ਜਗਤਾਰ ਸਮਾਲਸਰ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਨਾਮਧਾਰੀ ਸੰਪਰਦਾ ਦੇ ਮੁਖੀ ਉਦੈ ਸਿੰਘ ਦਰਮਿਆਨ ਹੋਈ ਮੁਲਾਕਾਤ ਤੋਂ ਬਾਅਦ ਸਮਾਜਿਕ, ਧਾਰਮਿਕ ਅਤੇ ਸਿਆਸੀ ਹਲਕਿਆਂ ਵਿੱਚ ਚਰਚਾ ਤੇਜ਼ ਹੋ ਗਈ ਹੈ। ਰਾਣੀਆਂ ਖੇਤਰ ਤੋਂ ਲੈ ਕੇ ਪੰਜਾਬ ਤੱਕ ਇਸ ਮੀਟਿੰਗ ਨੂੰ ਵਿਸ਼ੇਸ਼ ਮੁਲਾਕਾਤ ਵਜੋਂ ਦੇਖਿਆ ਜਾ ਰਿਹਾ ਹੈ। ਚੰਡੀਗੜ੍ਹ ਸਥਿਤ ਮੁੱਖ ਮੰਤਰੀ ਨਿਵਾਸ ’ਤੇ ਕਰੀਬ 45 ਮਿੰਟ ਚੱਲੀ ਇਸ ਮੀਟਿੰਗ ਨੂੰ ਭਾਵੇਂ ਸ਼ਿਸ਼ਟਾਚਾਰ ਮੁਲਾਕਾਤ ਕਰਾਰ ਦਿੱਤਾ ਗਿਆ ਹੈ ਪਰ ਸਮੇਂ, ਸਥਾਨ ਅਤੇ ਦੋਵਾਂ ਸ਼ਖ਼ਸੀਅਤਾਂ ਦੀ ਸਮਾਜਿਕ ਭੂਮਿਕਾ ਨੂੰ ਦੇਖਦਿਆਂ ਇਸ ਦੇ ਵਿਆਪਕ ਸੰਕੇਤਾਂ ਦੀ ਚਰਚਾ ਹੋ ਰਹੀ ਹੈ। ਮੀਟਿੰਗ ਦੌਰਾਨ ਪੰਜਾਬ ਦੀ ਸਮਾਜਿਕ ਸਥਿਤੀ, ਨਸ਼ਿਆਂ ਦੀ ਸਮੱਸਿਆ, ਨਸ਼ਾ ਮੁਕਤੀ ਮੁਹਿੰਮਾਂ ਅਤੇ ਸਮਾਜਿਕ ਸਰੋਕਾਰਾਂ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਨਾਮਧਾਰੀ ਭਾਈਚਾਰਾ ਲੰਬੇ ਸਮੇਂ ਤੋਂ ਸਮਾਜਿਕ ਸੁਧਾਰਾਂ ਅਤੇ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਮੁਹਿੰਮਾਂ ਵਿੱਚ ਸਰਗਰਮ ਭੂਮਿਕਾ ਨਿਭਾਉਂਦਾ ਆ ਰਿਹਾ ਹੈ। ਨਾਮਧਾਰੀ ਪੰਥ ਦਾ ਪ੍ਰਭਾਵ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਤੱਕ ਫੈਲਿਆ ਹੋਇਆ ਹੈ। ਅਜਿਹੇ ਵਿੱਚ ਸੰਤ ਕਬੀਰ ਕੁਟੀਰ ਵਿੱਚ ਹੋਇਆ ਇਹ ਸੰਵਾਦ ਸਿਰਫ਼ ਧਾਰਮਿਕ ਮੁਲਾਕਾਤ ਤੱਕ ਸੀਮਤ ਨਹੀਂ ਮੰਨਿਆ ਜਾ ਰਿਹਾ ਸਗੋਂ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਇਸ ਦੇ ਸਮਾਜਿਕ ਅਤੇ ਸਿਆਸੀ ਪੱਖਾਂ ’ਤੇ ਵੀ ਚਰਚਾ ਹੋ ਰਹੀ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਉਦੈ ਸਿੰਘ ਵਿਚਾਲੇ ਪਹਿਲਾਂ ਵੀ ਕਈ ਵਾਰ ਸੰਵਾਦ ਹੋ ਚੁੱਕਾ ਹੈ। ਮੁੱਖ ਮੰਤਰੀ ਭੈਣੀ ਸਾਹਿਬ ਸਥਿਤ ਨਾਮਧਾਰੀ ਦਰਬਾਰ ਦਾ ਦੌਰਾ ਕਰ ਚੁੱਕੇ ਹਨ। ਇਸ ਤੋਂ ਇਲਾਵਾ ਜੀਵਨ ਨਗਰ ਖੇਤਰ ਦੇ ਮਸਤਾਨਗੜ੍ਹ ਡੇਰੇ ਵਿੱਚ ਹੋਏ ਹੋਲਾ ਮਹੱਲਾ ਸਮਾਗਮ ਦੌਰਾਨ ਵੀ ਦੋਵਾਂ ਦੀ ਮੁਲਾਕਾਤ ਹੋਈ ਸੀ।
ਸਿਆਸੀ ਜਾਣਕਾਰਾਂ ਅਨੁਸਾਰ ਮੁੱਖ ਮੰਤਰੀ ਸੈਣੀ ਦੇ ਸਮਾਜਿਕ ਸੰਵਾਦ ਪ੍ਰੋਗਰਾਮਾਂ ਨੂੰ ਪੰਜਾਬ ਵਿੱਚ ਵੱਖ-ਵੱਖ ਵਰਗਾਂ ਨਾਲ ਸੰਪਰਕ ਵਧਾਉਣ ਦੇ ਯਤਨਾਂ ਵਜੋਂ ਵੀ ਦੇਖਿਆ ਜਾ ਰਿਹਾ ਹੈ। ਉਨ੍ਹਾਂ ਦੀ ਪੰਜਾਬੀ ਪਿਛੋਕੜ ਅਤੇ ਸਹਿਜ ਸੰਵਾਦ ਸ਼ੈਲੀ ਨੂੰ ਵੀ ਪੰਜਾਬ ਵਿੱਚ ਲੋਕ ਸੰਪਰਕ ਦੇ ਨਜ਼ਰੀਏ ਨਾਲ ਅਹਿਮ ਮੰਨਿਆ ਜਾ ਰਿਹਾ ਹੈ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਉਦੈ ਸਿੰਘ ਦਰਮਿਆਨ ਹੋਈ ਮੀਟਿੰਗ ਦੌਰਾਨ ਤਰਣ ਕਲੱਬ ਰਾਣੀਆ ਦੇ ਕੌਮੀ ਪ੍ਰਧਾਨ ਡਾ. ਤਰਸੇਮ ਸਿੰਘ ਸੈਣੀ ਵੀ ਮੌਜੂਦ ਰਹੇ। ਡਾ. ਸੈਣੀ ਨੇ ਮੁੱਖ ਮੰਤਰੀ ਨਿਵਾਸ ਤੇ ਸਤਿਗੁਰੂ ਉਦੈ ਸਿੰਘ ਦਾ ਸਵਾਗਤ ਕੀਤਾ ਅਤੇ ਮੀਟਿੰਗ ਵਿੱਚ ਸ਼ਾਮਲ ਰਹੇ।

