ਮੁੱਖ ਮੰਤਰੀ ਮਾਨ ਦੱਖਣੀ ਕੋਰੀਆ ਪਹੁੰਚੇ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਪਾਨ ਦੌਰਾ ਪੂਰਾ ਕਰਕੇ ਅੱਜ ਦੱਖਣੀ ਕੋਰੀਆ ਪਹੁੰਚ ਗਏ, ਜਿੱਥੇ ਉਨ੍ਹਾਂ ਅੱਜ ਸਿਓਲ ਵਿੱਚ ਪੰਜਾਬੀ ਭਾਈਚਾਰੇ ਨਾਲ ਵਿਚਾਰ-ਵਟਾਂਦਰਾ ਕੀਤਾ। ਭਗਵੰਤ ਮਾਨ ਨੇ ਕਿਹਾ ਕਿ ਸਿਓਲ ਵਿੱਚ ਪੰਜਾਬੀਆਂ ਨੂੰ ਸੂਬੇ ਦੇ ਬ੍ਰਾਂਡ ਅੰਬੈਸਡਰ ਬਣ ਕੇ ਕੋਰਿਆਈ ਕੰਪਨੀਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਇਸ ਨਾਲ ਪੰਜਾਬ ’ਚ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਰਾਹ ਖੁੱਲ੍ਹਣਗੇ ਅਤੇ ਨਾਲ ਹੀ ਸੂਬੇ ਦੇ ਉਦਯੋਗਿਕ ਵਿਕਾਸ ਨੂੰ ਵੱਡਾ ਹੁਲਾਰਾ ਮਿਲੇਗਾ। ਮੁੱਖ ਮੰਤਰੀ ਨੇ ਉੱਥੇ ਪੰਜਾਬੀਆਂ ਤੋਂ ਸੂਬੇ ਵਿੱਚ ਰੁਜ਼ਗਾਰ, ਨਵੀਨਤਾ ਤੇ ਤਕਨਾਲੋਜੀ ਸਹਿਯੋਗ ਲਈ ਵਧੇਰੇ ਮੌਕੇ ਪੈਦਾ ਕਰਨ ਵਿੱਚ ਮਦਦ ਕਰਨ ਲਈ ਸਹਿਯੋਗ ਮੰਗਿਆ। ਇਸ ਦੌਰਾਨ ਪਰਵਾਸੀ ਭਾਈਚਾਰੇ ਨੇ ਆਸ ਪ੍ਰਗਟਾਈ ਕਿ ਇਹ ਦੌਰਾ ਪੰਜਾਬ-ਦੱਖਣੀ ਕੋਰੀਆ ਸਬੰਧਾਂ ਵਿੱਚ ਨਵੇਂ ਅਧਿਆਏ ਦਾ ਆਗਾਜ਼ ਕਰੇਗਾ।
ਅਰਾਨ ਇੰਟਰਨੈਸ਼ਨਲ ਦੇ ਮੈਨੇਜਿੰਗ ਡਾਇਰੈਕਟਰ ਸੀ. ਆਕਾਸ਼ ਨੇ ਪੰਜਾਬ ਦੇ ਫੂਡ ਪ੍ਰੋਸੈਸਿੰਗ ਸੈਕਟਰ ਵਿੱਚ ਨਿਵੇਸ਼ਾਂ ਦੀ ਪੜਚੋਲ ਕਰਨ ਵਿੱਚ ਦਿਲਚਸਪੀ ਦਿਖਾਈ। ਦੱਖਣੀ ਕੋਰੀਆ ਵਿੱਚ ਪੰਜਾਬੀ ਐਸੋਸੀਏਸ਼ਨ ਦੀ ਚੇਅਰਪਰਸਨ ਮੀਨਾਕਸ਼ੀ ਪਵਾਰ ਨੇ ਕਿਹਾ ਕਿ ਲੰਬੇ ਸਮੇਂ ਬਾਅਦ ਪੰਜਾਬ ਸਰਕਾਰ ਦੇ ਕਿਸੇ ਉੱਚ-ਪੱਧਰੀ ਵਫ਼ਦ ਵੱਲੋਂ ਦੱਖਣੀ ਕੋਰੀਆ ਦਾ ਦੌਰਾ ਕੀਤਾ ਹੈ, ਜਿਸ ਨਾਲ ਲੰਮੇ ਸਮੇਂ ਦੇ ਸਹਿਯੋਗ ਲਈ ਨਵੇਂ ਰਾਹ ਖੁੱਲ੍ਹਣਗੇ।
ਇਸ ਦੌਰਾਨ ਭਗਵੰਤ ਮਾਨ ਨੇ ਕੋਰੀਆ ’ਚ ਭਾਰਤ ਦੇ ਸਫੀਰ ਗੌਰੰਗਲਾਲ ਦਾਸ ਨਾਲ ਵਿਚਾਰ-ਵਟਾਂਦਰਾ ਕੀਤਾ। ਮੀਟਿੰਗ ਦੌਰਾਨ ਉਨ੍ਹਾਂ ਨੇ ਫੂਡ ਪ੍ਰੋਸੈਸਿੰਗ, ਖੇਤੀਬਾੜੀ-ਤਕਨੀਕੀ, ਨਵਿਆਉਣਯੋਗ ਊਰਜਾ, ਨਿਰਮਾਣ, ਰੱਖਿਆ, ਏਰੋਸਪੇਸ ਅਤੇ ਸ਼ਹਿਰੀ ਬੁਨਿਆਦੀ ਢਾਂਚੇ ਵਰਗੇ ਉੱਚ ਸੰਭਾਵਨਾ ਵਾਲੇ ਖੇਤਰਾਂ ਵਿੱਚ ਡੂੰਘੇ ਆਰਥਿਕ ਤੇ ਤਕਨੀਕੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਦੇ ਟੀਚਿਆਂ ਦੀ ਰੂਪਰੇਖਾ ਦਿੱਤੀ।
