DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਾਂਗਰਸੀ ਆਗੂ ਸੁਖਰਾਜ ਸਿੰਘ ਨੱਤ ਦੇ ਪੁੱਤਰ ਦਵਿੰਦਰਪਾਲ ਖ਼ੁਦਕੁਸ਼ੀ ਮਾਮਲਾ: ਤਿੰਨ ਹਫ਼ਤੇ ਬੀਤਣ ਮਗਰੋਂ ਵੀ ਪੁਲੀਸ ਦੇ ਹੱਥ ਖ਼ਾਲੀ

ਮੁਲਜ਼ਮ ਬਿਲਡਰ ਗ੍ਰਿਫ਼ਤਾਰੀ ਤੋਂ ਬਾਹਰ: ਕਰੋੜਾਂ ਰੁਪਏ ਦੀ ਹੇਰਾਫੇਰੀ ਦਾ ਇਲਜ਼ਾਮ

  • fb
  • twitter
  • whatsapp
  • whatsapp
featured-img featured-img
ਕਾਂਗਰਸੀ ਆਗੂ ਸੁਖਰਾਜ ਸਿੰਘ ਨੱਤ ਦੇ ਪੁੱਤਰ ਮਰਹੂਮ ਦਵਿੰਦਰਪਾਲ ਸਿੰਘ ਨੱਤ।
Advertisement

ਬਠਿੰਡਾ ਦੇ 34 ਸਾਲਾ ਐਡਵੋਕੇਟ ਦਵਿੰਦਰਪਾਲ ਸਿੰਘ ਨੱਤ ਵੱਲੋਂ ਕੀਤੀ ਗਈ ਕਥਿਤ ਖ਼ੁਦਕੁਸ਼ੀ ਦੇ ਮਾਮਲੇ ਵਿੱਚ ਤਿੰਨ ਹਫ਼ਤੇ ਬੀਤ ਜਾਣ ਦੇ ਬਾਵਜੂਦ ਪੁਲੀਸ ਅਜੇ ਤੱਕ ਕਿਸੇ ਵੀ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ। ਮਰਹੂਮ ਕਾਂਗਰਸੀ ਆਗੂ ਸੁਖਰਾਜ ਸਿੰਘ ਨੱਤ ਦੇ ਪੁੱਤਰ ਦਵਿੰਦਰਪਾਲ ਨੇ 29 ਮਾਰਚ ਨੂੰ ਆਪਣੀ ਰਿਹਾਇਸ਼ ’ਤੇ ਖ਼ੁਦ ਨੂੰ ਗੋਲੀ ਮਾਰ ਲਈ ਸੀ। ਇਸ ਮਾਮਲੇ ਵਿੱਚ ਚੰਡੀਗੜ੍ਹ ਦੇ ਇੱਕ ਨਾਮੀ ਬਿਲਡਰ ਅਤੇ ਉਸ ਦੇ ਦੋ ਪੁੱਤਰਾਂ ’ਤੇ ਗੰਭੀਰ ਇਲਜ਼ਾਮ ਲੱਗੇ ਹਨ।

ਪੁਲੀਸ ਨੇ ਇਸ ਮਾਮਲੇ ਵਿੱਚ ਸੁਸ਼ਮਾ ਬਿਲਡਟੈੱਕ ਲਿਮਟਿਡ, ਚੰਡੀਗੜ੍ਹ ਨਾਲ ਸਬੰਧਤ ਬਿੰਦਰ ਪਾਲ ਮਿੱਤਲ ਅਤੇ ਉਸ ਦੇ ਪੁੱਤਰਾਂ ਪ੍ਰਤੀਕ ਮਿੱਤਲ ਤੇ ਭਰਤ ਮਿੱਤਲ ਵਿਰੁੱਧ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਬਠਿੰਡਾ ਦੇ ਐੱਸ.ਪੀ. (ਸਿਟੀ) ਨਰਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੇ ਸਾਰੇ ਬੈਂਕ ਖਾਤੇ ਸੀਲ ਕਰ ਦਿੱਤੇ ਗਏ ਹਨ ਅਤੇ ਬਿਊਰੋ ਆਫ ਇਮੀਗ੍ਰੇਸ਼ਨ ਰਾਹੀਂ ਉਨ੍ਹਾਂ ਵਿਰੁੱਧ ਲੁੱਕ-ਆਊਟ ਸਰਕੂਲਰ (LOC) ਵੀ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੁਲੀਸ ਦੀਆਂ ਟੀਮਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ।

Advertisement

ਕੀ ਸੀ ਪੂਰਾ ਮਾਮਲਾ?

ਖ਼ੁਦਕੁਸ਼ੀ ਵਰਗਾ ਖ਼ੌਫ਼ਨਾਕ ਕਦਮ ਚੁੱਕਣ ਤੋਂ ਪਹਿਲਾਂ ਦਵਿੰਦਰਪਾਲ ਸਿੰਘ ਨੇ ਇੱਕ ਵੀਡੀਓ ਰਿਕਾਰਡ ਕੀਤੀ ਸੀ ਅਤੇ ਸੁਸਾਈਡ ਨੋਟ ਵੀ ਛੱਡਿਆ ਸੀ। ਨੋਟ ਵਿੱਚ ਇਲਜ਼ਾਮ ਲਾਇਆ ਗਿਆ ਸੀ ਕਿ ਉਸ ਨੇ ਆਪਣੇ 4 ਕਰੋੜ ਰੁਪਏ ਅਤੇ ਦੋਸਤਾਂ ਦੇ ਕਰੀਬ 6-7 ਕਰੋੜ ਰੁਪਏ (ਕੁੱਲ 10 ਕਰੋੜ) ਉਕਤ ਬਿਲਡਰਾਂ ਕੋਲ ਨਿਵੇਸ਼ ਕੀਤੇ ਸਨ, ਜੋ ਵਾਪਸ ਨਹੀਂ ਕੀਤੇ ਜਾ ਰਹੇ ਸਨ। ਇਸੇ ਮਾਨਸਿਕ ਪਰੇਸ਼ਾਨੀ ਕਾਰਨ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

Advertisement

ਜ਼ਿਕਰਯੋਗ ਹੈ ਕਿ ਪੀੜਤ ਪਰਿਵਾਰ ਨੇ ਸ਼ੁਰੂ ਵਿੱਚ ਮੁਲਜ਼ਮਾਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਮ੍ਰਿਤਕ ਦੀ ਦੇਹ ਦਾ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਪੁਲੀਸ ਵੱਲੋਂ ਜਲਦ ਅਤੇ ਨਿਰਪੱਖ ਕਾਰਵਾਈ ਦੇ ਦਿੱਤੇ ਭਰੋਸੇ ਮਗਰੋਂ ਹੀ 6 ਅਪ੍ਰੈਲ ਨੂੰ ਅੰਤਿਮ ਰਸਮਾਂ ਨਿਭਾਈਆਂ ਗਈਆਂ ਸਨ। ਪਰ ਹੁਣ 14 ਦਿਨ ਹੋਰ ਬੀਤ ਜਾਣ ’ਤੇ ਵੀ ਕੋਈ ਗ੍ਰਿਫ਼ਤਾਰੀ ਨਾ ਹੋਣ ਕਾਰਨ ਪਰਿਵਾਰ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ।

Advertisement
×