ਮੁੱਖ ਮੰਤਰੀ ਮਾਨ ਨੇ ਆਈਟੀਆਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਮੌਕੇ ਵਿਰੋਧੀਆਂ ਨੂੰ ਘੇਰਿਆ
ਪਿਛਲੀਆਂ ਸਰਕਾਰਾਂ ’ਤੇ ਅਣਗਹਿਲੀ ਦਾ ਦੋਸ਼ ਲਇਆ
Advertisement
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇੱਥੇ ਸਰਦੂਲਗੜ੍ਹ ਵਿਧਾਨ ਸਭਾ ਹਲਕੇ ਦੇ ਪਿੰਡ ਫਤਿਹਗੜ੍ਹ ਸਹਿਣੀਆਂਵਾਲੀ ਵਿਖੇ 24.5 ਕਰੋੜ ਰੁਪਏ ਦੀ ਲਾਗਤ ਵਾਲੇ ਉਦਯੋਗਿਕ ਸਿਖਲਾਈ ਸੰਸਥਾ (ਆਈਟੀਆਈ) ਦਾ ਨੀਂਹ ਪੱਥਰ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ 'ਤੇ ਤਿੱਖਾ ਸਿਆਸੀ ਹਮਲਾ ਕੀਤਾ।
ਆਪਣੇ 35 ਮਿੰਟ ਲੰਬੇ ਭਾਸ਼ਣ ਵਿੱਚ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਵਿਕਾਸ ਯਕੀਨੀ ਬਣਾਉਣ ਦੀ ਬਜਾਏ ਇਸ ਇਲਾਕੇ ਨੂੰ ਪੱਛੜਿਆ ਦੱਸ ਕੇ ਸਰਟੀਫਿਕੇਟ ਵੰਡੇ ਸਨ। ਅਕਾਲੀ ਦਲ ’ਤੇ ਤਨਜ਼ ਕੱਸਦਿਆਂ ਉਨ੍ਹਾਂ ਸੁਖਬੀਰ ਸਿੰਘ ਬਾਦਲ ਦੇ ਬਿਆਨਾਂ ਦਾ ਹਵਾਲਾ ਦਿੱਤਾ ਅਤੇ ਦੋਸ਼ ਲਾਇਆ ਕਿ ਪਿਛਲੀ ਸਰਕਾਰ ਦੀਆਂ ਸਿੱਖਿਆ ਨੀਤੀਆਂ ਨੇ ਅਕਾਦਮਿਕ ਮਿਆਰ ਕਮਜ਼ੋਰ ਕੀਤੇ ਸਨ। ਉਨ੍ਹਾਂ ਅਕਾਲੀਆਂ ਅਤੇ ਕਾਂਗਰਸ ਦੋਵਾਂ 'ਤੇ "ਮੈਂ, ਮੇਰਾ ਪੁੱਤ, ਮੇਰਾ ਭਤੀਜਾ ਅਤੇ ਮੇਰਾ ਜੀਜਾ" 'ਤੇ ਕੇਂਦਰਿਤ ਸੀਮਤ ਚਾਰ ਨੁਕਾਤੀ ਪ੍ਰੋਗਰਾਮਾਂ ਰਾਹੀਂ ਸਰਕਾਰਾਂ ਚਲਾਉਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਉਨ੍ਹਾਂ ਨੇ ਸਿਰਫ਼ ਪਰਿਵਾਰਕ ਹਿੱਤਾਂ ਨੂੰ ਪ੍ਰਮੁੱਖ ਰੱਖਿਆ।
ਵਿਸ਼ੇਸ਼ ਆਗੂਆਂ ਦਾ ਨਾਂ ਲਏ ਬਿਨਾਂ ਮਾਨ ਨੇ ਭਾਜਪਾ ’ਤੇ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਪਾਰਟੀ ਦਾ ਕੋਈ ਅਸਲ ਆਧਾਰ ਨਹੀਂ ਹੈ। ਉਨ੍ਹਾਂ ਨੇ 'ਆਪ' ਦੇ ਇੰਜਣ ਨੂੰ "ਨਵੀਨਤਮ ਤਕਨਾਲੋਜੀ ਇੰਜਣ" ਦੱਸਦਿਆਂ ਟਿੱਪਣੀ ਕੀਤੀ, "ਇੱਕ ਇੰਜਣ ਬਚੇ ਹੋਏ ਪੁਰਜ਼ਿਆਂ ਨਾਲ ਨਹੀਂ ਚੱਲ ਸਕਦਾ।"
ਤਿੰਨ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਅੰਦੋਲਨ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਨੇ ਅਕਾਲੀ ਦਲ 'ਤੇ ਲੋਕਾਂ ਨੂੰ ਗੁਮਰਾਹ ਕਰਨ ਦਾ ਦੋਸ਼ ਲਾਇਆ ਅਤੇ ਤਤਕਾਲੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਨੂੰ ਕੁਰਬਾਨੀ ਦੀ ਬਜਾਏ ਸਿਆਸੀ ਮਜਬੂਰੀ ਕਰਾਰ ਦਿੱਤਾ। ਉਨ੍ਹਾਂ ਅੱਗੇ ਪਿਛਲੀਆਂ ਸਰਕਾਰਾਂ ਦੌਰਾਨ ਰੇਤ ਮਾਈਨਿੰਗ ਅਤੇ ਜਨਤਕ ਕੰਮਾਂ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਲਾਉਂਦਿਆਂ ਕਿਹਾ, "ਮੈਂ ਇਕ ਰੁਪਿਆ ਵੀ ਇੱਧਰ-ਉੱਧਰ ਨਹੀਂ ਹੋਣ ਦੇਵਾਂਗਾ। ਜੇ ਅਸੀਂ ਕਿਸੇ ਕਾਲੀ ਭੇਡ ਨੂੰ ਬਖਸ਼ਦੇ ਹਾਂ, ਤਾਂ ਅਸੀਂ ਜ਼ਿੰਮੇਵਾਰ ਹਾਂ।"
ਪ੍ਰਾਪਤੀਆਂ 'ਤੇ ਚਾਨਣਾ ਪਾਉਂਦਿਆਂ ਮਾਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਨੇ 63,000 ਨੌਕਰੀਆਂ ਦਿੱਤੀਆਂ ਹਨ ਅਤੇ ਨਹਿਰੀ ਸਿੰਚਾਈ ਦਾ ਘੇਰਾ 2022 ਵਿੱਚ 21-22 ਫੀਸਦੀ ਤੋਂ ਵਧਾ ਕੇ ਚਾਰ ਸਾਲਾਂ ਤੋਂ ਵੀ ਘੱਟ ਸਮੇਂ ਵਿੱਚ 68 ਫੀਸਦੀ ਕਰ ਦਿੱਤਾ ਹੈ। ਉਨ੍ਹਾਂ ਨੇ 31.2 ਕਰੋੜ ਰੁਪਏ ਦੀ ਲਾਗਤ ਨਾਲ ਮਾਨਸਾ-ਤਲਵੰਡੀ ਸੜਕ ਨੂੰ ਅਪਗ੍ਰੇਡ ਕਰਨ, 33.07 ਕਰੋੜ ਰੁਪਏ ਦੀ ਲਾਗਤ ਨਾਲ 158 ਕਿਲੋਮੀਟਰ ਲੰਬੀਆਂ ਨਵੀਆਂ ਸਿੰਚਾਈ ਨਹਿਰਾਂ, 12 ਕਰੋੜ ਰੁਪਏ ਤੋਂ ਵੱਧ ਦੇ ਤਿੰਨ ਨਵੇਂ ਪਾਵਰ ਗਰਿੱਡ ਅਤੇ ਸਰਦੂਲਗੜ੍ਹ ਦੇ ਸੀਵਰੇਜ ਸਿਸਟਮ ਲਈ 14.76 ਕਰੋੜ ਰੁਪਏ ਦਾ ਐਲਾਨ ਕੀਤਾ।
ਇਸ ਤੋਂ ਪਹਿਲਾਂ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਨੇ ਆਈਟੀਆਈ ਲਈ ਜ਼ਮੀਨ ਦਿੱਤੀ ਹੈ ਅਤੇ ਕਿਹਾ ਕਿ 'ਆਪ' ਦਾ ਗਠਨ "ਦੇਸ਼ ਭਰ ਦੀ ਰਾਜਨੀਤੀ ਵਿੱਚ ਸਿੱਖਿਆ ਦੇ ਬੀਜ ਬੀਜਣ" ਲਈ ਹੋਇਆ ਹੈ। ਰਾਜ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ 240 ਸੀਟਾਂ ਅਤੇ ਪੰਜ ਟ੍ਰੇਨਰਾਂ ਵਾਲਾ ਇਹ ਸੰਸਥਾ ਵਿਦਿਆਰਥੀਆਂ ਲਈ ਨੌਕਰੀਆਂ ਜਾਂ ਉੱਦਮਤਾ ਦੇ ਮੌਕੇ ਯਕੀਨੀ ਬਣਾਏਗਾ। ਇਸ ਮੌਕੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ, ਡਾ: ਵਿਜੇ ਸਿੰਗਲਾ ਅਤੇ ਬੁੱਧ ਰਾਮ ਹਾਜ਼ਰ ਸਨ।
ਸਮਾਗਮ ਵਿੱਚ ਪੰਜਾਬੀ ਗਾਇਕ ਆਰ ਨੇਤ ਨੇ ਆਪਣੀ ਪੇਸ਼ਕਾਰੀ ਦਿੱਤੀ। ਕੁਝ ਪਿੰਡਾਂ ਦੀਆਂ ਪੰਚਾਇਤਾਂ ਨੇ ਮੁੱਖ ਮੰਤਰੀ ਨੂੰ ਹਲ ਭੇਟ ਕੀਤਾ।
Advertisement
×

