ। ਕਾਂਗਰਸੀ ਵਿਧਾਇਕ ਵਾਕਆਊਟ ਕਰਨ ਲੱਗੇ ਤਾਂ ਮੁੱਖ ਮੰਤਰੀ ਮਾਨ ਨੇ ਕਹਿ ਦਿੱਤਾ ਕਿ ‘ਕਾਂਗਰਸ ਨੂੰ ਸੁਣਨ ਦੀ ਆਦਤ ਨਹੀਂ।’
ਕਾਂਗਰਸੀ ਵਿਧਾਇਕ ਮੁੜ ਬੈਂਚਾਂ ’ਤੇ ਬੈਠ ਗਏ। ਉਸ ਮਗਰੋਂ ਫੌਰੀ ਵਾਕਆਊਟ ਕਰ ਦਿੱਤਾ ਜਦਕਿ ਸ਼੍ਰੋਮਣੀ ਅਕਾਲੀ ਦਲ, ਬਸਪਾ ਅਤੇ ਭਾਜਪਾ ਦੇ ਵਿਧਾਇਕ ਬੈਠੇ ਰਹੇ। ਵਾਕਆਊਟ ਕਰਨ ਤੋਂ ਪਹਿਲਾਂ ਕਾਂਗਰਸੀ ਵਿਧਾਇਕ ਜੱਕੋਤਕੀ ਵਿਚ ਸਨ ਅਤੇ ਖਾਸ ਕਰਕੇ ਪ੍ਰਤਾਪ ਸਿੰਘ ਬਾਜਵਾ ਵਾਕਆਊਟ ਦੇ ਰੌਂਅ ਵਿੱਚ ਨਹੀਂ ਜਾਪਦੇ ਸਨ ਪਰ ਪਿੱਛੋਂ ਕਾਂਗਰਸੀ ਵਿਧਾਇਕਾਂ ਨੇ ਵਾਕਆਊਟ ਕਰ ਦਿੱਤਾ। ਸੈਸ਼ਨ ਮਗਰੋਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਉਨ੍ਹਾਂ ਸਮੇਤ ਅੱਜ ਰਾਜਾ ਵੜਿੰਗ ਅਤੇ ਸੁਖਜਿੰਦਰ ਰੰਧਾਵਾ ਨੇ ਬਹਿਸ ’ਤੇ ਬੋਲਣਾ ਸੀ ਪਰ ਉਨ੍ਹਾਂ ਨੂੰ ਬੋਲਣ ਲਈ ਸਮਾਂ ਹੀ ਨਹੀਂ ਦਿੱਤਾ ਗਿਆ।
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੈਸ਼ਨ ਮੁਲਤਵੀ ਹੋਣ ਮਗਰੋਂ ਕਿਹਾ ਕਿ ਸਪੀਕਰ ਨੇ ਅੱਜ ਬਹਿਸ ’ਤੇ ਕਾਂਗਰਸ ਨੂੰ ਬੋਲਣ ਦਾ ਸਮਾਂ ਨਹੀਂ ਦਿੱਤਾ ਜਿਸ ਕਰਕੇ ਉਨ੍ਹਾਂ ਨੂੰ ਵਾਕਆਊਟ ਕਰਨਾ ਪਿਆ। ਉਨ੍ਹਾਂ ਕਿਹਾ ਕਿ ਸੈਸ਼ਨ ਅੱਜ ਦੋ ਘੰਟੇ ਪਹਿਲਾਂ ਮੁਲਤਵੀ ਕਰ ਦਿੱਤਾ ਗਿਆ ਹੈ ਜਿਸ ਨਾਲ ਕਰੀਬ ਡੇਢ ਕਰੋੋੜ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਅੱਜ ਕੁੱਲੂ ਵਿੱਚ ਤਿਰੰਗਾ ਯਾਤਰਾ ਵਿਚ ਸ਼ਾਮਿਲ ਹੋਣਾ ਸੀ ਜਿਸ ਕਰਕੇ ਸੈਸ਼ਨ ਪਹਿਲਾਂ ਖਤਮ ਕਰ ਦਿੱਤਾ ਗਿਆ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ‘ਆਪ’ ਸਰਕਾਰ ਕਿੰਨੀ ਕੁ ਸੰਜੀਦਾ ਹੈ। ਕਾਂਗਰਸੀ ਵਿਧਾਇਕਾਂ ਨੇ ਸਪੀਕਰ ਦੇ ਦਫ਼ਤਰ ’ਚ ਉਨ੍ਹਾਂ ਨਾਲ ਮੁਲਾਕਾਤ ਕਰਕੇ ਬੋਲਣ ਲਈ ਸਮਾਂ ਨਾ ਦਿੱਤੇ ਜਾਣ ਦਾ ਮੁੱਦਾ ਉਠਾਇਆ।
ਕਾਂਗਰਸ ਨੂੰ ਬਣਦਾ ਸਮਾਂ ਦਿੱਤਾ: ਸਪੀਕਰ
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮੰਤਰੀ ਦੇ ਭਾਸ਼ਣ ਨੂੰ ਵਿਰਾਮ ਦੇ ਕੇ ਦੱਸਿਆ ਕਿ ਬਹਿਸ ਲਈ ‘ਆਪ’ ਨੂੰ 4.43 ਘੰਟੇ ਦਾ ਸਮਾਂ ਅਲਾਟ ਹੋਇਆ ਅਤੇ ਕਾਂਗਰਸ ਨੂੰ 55 ਮਿੰਟ ਦਾ ਸਮਾਂ ਅਲਾਟ ਕੀਤਾ ਗਿਆ ਪ੍ਰੰਤੂ ਕਾਂਗਰਸ ਨੇ 57 ਮਿੰਟ ਦਾ ਸਮਾਂ ਲਾਇਆ। ਸ਼੍ਰੋਮਣੀ ਅਕਾਲੀ ਦਲ ਨੂੰ ਅਨੁਪਾਤ ਦੇ ਹਿਸਾਬ ਨਾਲ 9 ਮਿੰਟ ਦਾ ਸਮਾਂ ਦਿੱਤਾ ਗਿਆ ਪ੍ਰੰਤੂ ਅਕਾਲੀ ਦਲ ਨੇ ਵੀ ਵੱਧ ਸਮਾਂ ਲਿਆ। ਉਨ੍ਹਾਂ ਕਿਹਾ ਕਿ ਮੈਂਬਰਾਂ ਦੀ ਗਿਣਤੀ ਦੇ ਅਨੁਪਾਤ ਅਨੁਸਾਰ ਸਮੇਂ ਦੀ ਵੰਡ ਕੀਤੀ ਜਾਂਦੀ ਹੈ।
ਕਾਂਗਰਸ ਨੂੰ ਬਾਹਰ ਲੋਕ ਨਹੀਂ ਸੁਣਦੇ: ਮੁੱਖ ਮੰਤਰੀ
ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ਦੇ ਵਾਕਆਊਟ ’ਤੇ ਤਨਜ਼ ਕਸਦਿਆਂ ਕਿਹਾ ਕਿ ‘ਇਨ੍ਹਾਂ ਨੂੰ ਨਾ ਬਾਹਰ ਲੋਕ ਸੁਣਦੇ ਨੇ ਅਤੇ ਨਾ ਕੋਈ ਇੱਥੇ।’ ਉਨ੍ਹਾਂ ਕਿਹਾ ਕਿ ਸੰਸਦ ’ਚ ਵੀ ਕਾਂਗਰਸ ਦੇ ਮੈਂਬਰ ਆਪ ਬੋਲ ਕੇ ਚਲੇ ਜਾਂਦੇ ਹਨ। 10-15 ਮਿੰਟਾਂ ਮਗਰੋਂ ਪਾਣੀ ਪੀ ਕੇ ਵਾਪਸ ਆ ਜਾਂਦੇ ਹਨ। ਮੁੱਖ ਮੰਤਰੀ ਨੇ ਸਦਨ ਵਿੱਚ ਕਾਂਗਰਸੀ ਵਿਧਾਇਕਾਂ ਦੀ ਗੈਰਹਾਜ਼ਰੀ ਵਿੱਚ ਆਪਣਾ ਭਾਸ਼ਣ ਮੁਕੰਮਲ ਕੀਤਾ।