CM ਮਾਨ ਨੇ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਨਸ਼ਾ ਮੁਕਤੀ ਪ੍ਰੋਗਰਾਮ ਨੂੰ ਦਿੱਤੀ ਮਨਜ਼ੂਰੀ
ਅੰਮ੍ਰਿਤਸਰ, ਤਰਨਤਾਰਨ ਅਤੇ ਫਾਜ਼ਿਲਕਾ ਵਿੱਚ ਸ਼ੁਰੂ ਕੀਤਾ ਜਾਵੇਗਾ ਇਹ ਪ੍ਰਾਜੈਕਟ
ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਨਸ਼ੇ ਦੀ ਲਤ ਨਾਲ ਜੂਝ ਰਹੇ ਲੋਕਾਂ ਦੇ ਇਲਾਜ ਵਿੱਚ ਡਾਕਟਰੀ ਸੇਵਾਵਾਂ ਦੇ ਨਾਲ-ਨਾਲ ਮਨੋ-ਸਮਾਜਿਕ ਦੇਖਭਾਲ ਨੂੰ ਮਜ਼ਬੂਤ ਕਰਨ ਲਈ ਇੱਕ ਪਾਇਲਟ ਪ੍ਰਾਜੈਕਟ ਸ਼ੁਰੂ ਕਰਨ ਨੂੰ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ। ਇਹ ਪ੍ਰਾਜੈਕਟ ਸੂਬੇ ਦੇ ਸਰਹੱਦੀ ਜ਼ਿਲ੍ਹਿਆਂ ਅੰਮ੍ਰਿਤਸਰ, ਤਰਨਤਾਰਨ ਅਤੇ ਫਾਜ਼ਿਲਕਾ ਵਿੱਚ ਸ਼ੁਰੂ ਕੀਤਾ ਜਾਵੇਗਾ। ਇੱਕ ਸਰਕਾਰੀ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ।
ਬਿਆਨ ਅਨੁਸਾਰ, ਇਹ ਫੈਸਲਾ ਮੁੱਖ ਮੰਤਰੀ ਅਤੇ ਇੱਥੇ 'ਆਰਟ ਆਫ਼ ਲਿਵਿੰਗ ਫਾਊਂਡੇਸ਼ਨ' ਦੇ ਇੱਕ ਵਫ਼ਦ ਵਿਚਕਾਰ ਹੋਈ ਮੀਟਿੰਗ ਵਿੱਚ ਲਿਆ ਗਿਆ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮਾਨ ਨੇ ਕਿਹਾ, "ਇਸ ਪਹਿਲਕਦਮੀ ਤਹਿਤ ਆਰਟ ਆਫ਼ ਲਿਵਿੰਗ 'ਤੇ ਆਧਾਰਿਤ ਅਧਿਆਤਮਿਕ ਸਿਹਤ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ, ਜਿਸਦਾ ਉਦੇਸ਼ ਦਵਾਈਆਂ 'ਤੇ ਆਧਾਰਿਤ ਇਲਾਜ ਅਤੇ ਲੰਮੇ ਸਮੇਂ ਦੇ ਮਨੋ-ਸਮਾਜਿਕ ਮੁੜ-ਵਸੇਬੇ ਵਿਚਕਾਰਲੇ ਮਹੱਤਵਪੂਰਨ ਪਾੜੇ ਨੂੰ ਪੂਰਨਾ ਹੈ।'' ਉਨ੍ਹਾਂ ਕਿਹਾ, ''ਹਾਲਾਂਕਿ, ਪੰਜਾਬ ਨੇ ਨਸ਼ੇ ਦੀ ਸਮੱਸਿਆ ਤੋਂ ਪ੍ਰਭਾਵਿਤ ਲੋਕਾਂ ਲਈ ਦਵਾਈਆਂ ਆਧਾਰਿਤ ਇਲਾਜ ਦੀ ਪਹੁੰਚ ਵਧਾਈ ਹੈ, ਪਰ ਸ਼ੁਰੂਆਤੀ ਮਹੀਨਿਆਂ ਦੌਰਾਨ ਮਰੀਜ਼ਾਂ ਨੂੰ ਇਲਾਜ ਨਾਲ ਜੋੜੀ ਰੱਖਣਾ ਅਜੇ ਵੀ ਇੱਕ ਵੱਡੀ ਚੁਣੌਤੀ ਹੈ।"
ਮਾਨ ਨੇ ਕਿਹਾ ਕਿ ਦਵਾਈਆਂ ਦੇ ਨਾਲ-ਨਾਲ ਨਸ਼ਾ ਛੱਡ ਰਹੇ ਵਿਅਕਤੀ ਦੀ ਮਾਨਸਿਕ ਅਵਸਥਾ ਨੂੰ ਮਜ਼ਬੂਤ ਕਰਨਾ ਵੀ ਇੰਨਾ ਹੀ ਅਹਿਮ ਹੈ। ਉਨ੍ਹਾਂ ਕਿਹਾ ਕਿ ਨਸ਼ਾ ਮੁਕਤੀ ਨੂੰ ਸਿਰਫ਼ ਡਾਕਟਰੀ ਇਲਾਜ ਤੱਕ ਸੀਮਤ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਹ ਜਜ਼ਬਾਤਾਂ ਅਤੇ ਦ੍ਰਿੜ੍ਹ ਇੱਛਾ ਸ਼ਕਤੀ ਨਾਲ ਜੁੜੀ ਲੜਾਈ ਵੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨਸ਼ਿਆਂ ਨਾਲ ਲੜ ਰਹੇ ਹਰੇਕ ਵਿਅਕਤੀ ਨੂੰ ਸਨਮਾਨਜਨਕ ਤੇ ਉਸਾਰੂ ਜ਼ਿੰਦਗੀ ਵੱਲ ਲਿਜਾਣ ਅਤੇ ਉਨ੍ਹਾਂ ਦੇ ਮੁਕੰਮਲ ਪੁਨਰਵਾਸ ਲਈ ਵਚਨਬੱਧ ਹੈ।

