ਬਾੜੀਆਂ ਕਲਾਂ ’ਚ ਬਸਪਾ ਤੇ ਭਾਜਪਾ ਆਗੂਆਂ ਵਿਚਾਲੇ ਹੱਥੋਪਾਈ
ਵਿਜੈ ਸਾਂਪਲਾ ਮੂੰਹ ’ਤੇ ਮਾਈਕ ਵੱਜਣ ਕਾਰਨ ਜ਼ਖ਼ਮੀ; ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਾਰਨ ਇਕੱਤਰ ਹੋਏ ਸਨ ਆਗੂ
ਕਸਬਾ ਮਾਹਿਲਪੁਰ ਦੇ ਪਿੰਡ ਬਾੜੀਆਂ ਕਲਾਂ ਵਿੱਚ ਅੱਜ ਬਾਅਦ ਦੁਪਹਿਰ ਲਗਪਗ 12.30 ਵਜੇ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ, ਜਦੋਂ ਇੱਥੇ ਸਥਾਪਤ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨਾਲ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਛੇੜਛਾੜ ਦੇ ਸਬੰਧ ਵਿੱਚ ਭਾਜਪਾ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ ਪਾਰਟੀ ਵਰਕਰਾਂ ਸਮੇਤ ਪੁੱਜੇ। ਉੱਥੇ ਪਹਿਲਾਂ ਤੋਂ ਮੌਜੂਦ ਬਸਪਾ ਦੇ ਸਥਾਨਕ ਆਗੂਆਂ ਅਤੇ ਭਾਜਪਾ ਆਗੂਆਂ ਵਿਚਕਾਰ ਬਹਿਸ ਹੋ ਗਈ, ਜੋ ਹੱਥੋਪਾਈ ਵਿੱਚ ਬਦਲ ਗਈ। ਇਸ ਖਿੱਚ-ਧੂਹ ਵਿੱਚ ਭਾਜਪਾ ਆਗੂ ਸਾਂਪਲਾ ਦੇ ਚਿਹਰੇ ’ਤੇ ਮਾਈਕ ਵੱਜਣ ਨਾਲ ਹਲਕੀ ਝਰੀਟ ਆ ਗਈ, ਜਿਸ ਨਾਲ ਖ਼ੂਨ ਵਗਣਾ ਸ਼ੁਰੂ ਹੋ ਗਿਆ। ਪੁਲੀਸ ਅਧਿਕਾਰੀਆਂ ਨੇ ਦੋਹਾਂ ਧਿਰਾਂ ਨੂੰ ਜਬਰੀ ਪਾਸੇ ਹਟਾ ਕੇ ਮਾਮਲਾ ਸ਼ਾਂਤ ਕੀਤਾ।
ਜਾਣਕਾਰੀ ਅਨੁਸਾਰ ਲੰਘੇ ਦਿਨੀਂ ਡਾ. ਅੰਬੇਡਕਰ ਦੇ ਬੁੱਤ ਨਾਲ ਹੋਈ ਛੇੜਛਾੜ ਦੇ ਸਬੰਧ ਵਿੱਚ ਅੱਜ ਬਸਪਾ ਆਗੂ ਅਤੇ ਵਰਕਰ ਸਵੇਰ ਤੋਂ ਇਸ ਸਥਾਨ ’ਤੇ ਇਕੱਤਰ ਹੋਏ ਸਨ। ਆਗੂਆਂ ਵੱਲੋਂ ਸਟੇਜ ਤੋਂ ਤਕਰੀਰਾਂ ਵਿੱਚ ਡਾ. ਅੰਬੇਡਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਬਾਅਦ ਦੁਪਹਿਰ ਕਰੀਬ ਸਾਢੇ ਬਾਰ੍ਹਾਂ ਵਜੇ ਪੁੱਜੇ ਸਾਂਪਲਾ ਅਤੇ ਹੋਰ ਆਗੂਆਂ ਵੱਲੋਂ ਨੁਕਸਾਨੇ ਬੁੱਤ ਨਾਲ ਤਸਵੀਰਾਂ ਖਿਚਵਾਈਆਂ ਗਈਆਂ ਅਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਸੂਬਾ ਸਰਕਾਰ ’ਤੇ ਡਾ. ਅੰਬੇਡਕਰ ਦੇ ਬੁੱਤਾਂ ਦੀ ਹਿਫ਼ਾਜ਼ਤ ਨਾ ਕਰਨ ਦਾ ਦੋਸ਼ ਲਾਇਆ। ਸਟੇਜ ਤੋਂ ਬੁਲਾਰਿਆਂ ਨੇ ਕਿਸੇ ਵੀ ਸਿਆਸੀ ਪਾਰਟੀ ਵੱਲੋਂ ਇਸ ਘਟਨਾ ਤੋਂ ਸਿਆਸੀ ਲਾਹਾ ਲੈਣ ਦੀ ਨਿਖੇਧੀ ਕੀਤੀ। ਭਾਜਪਾ ਆਗੂ ਆਪਣਾ ਵੱਖਰਾ ਮਾਈਕ ਲੈ ਕੇ ਸੰਬੋਧਨ ਕਰਨ ਲੱਗੇ। ਇਸ ਤੋਂ ਬਾਅਦ ਜਦੋਂ ਦੋਹਾਂ ਧਿਰਾਂ ਦੇ ਆਗੂ ਇਕ-ਦੂਜੇ ’ਤੇ ਦੋਸ਼ ਲਾਉਣ ਲੱਗੇ ਤਾਂ ਮਾਮਲਾ ਹੱਥੋਪਾਈ ਤੱਕ ਪਹੁੰਚ ਗਿਆ। ਇਸ ਮੌਕੇ ਐੱਸ ਪੀ ਸੰਦੀਪ ਸਿੰਘ, ਡੀ ਐੱਸ ਪੀ ਭਾਰਤ ਭੂਸ਼ਣ ਅਤੇ ਐੱਸ ਐੱਚ ਓ ਹਰਜੀਤ ਸਿੰਘ ਸਮੇਤ ਪੁਲੀਸ ਮੁਲਾਜ਼ਮਾਂ ਨੇ ਦਖ਼ਲ ਦੇ ਕੇ ਮਾਮਲਾ ਸ਼ਾਂਤ ਕੀਤਾ।
ਇਸ ਮੌਕੇ ਬਸਪਾ ਆਗੂ ਪਲਵਿੰਦਰ ਮਾਨਾ ਅਤੇ ਅਮਨਦੀਪ ਸਿੰਘ ਨੇ ਭਾਜਪਾ ’ਤੇ ਦਲਿਤ ਵਿਰੋਧੀ ਹੋਣ ਦਾ ਦੋਸ਼ ਲਾਇਆ। ਘਟਨਾ ਤੋਂ ਬਾਅਦ ਬਸਪਾ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਵੀ ਉੱਥੇ ਪੁੱਜੇ। ਉਨ੍ਹਾਂ ਪੁਲੀਸ ਪ੍ਰਸ਼ਾਸਨ ਨੂੰ ਡਾ. ਅੰਬੇਡਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਅਨਸਰਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।

