ਜੋਗਿੰਦਰ ਸਿੰਘ ਮਾਨ
ਮਾਨਸਾ, 2 ਨਵੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਸੂਬਾ ਪੱਧਰੀ ਮੀਟਿੰਗ ਵਿੱਚ ਬਣਾਂਵਾਲੀ ਥਰਮਲ ਪਲਾਂਟ ਨੂੰ ਜਾਂਦੀਆਂ ਰੇਲਵੇ ਲਾਈਨਾਂ ’ਤੇ ਲਾਏ ਧਰਨੇ ਸਬੰਧੀ ਕੋਈ ਨਵਾਂ ਫ਼ੈਸਲਾ ਨਾ ਲਏ ਜਾਣ ਕਾਰਨ ਅੱਜ ਬਾਅਦ ਦੁਪਹਿਰ ਰੇਲ ਪਟੜੀ ’ਤੇ ਮੋਦੀ ਸਰਕਾਰ ਵਿਰੁੱਧ ‘ਮੁਰਦਾਬਾਦ’ ਹੁੰਦੀ ਰਹੀ। ਅੱਜ ਰੇਲ ਪਟੜੀ ’ਤੇ ਧਰਨਾ ਦਿੰਦਿਆਂ ਆਗੂਆਂ ਨੇ ਦੁਹਰਾਇਆ ਕਿ ਪੰਜਾਬ ਵਿੱਚ ਸਰਕਾਰੀ ਤਾਪ ਘਰ ਚਲਾਉਣ ਲਈ ਜਥੇਬੰਦੀ ਲੰਮੇ ਸਮੇਂ ਤੋਂ ਲੜਾਈ ਲੜ ਰਹੀ ਹੈ। ਹੁਣ ਜਦੋਂ ਗੁਰੂ ਨਾਨਕ ਥਰਮਲ ਪਲਾਂਟ ਬਠਿੰਡਾ ਨੂੰ ਵੇਚ ਦਿੱਤਾ ਗਿਆ ਹੈ ਤਾਂ ਇਸ ਲੜਾਈ ਨੂੰ ਤੇਜ਼ ਕਰਨ ਦਾ ਸਹੀ ਸਮਾਂ ਆ ਗਿਆ ਹੈ, ਜਿਸ ਕਾਰਨ ਜਥੇਬੰਦੀ ਨੇ ਪ੍ਰਾਈਵੇਟ ਥਰਮਲਾਂ ਖ਼ਿਲਾਫ਼ ਲੜਾਈ ਅਰੰਭੀ ਹੋਈ ਹੈ।
ਭਾਵੇਂ ਕਿਸਾਨ ਜਥੇਬੰਦੀ ਕੋਲ ਇਨ੍ਹਾਂ ਰੇਲਵੇ ਪਟੜੀਆਂ ਨੂੰ ਖਾਲੀ ਕਰਨ ਲਈ ਕਈ ਪਾਸਿਆਂ ਤੋਂ ਅਪੀਲਾਂ-ਦਲੀਲਾਂ ਪੁੱਜੀਆਂ ਹਨ ਪਰ ਕਿਸਾਨਾਂ ਨੇ ਪਿਛਲੇ 11 ਦਿਨਾਂ ਤੋਂ ਬਣਾਂਵਾਲਾ ਥਰਮਲ ਪਲਾਂਟ ਦੀਆਂ ਰੇਲਵੇ ਲਾਈਨਾਂ ਰੋਕੀਆਂ ਹੋਈਆਂ ਹਨ। ਬਣਾਂਵਾਲਾ ਤਰਜ਼ ’ਤੇ ਹੀ ਰਾਜਪੁਰਾ ਦੇ ਐੱਲਐਂਡਟੀ ਦੀਆਂ ਰੇਲਵੇ ਲਾਈਨਾਂ ਵੀ ਜਥੇਬੰਦੀ ਨੇ ਰੋਕ ਲਈਆਂ ਸਨ। ਇਹ ਰਾਹ ਰੋਕੇ ਜਾਣ ਕਰਕੇ ਤਾਪ ਘਰਾਂ ਨੂੰ ਕੋਲੇ ਦੀ ਸਪਲਾਈ ਬੰਦ ਹੋਣ ਕਾਰਨ ਬਣਾਂਵਾਲਾ ਥਰਮਲ ਪਲਾਂਟ 27 ਅਕਤੂਬਰ ਦੀ ਅੱਧੀ ਰਾਤ ਤੋਂ ਬੰਦ ਪਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਜਥੇਬੰਦੀ ਪਹਿਲਾਂ ਹੀ ਇਹ ਗੱਲ ਸਾਫ਼ ਕਰ ਚੁੱਕੀ ਹੈ ਕਿ ਪੰਜਾਬ ਵਿੱਚ ਪ੍ਰਾਈਵੇਟ ਥਰਮਲਾਂ ਨੂੰ ਕੋਲਾ ਭੇਜਣ ਦੀ ਥਾਂ ਸਰਕਾਰੀ ਤਾਪ ਘਰਾਂ ਵਿੱਚ ਕੋਲਾ ਸਪਲਾਈ ਕਰ ਕੇ ਉਨ੍ਹਾਂ ਨੂੰ ਚਲਾਉਣ ਦਾ ਤਹੱਈਆ ਕੀਤਾ ਜਾਵੇ, ਜਥੇਬੰਦੀ ਇਸ ਫ਼ੈਸਲੇ ਦਾ ਸਵਾਗਤ ਕਰੇਗੀ।
ਬਣਾਂਵਾਲਾ ਥਰਮਲ ਪਲਾਂਟ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਥਰਮਲ ਦੇ ਬੰਦ ਹੋਣ ਕਾਰਨ ਸਿਰਫ਼ ਬਿਜਲੀ ਸਪਲਾਈ ਹੀ ਪ੍ਰਭਾਵਿਤ ਨਹੀਂ ਹੋਈ, ਸਗੋਂ ਇੱਥੇ ਕੰਮ ਕਰਦੇ ਕਾਮਿਆਂ ਲਈ ਵੀ ਪ੍ਰੇਸ਼ਾਨੀਆਂ ਪੈਦਾ ਹੋਣ ਲੱਗੀਆਂ ਹਨ। ਊਨ੍ਹਾਂ ਕਿਹਾ ਕਿ ਇਸ ਥਰਮਲ ਦੇ ਹੋਂਦ ਵਿੱਚ ਆਉਣ ਮਗਰੋਂ ਇਸ ਇਲਾਕੇ ਦੇ ਅਨੇਕਾਂ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ ਸੀ ਅਤੇ ਖੇਤਰ ਦਾ ਵਿਕਾਸ ਹੋਇਆ ਸੀ। ਉਨ੍ਹਾਂ ਆਖਿਆ ਕਿ ਉਹ ਜਥੇਬੰਦੀ ਦੀ ਹਰ ਅਪੀਲ-ਦਲੀਲ ਸਬੰਧੀ ਤਸੱਲੀ ਕਰਵਾਉਣ ਲਈ ਤਿਆਰ ਹਨ।
ਇਸੇ ਦੌਰਾਨ ਇੱਥੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਦੌਰਾਨ ਗ਼ਰੀਬ ਔਰਤਾਂ ਸਿਰ ਚੜ੍ਹੇ ਫਾਇਨਾਂਸ ਕੰਪਨੀਆਂ ਦੇ ਕਰਜ਼ਿਆਂ ਦੀ ਮੁਆਫ਼ੀ ਸਮੇਤ ਹੋਰ ਠੋਸ ਮਾਮਲਿਆਂ ਸਬੰਧੀ ਮਹਿਲਾਵਾਂ ਵੱਲੋਂ 4 ਨਵੰਬਰ ਨੂੰ ਕਰਵਾਚੌਥ ਮੌਕੇ ਪੰਜਾਬ ਸਰਕਾਰ ਦੇ ਪਾਪਾਂ ਦਾ ਘੜਾ ਭੰਨਣ ਦਾ ਫ਼ੈਸਲਾ ਲਿਆ ਗਿਆ ਹੈ। ਜਥੇਬੰਦੀ ਦਾ ਕਹਿਣਾ ਹੈ ਕਿ ਤਾਲਾਬੰਦੀ ਦੌਰਾਨ ਭੇਜੇ ਬਿੱਲਾਂ ਕਾਰਨ ਗ਼ਰੀਬਾਂ ਦੇ ਪੁੱਟੇ ਜਾ ਰਹੇ ਮੀਟਰਾਂ ਅਤੇ ਬੁਢਾਪਾ ਪੈਨਸ਼ਨਾਂ ਦੀ ਵਾਪਸੀ ਲਈ ਭੇਜੇ ਜਾ ਰਹੇ ਨੋਟਿਸਾਂ ਨੇ ਔਰਤਾਂ ਦੀ ਜਾਨ ਸੂਲੀ ’ਤੇ ਟੰਗ ਰੱਖੀ ਹੈ।
ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਉਂ ਨੇ ਕਿਹਾ ਕਿ ਕੇਂਦਰ ਸਰਕਾਰ ਪਾਸ ਕੀਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਥਾਂ ਪੰਜਾਬ ਦੇ ਕਿਸਾਨਾਂ ਨੂੰ ਨਫ਼ਰਤ ਭਰੀਆਂ ਨਜ਼ਰਾਂ ਨਾਲ ਦੇਖ ਰਹੀ ਹੈ। ਉਨ੍ਹਾਂ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਸੰਘਰਸ਼ ਤੇਜ਼ ਕਰਨ ਦਾ ਸੱਦਾ ਦਿੱਤਾ।
ਰੇਲ ਰੋਕੋ ਅੰਦੋਲਨ: ਧਰਨਾ 40ਵੇਂ ਦਿਨ ਵੀ ਜਾਰੀ
ਰਈਆ (ਦਵਿੰਦਰ ਸਿੰਘ ਭੰਗੂ): ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਅੱਜ ਮੀਟਿੰਗ ਦੌਰਾਨ 5 ਨਵੰਬਰ ਦੇ ਭਾਰਤ ਬੰਦ ਦੇ ਸੱਦੇ ਨੂੰ ਸਫ਼ਲ ਬਣਾਊਣ ਅਤੇ ਸੰਘਰਸ਼ ਲੰਮਾ ਚਲਾ ਕੇ ਧਰਨੇ, ਪ੍ਰਦਰਸ਼ਨਾਂ ’ਚ ਹਰ ਵਰਗ ਦੀ ਸ਼ਮੂਲੀਅਤ ਯਕੀਨੀ ਬਣਾਊਣ ਲਈ ਵਿਊਂਤਬੰਦੀ ਕੀਤੀ। ਅੱਜ ਜੰਡਿਆਲਾ ਗੁਰੂ ਦੀ ਗਹਿਰੀ ਮੰਡੀ ਵਿੱਚ 40ਵੇਂ ਦਿਨ ’ਚ ਦਾਖ਼ਲ ਹੋਏ ਰੋਲ ਰੋਕੋ ਅੰਦੋਲਨ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਅਤੇ ਹਰਪ੍ਰੀਤ ਸਿੰਘ ਸੰਧਵਾਂ ਨੇ ਕਿਹਾ ਕਿ ਸੂਬਾ ਆਗੂ ਭਲਕੇ 11 ਵਜੇ ਚੰਡੀਗੜ੍ਹ ਕਿਸਾਨ ਭਵਨ ਪੁੱਜਣਗੇ, ਜਿੱਥੇ ਕਰੀਬ ਢਾਈ ਵਜੇ ਅਟਾਰਨੀ ਜਨਰਲ ਨਾਲ ਮੀਟਿੰਗ ਕੀਤੀ ਜਾਵੇਗੀ। ਮੀਟਿੰਗ ਮਗਰੋਂ ਸੰਘਰਸ਼ ਦੀ ਅਗਲੀ ਰੂਪ-ਰੇਖਾ ਸਾਂਝੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ 6 ਨਵੰਬਰ ਤਕ ਰੇਲ ਰੋਕੋ ਅੰਦੋਲਨ ਪਹਿਲਾਂ ਲਏ ਫ਼ੈਸਲੇ ਅਨੁਸਾਰ ਜਾਰੀ ਰੱਖਿਆ ਜਾਵੇਗਾ ਅਤੇ 5 ਨਵੰਬਰ ਨੂੰ ਮੀਟਿੰਗ ਮਗਰੋਂ ਅਗਲਾ ਫ਼ੈਸਲਾ ਲਿਆ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਆਪਣੇ ਜੋਟੀਦਾਰ ਕਾਰਪੋਰੇਟ ਘਰਾਣਿਆਂ ਅਡਾਨੀ ਤੇ ਅੰਬਾਨੀ ਦੇ ਦਬਾਅ ਹੇਠ ਕਿਸਾਨ ਅਤੇ ਮਜ਼ਦੂਰ ਵਿਰੋਧੀ ਆਰਡੀਨੈਂਸ ਲਾਗੂ ਕਰ ਕੇ ਮੰਡੀ, ਬਾਜ਼ਾਰ ਅਤੇ ਜ਼ਮੀਨਾਂ ’ਤੇ ਕਬਜ਼ਾ ਕਰਵਾਉਣ ਲਈ ਤਰਲੋਮੱਛੀ ਹੋ ਰਹੀ ਹੈ। ਮੋਦੀ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਕਾਨੂੰਨ ਅਤੇ ਆਰਡੀਨੈਂਸ ਪੂੰਜੀਪਤੀਆਂ ਦੇ ਹੱਕ ਵਿਚ ਭੁਗਤਦੇ ਹਨ। ਉਨ੍ਹਾਂ ਨੇ ਮਤਾ ਪਾਸ ਕਰਦਿਆਂ ’84 ਦੇ ਦੰਗਾ ਪੀੜਤਾਂ ਲਈ ਇਨਸਾਫ਼ ਦੀ ਮੰਗ ਕੀਤੀ ਅਤੇ ਫਰਵਰੀ 2020 ਵਿੱਚ ਹੋਏ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ’ਤੇ ਜ਼ੋਰ ਦਿੱਤਾ।
ਫਾਸ਼ੀਵਾਦੀ ਸਰਕਾਰ ਨੂੰ ਹਰਾਉਣ ਲਈ ਇਕਜੁੱਟ ਹੋਣ ਦੀ ਅਪੀਲ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਘਰ ਅੱਗੇ ਧਰਨਾ ਦੇ ਰਹੇ ਕਿਸਾਨਾਂ ਨੇ ਆਖਿਆ ਕਿ ਸਮੁੱਚੇ ਪੰਜਾਬੀ ਇਕਜੁੱਟ ਹੋ ਕੇ ਕੇਂਦਰ ਦੀ ਫਾਸ਼ੀਵਾਦੀ ਸਰਕਾਰ ਨੂੰ ਹਰਾਉਣਗੇ। ਖੇਤੀ ਕਾਨੂੰਨਾਂ ਖ਼ਿਲਾਫ਼ 31 ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਕਿਰਤੀ ਕਿਸਾਨ ਯੂਨੀਅਨ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਅਤੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਵੱਲੋਂ ਪਿਛਲੇ 33 ਦਿਨਾਂ ਤੋਂ ਰਾਜ ਸਭਾ ਮੈਂਬਰ ਦੇ ਘਰ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਜਤਿੰਦਰ ਸਿੰਘ ਛੀਨਾ, ਕੰਵਲਪ੍ਰੀਤ ਸਿੰਘ ਪੰਨੂ ਅਤੇ ਹਰਜੀਤ ਸਿੰਘ ਝੀਤੇ ਨੇ ਆਖਿਆ ਕਿ ਕੇਂਦਰ ਦੇ ਲੋਕ ਵਿਰੋਧੀ ਫ਼ੈਸਲਿਆਂ ਖ਼ਿਲਾਫ਼ ਲੋਕਾਂ ਕੋਲ ਆਪਣੇ ਪਰਿਵਾਰਾਂ ਦੀ ਰੋਜ਼ੀ-ਰੋਟੀ ਅਤੇ ਬੱਚਿਆਂ ਦਾ ਭਵਿੱਖ ਬਚਾਉਣ ਲਈ ਸੰਘਰਸ਼ ਹੀ ਇੱਕ-ਮਾਤਰ ਹੀਲਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਫਾਸ਼ੀਵਾਦ ਨੂੰ ਹਰਾਉਣ ਲਈ ਇਕਜੁੱਟ ਹੋ ਕੇ ਅੱਗੇ ਆਉਣਾ ਪਵੇਗਾ ਤਾਂ ਹੀ ਪੰਜਾਬ ਤੇ ਪੰਜਾਬੀਅਤ ਨੂੰ ਬਚਾਇਆ ਜਾ ਸਕੇਗਾ।