ਕਰਨਲ ਕੁੱਟਮਾਰ ਮਾਮਲਾ: ਸਿਟ ਨੇ ਢਾਬੇ ’ਤੇ ਸਾਰਾ ਦ੍ਰਿਸ਼ ਦੁਹਰਾਇਆ
ਸਰਬਜੀਤ ਸਿੰਘ ਭੰਗੂ/ਗੁਰਨਾਮ ਸਿੰਘ ਅਕੀਦਾ
ਪਟਿਆਲਾ, 13 ਜੂਨ
ਕਰਨਲ ਪੁਸ਼ਪਿੰਦਰ ਸਿੰਘ ਬਾਠ ਤੇ ਉਨ੍ਹਾਂ ਦੇ ਪੁੱਤਰ ਅੰਗਦ ਸਿੰਘ ਦੀ ਢਾਬੇ ’ਤੇ ਹੋਈ ਕੁੱਟਮਾਰ ਮਾਮਲੇ ’ਚ ਅੱਜ ‘ਸਿਟ’ ਦੀ 7 ਮੈਂਬਰੀ ਟੀਮ ਨੇ ਪੂਰਾ ਦ੍ਰਿਸ਼ ਦੁਹਰਾਇਆ। ਇਸ ਦੌਰਾਨ ਵਾਰਦਾਤ ਵਾਲੇ ਦਿਨ ਵਾਂਗ ਗੱਡੀਆਂ ਖੜ੍ਹੀਆਂ ਕਰ ਕੇ ਸਾਰੀਆਂ ਅੜਚਣਾਂ ਨੂੰ ਵਾਚਿਆ ਗਿਆ। ਪੰਜਾਬ ਦੇ ਹਰਿਆਣਾ ਹਾਈ ਕੋਰਟ ਵੱਲੋਂ ਬਣਾਈ ਗਈ ਸੱਤ ਮੈਂਬਰੀ ਸਿਟ ਨੇ ਦੋ ਦਿਨ ਪਹਿਲਾਂ ਘਟਨਾ ਸਥਾਨ ’ਤੇ ਆ ਕੇ ਬਿਆਨ ਕਲਮਬੰਦ ਕਰ ਲਏ ਸਨ। ਅੱਜ ਟੀਮ ਦੀ ਅਗਵਾਈ ਇੰਸਪੈਕਟਰ ਗਿਆਨ ਚੰਦ ਕੇ ਰਹੇ ਸਨ ਤੇ ਸਿਟ ਵੱਲੋਂ ਢਾਬਾ ਮਾਲਕ ਸਣੇ ਉੱਥੇ ਕੰਮ ਕਰਦੇ ਕਰਿੰਦਿਆਂ ਤੋਂ ਵੀ ਪੁੱਛ-ਪੜਤਾਲ ਕੀਤੀ ਗਈ। ਅੱਜ ਸਿਟ ਦੀ ਟੀਮ ਨੇ ਪੂਰੀ ਵਾਰਦਾਤ ਦੁਹਰਾਈ। ਇਸ ਵੇਲੇ ਵਾਰਦਾਤ ਵਾਲੀ ਥਾਂ ’ਤੇ ਇਕ ਕਾਰ ਖੜ੍ਹੀ ਕੀਤੀ ਗਈ ਤੇ ਦੇਖਿਆ ਗਿਆ ਕਿ ਗੱਡੀ ਖੜ੍ਹੀ ਹੋਣ ਕਾਰਨ ਕੀ ਦਿੱਕਤ ਆ ਰਹੀ ਹੈ? ਅੱਜ ਇਹ ਸਾਰੀ ਘਟਨਾ ਦਿਨ ਵੇਲੇ ਦੁਹਰਾਈ ਗਈ ਪਰ ਕੁੱਟਮਾਰ ਵੇਲੇ ਸਮਾਂ ਰਾਤ ਦਾ ਸੀ। ਰਾਤ ਵੇਲੇ ਸੜਕ ’ਤੇ ਆਵਾਜਾਈ ਘੱਟ ਹੋ ਜਾਂਦੀ ਹੈ। ਸਿਟ ’ਚ ਸ਼ਾਮਲ ਮੈਂਬਰਾਂ ਨੇ ਗੈਰ ਰਸਮੀ ਤੌਰ ’ਤੇ ਕਿਹਾ ਕਿ ਹਾਲੇ ਮਾਮਲੇ ਦੀ ਜਾਂਚ ਚੱਲ ਰਹੀ ਹੈ। ਜਸਵਿੰਦਰ ਕੌਰ ਬਾਠ ਨੇ ਸਿਟ ਦੀ ਕਾਰਵਾਈ ’ਤੇ ਸੰਤੁਸ਼ਟੀ ਪ੍ਰਗਟ ਕੀਤੀ। ਜ਼ਿਕਰਯੋਗ ਹੈ ਕਿ ਪਟਿਆਲਾ ਵਿੱਚ 13-14 ਮਾਰਚ ਦੀ ਰਾਤ ਨੂੰ ਆਰਮੀ ਕਰਨਲ ਤੇ ਉਸ ਦੇ ਪੁੱਤਰ ਨਾਲ ਪੁਲੀਸ ਮੁਲਾਜ਼ਮਾਂ ਵੱਲੋਂ ਕੁੱਟਮਾਰ ਕੀਤੀ ਗਈ ਸੀ।