CM Mann ਦਾ ਹੈਲੀਕਾਪਟਰ ਹੋਇਆ ਖਰਾਬ: ਰੱਦ ਕਰਨਾ ਪਿਆ ਸੂਬਾ ਪੱਧਰੀ ਸਮਾਗਮ
ਪਿਛਲੇ ਇੱਕ ਹਫ਼ਤੇ ਤੋਂ ਮੁੱਖ ਮੰਤਰੀ ਦੀ ਆਮਦ ਨੂੰ ਲੈ ਕੇ ਤਿਆਰੀਆਂ ਚੱਲ ਰਹੀਆਂ ਸਨ
ਸ੍ਰੀ ਗੋਇੰਦਵਾਲ ਸਾਹਿਬ ਵਿਖੇ ਮਹਿਲਾ ਸ਼ਕਤੀ ਦੇ ਸਨਮਾਨ ਤਹਿਤ 'ਮਾਵਾਂ ਧੀਆਂ ਸਤਿਕਾਰ ਯੋਜਨਾ' ਅਤੇ ਇਸ ਯੋਜਨਾ ਨੂੰ ਅਮਲੀ ਜਾਮਾ ਪਹਿਨਾਉਣ ਵਾਲੀਆਂ ਸਖੀਆਂ ਦੇ ਸਨਮਾਨ ਵਿੱਚ ਸੂਬਾ ਪੱਧਰੀ ਸਮਾਗਮ ਰੱਖਿਆ ਗਿਆ ਸੀ। ਪਰ ਨਿਰਧਾਰਤ ਸਮੇਂ ’ਤੇ ਵਿਸ਼ਾਲ ਇਕੱਠ ਦੌਰਾਨ ਮੁੱਖ ਮੰਤਰੀ ਦੇ ਸਮਾਗਮ ਵਿੱਚ ਨਾ ਆਉਣ ਦਾ ਸੁਨੇਹਾ ਮਿਲਣ ਕਾਰਨ ਇਸ ਨੂੰ ਰੱਦ ਕਰਨਾ ਪਿਆ।
ਭਾਵੇਂ ਇਸ ਫੇਰੀ ਦੇ ਰੱਦ ਹੋਣ ਦਾ ਕਾਰਨ ਹੈਲੀਕਾਪਟਰ ਵਿੱਚ ਅਚਾਨਕ ਆਈ ਤਕਨੀਕੀ ਖਰਾਬੀ ਨੂੰ ਦੱਸਿਆ ਗਿਆ, ਪਰ ਭਾਰੀ ਗਰਮੀ ਵਿੱਚ ਮੁੱਖ ਮੰਤਰੀ ਦੀ ਉਡੀਕ ਕਰ ਰਹੇ ਲੋਕਾਂ ਵਿੱਚ ਉਨ੍ਹਾਂ ਦੇ ਨਾ ਪਹੁੰਚਣ ਦਾ ਰੋਸ ਜ਼ਰੂਰ ਦਿਖਾਈ ਦਿੱਤਾ।
ਇਸ ਸੂਬਾ ਪੱਧਰੀ ਸਮਾਗਮ ਦੌਰਾਨ ਪੰਜਾਬ ਦੀ ਸਮੁੱਚੀ ਕੈਬਨਿਟ ਅਤੇ ਵਿਧਾਇਕ ਪੰਡਾਲ ਵਿੱਚ ਮੌਜੂਦ ਇਕੱਠ ਨੂੰ ਸੰਬੋਧਨ ਕਰਦਿਆਂ ਸਰਕਾਰ ਦੀਆਂ ਪ੍ਰਾਪਤੀਆਂ ਦਾ ਗੁਣਗਾਨ ਕਰ ਰਹੇ ਸਨ। ਪਰ ਜਿਵੇਂ ਹੀ ਮੁੱਖ ਮੰਤਰੀ ਦੇ ਇਸ ਸਮਾਗਮ ਵਿੱਚ ਨਾ ਪਹੁੰਚਣ ਦੀ ਖ਼ਬਰ ਪੰਡਾਲ ਵਿੱਚ ਬੈਠੇ ਲੋਕਾਂ ਤੱਕ ਪੁੱਜੀ, ਤਾਂ ਪੰਡਾਲ ਖਾਲੀ ਹੁੰਦਿਆਂ ਦੇਰ ਨਹੀਂ ਲੱਗੀ।
ਸਟੇਜ ਸੰਭਾਲ ਰਹੇ ਆਗੂਆਂ ਨੇ ਸਥਿਤੀ ਨੂੰ ਕਾਬੂ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਮੁੱਖ ਮੰਤਰੀ ਦਾ ਪ੍ਰੋਗਰਾਮ ਅਚਾਨਕ ਰੱਦ ਹੋਣ ਨਾਲ ਜਿੱਥੇ ਸਥਾਨਕ ਆਗੂਆਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਉੱਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਫੇਰੀ ਰੱਦ ਹੋਣ ਦੀ ਖ਼ਬਰ ਸੁਣ ਕੇ ਪੰਡਾਲ ਵਿੱਚ ਬੈਠੀਆਂ ਔਰਤਾਂ ਨੇ ਉੱਥੋਂ ਉਠਣਾ ਸ਼ੁਰੂ ਕਰ ਦਿੱਤਾ।
ਇਸ ਮੌਕੇ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਸਮਾਗਮ ਵਿੱਚ ਸ਼ਾਮਲ ਪੰਜਾਬ ਦੀ ਸਮੁੱਚੀ ਕੈਬਨਿਟ ਅਤੇ ਵਿਧਾਇਕਾਂ ਨੂੰ ਸਨਮਾਨਿਤ ਕੀਤਾ ਗਿਆ। ਬਾਅਦ ਵਿੱਚ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਾਈਵ ਹੋ ਕੇ ਸਮਾਗਮ ਵਿੱਚ ਨਾ ਪਹੁੰਚਣ ਦਾ ਕਾਰਨ ਹੈਲੀਕਾਪਟਰ ਵਿੱਚ ਅਚਾਨਕ ਆਈ ਤਕਨੀਕੀ ਖਰਾਬੀ ਦੱਸਿਆ ਅਤੇ ਇਕੱਠ ਕੋਲੋਂ ਸਮਾਗਮ ਵਿੱਚ ਨਾ ਪਹੁੰਚ ਸਕਣ ਦੀ ਮੁਆਫ਼ੀ ਮੰਗੀ।

