ਪੰਜਾਬ ਭਰ ਦੇ ਕਮਿਊਨਟੀ ਹੈਲਥ ਅਫ਼ਸਰਾਂ ਨੇ ਸ਼ੁਰੂ ਕੀਤੀ ਹੜਤਾਲ
2500 ਤੋਂ ਵੱਧ ਆਯੁਸ਼ਮਾਨ ਆਰੋਗਿਆ ਕੇਂਦਰਾਂ ਦੀਆਂ ਸੇਵਾਵਾਂ ਪ੍ਰਭਾਵਿਤ
ਪੰਜਾਬ ਭਰ ਦੇ ਕਮਿਊਨਟੀ ਹੈਲਥ ਅਫ਼ਸਰਾਂ (ਸੀ ਐੱਚ ਓ) ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮੁਕੰਮਲ ਹੜਤਾਲ ਸ਼ੁਰੂ ਕਰ ਦਿੱਤੀ ਹੈ। ਹੜਤਾਲ ਕਾਰਨ ਸੂਬੇ ਦੇ ਕਰੀਬ 2500 ਆਯੁਸ਼ਮਾਨ ਆਰੋਗਿਆ ਕੇਂਦਰਾਂ ਦੀਆਂ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਬਠਿੰਡਾ ਸਮੇਤ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸੀ ਐੱਚ ਓ ਨੇ ਸਿਵਲ ਸਰਜਨ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਨਵੀਆਂ ਗਾਈਡਲਾਈਨਜ਼ ਦੀਆਂ ਕਾਪੀਆਂ ਸਾੜ ਕੇ ਰੋਸ ਜਤਾਇਆ।
ਸੀ ਐੱਚ ਓ ਐਸੋਸੀਏਸ਼ਨ ਦੀ ਸੂਬਾ ਕਮੇਟੀ ਮੈਂਬਰ ਰਮਨਵੀਰ ਕੌਰ ਨੇ ਦੋਸ਼ ਲਾਇਆ ਕਿ ਸਰਕਾਰ ਨੇ ਤਨਖ਼ਾਹ ਵਿੱਚ 5000 ਰੁਪਏ ਦਾ ਸਥਾਈ ਵਾਧਾ ਕਰਨ ਦਾ ਭਰੋਸਾ ਦਿੱਤਾ ਸੀ, ਪਰ ਬਾਅਦ ਵਿੱਚ ਇਸ ਨੂੰ ਇੰਸੈਂਟਿਵ ਦੇ ਰੂਪ ਵਿੱਚ ਜਾਰੀ ਕਰ ਦਿੱਤਾ ਗਿਆ ਅਤੇ ਇਸ ਨਾਲ ਬੈਂਚਮਾਰਕ ਦੀਆਂ ਸ਼ਰਤਾਂ ਜੋੜ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ 4 ਅਗਸਤ ਨੂੰ ਜਾਰੀ ਨਵੀਆਂ ਹਦਾਇਤਾਂ ਵਿੱਚ ਹੋਰ ਅਜਿਹੀਆਂ ਸ਼ਰਤਾਂ ਸ਼ਾਮਲ ਕੀਤੀਆਂ ਗਈਆਂ ਹਨ, ਜਿਨ੍ਹਾਂ ਨੂੰ ਪੂਰਾ ਕਰਨਾ ਮੁਸ਼ਕਲ ਹੈ। ਯੂਨੀਅਨ ਦਾ ਦੋਸ਼ ਹੈ ਕਿ ਇਸ ਨਾਲ ਸੀ ਐੱਚ ਓ ਨੂੰ ਅਸਲ ਵਿੱਤੀ ਲਾਭ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ।
ਯੂਨੀਅਨ ਆਗੂਆਂ ਨੇ ਕਿਹਾ ਕਿ 5000 ਰੁਪਏ ਦਾ ਸਥਾਈ ਤਨਖ਼ਾਹ ਵਾਧਾ, ਲੌਇਲਟੀ ਬੋਨਸ, ਸੀ ਐੱਚ ਓ ਦਾ ਰੈਗੂਲਰ ਕਾਡਰ ਬਣਾਉਣ, ਤਨਖ਼ਾਹ ਅਤੇ ਇੰਸੈਂਟਿਵ ਨੂੰ ਇੱਕਜੁੱਟ ਕਰਨ ਸਮੇਤ ਕਈ ਮੰਗਾਂ ਲੰਮੇ ਸਮੇਂ ਤੋਂ ਬਕਾਇਆ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਨਾਲ ਕਈ ਵਾਰ ਗੱਲਬਾਤ ਦੀ ਕੋਸ਼ਿਸ਼ ਕੀਤੀ ਗਈ, ਪਰ ਕੋਈ ਹੱਲ ਨਹੀਂ ਨਿਕਲਿਆ।
ਯੂਨੀਅਨ ਨੇ ਐਲਾਨ ਕੀਤਾ ਹੈ ਕਿ 10 ਅਗਸਤ ਨੂੰ ਕੌਮੀ ਹੈਲਥ ਮਿਸ਼ਨ ਦੇ ਚੰਡੀਗੜ੍ਹ ਸਥਿਤ ਮੁੱਖ ਦਫ਼ਤਰ ਅੱਗੇ ਪੰਜਾਬ ਭਰ ਤੋਂ ਸੀ ਐੱਚ ਓ ਵਿਸ਼ਾਲ ਰੋਸ ਧਰਨਾ ਦੇਣਗੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਉੱਥੇ ਹੀ ਸਰਕਾਰ ਜਾਂ ਸਿਹਤ ਵਿਭਾਗ ਵੱਲੋਂ ਯੂਨੀਅਨ ਦੇ ਦੋਸ਼ਾਂ ਸਬੰਧੀ ਕੋਈ ਅਧਿਕਾਰਤ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।

