ਪੰਜਾਬ ਦੇ ਏਜੰਟਾਂ ਤੇ ਫਰਾਂਸੀਸੀ ਸਫ਼ਾਰਤਖਾਨੇ ਦੇ ਅਧਿਕਾਰੀ ਸਣੇ 8 ਖ਼ਿਲਾਫ਼ ਚਾਰਜਸ਼ੀਟ
ਨਵੀਂ ਦਿੱਲੀ, 11 ਜੂਨ
ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਫਰਾਂਸ ਸਫਾਰਤਖਾਨੇੇ ਦੇ ਵੀਜ਼ਾ ਧੋਖਾਧੜੀ ਮਾਮਲੇ ਵਿੱਚ ਸਥਾਨਕ ਕਾਨੂੰਨ ਅਧਿਕਾਰੀ, ਉਸ ਦੇ ਪਿਤਾ, ਭਰਾ, ਪਤਨੀ, ਦੋ ਵੀਜ਼ਾ ਏਜੰਟਾਂ ਅਤੇ ਦੋ ਵਿਚੋਲਿਆਂ ਸਮੇਤ 8 ਮੁਲਜ਼ਮਾਂ ਖ਼ਿਲਾਫ਼ ਦਿੱਲੀ ਦੀ ਸੀਬੀਆਈ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ। ਚਾਰਜਸ਼ੀਟ ਵਿੱਚ ਨਾਮਜ਼ਦ ਕੀਤੇ ਗਏ ਅੱਠ ਮੁਲਜ਼ਮਾਂ ’ਚ ਸਥਾਨਕ ਕਾਨੂੰਨ ਅਧਿਕਾਰੀ ਸ਼ੁਭਮ ਸ਼ੌਕੀਨ, ਉਸ ਦਾ ਭਰਾ ਅਭਿਸ਼ੇਕ ਸ਼ੌਕੀਨ, ਪਿਤਾ ਸਮੁੰਦਰ ਸਿੰਘ, ਪਤਨੀ ਆਰਤੀ ਚੌਧਰੀ, ਵੀਜ਼ਾ ਏਜੰਟ ਬਲਵਿੰਦਰ ਸਿੰਘ ਬਰਤੀਆ ਤੇ ਪ੍ਰਿਤਪਾਲ ਸਿੰਘ, ਜਦਕਿ ਵਿਚੋਲੇ ਜਸ਼ਨਦੀਪ ਸਿੰਘ ਸਿੱਧੂ ਅਤੇ ਭਵਨ ਸ਼ੌਕੀਨ ਸ਼ਾਮਲ ਹਨ। ਜਾਂਚ ਏਜੰਸੀ ਅਨੁਸਾਰ ਸੀਬੀਆਈ ਦੇ ਅੰਤਰਰਾਸ਼ਟਰੀ ਸੰਚਾਲਨ ਵਿਭਾਗ ਨੇ ਨਵੀਂ ਦਿੱਲੀ ਸਥਿਤ ਫਰਾਂਸ ਦੇ ਸਫਾਰਤਖਾਨੇ ਵਿੱਚ ਵੀਜ਼ਾ ਧੋਖਾਧੜੀ ਬਾਰੇ ਜਾਣਕਾਰੀ ਮਿਲਣ ਦੇ ਆਧਾਰ ’ਤੇ ਕੇਸ ਦਰਜ ਕੀਤਾ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਜਨਵਰੀ 2021 ਤੋਂ ਮਈ 2022 ਦੇ ਸਮੇਂ ਦੌਰਾਨ ਫਰਾਂਸ ਸਫਾਰਤਖਾਨੇ ਦੇ ਵੀਜ਼ਾ ਵਿਭਾਗ ਵਿੱਚ ਸਥਾਨਕ ਕਾਨੂੰਨ ਅਧਿਕਾਰੀ ਵਜੋਂ ਕੰਮ ਕਰਦਿਆਂ ਮੁਲਜ਼ਮਾਂ ਨੇ ਵੀਜ਼ਾ ਏਜੰਟਾਂ ਦੇ ਨੈੱਟਵਰਕ ਰਾਹੀਂ ਸ਼ੈਨੇਗਨ ਵੀਜ਼ਾ ਮੰਗਣ ਵਾਲੇ ਪੰਜਾਬ ਦੇ ਬਿਨੈਕਾਰਾਂ ਨੂੰ ਨਿਸ਼ਾਨਾ ਬਣਾਇਆ ਅਤੇ ਉਨ੍ਹਾਂ ਨੂੰ ਸ਼ੈਨੇਗਨ ਵੀਜ਼ੇ ਲਈ ਵੱਡੀ ਰਕਮ ਦੇਣ ਲਈ ਕਿਹਾ।
ਵੀਜ਼ਾ ਏਜੰਟਾਂ ਦੇ ਨੈੱਟਵਰਕ, ਜਿਨ੍ਹਾਂ ’ਚੋਂ ਜ਼ਿਆਦਾਤਰ ਏਜੰਟ ਪੰਜਾਬ ਨਾਲ ਸਬੰਧਤ ਸਨ, ਨੂੰ ਹਰ ਵੀਜ਼ਾ ਬਿਨੈਕਾਰ ਤੋਂ 13 ਲੱਖ ਤੋਂ 45 ਲੱਖ ਰੁਪਏ ਤੱਕ ਮਿਲੇ ਅਤੇ ਇਨ੍ਹਾਂ ਵੱਡੀਆਂ ਰਕਮਾਂ ਬਦਲੇ ਮੁਲਜ਼ਮਾਂ ਨੇ ਵੀਜ਼ਾ ਅਰਜ਼ੀਆਂ ’ਤੇ ਕਾਰਵਾਈ ਕੀਤੀ ਅਤੇ ਸ਼ੈਨੇਗਨ ਵੀਜ਼ਾ ਜਾਰੀ ਕਰਨ ਤੋਂ ਬਾਅਦ ਮੁਲਜ਼ਮਾਂ ਨੇ ਵੀਜ਼ਾ ਦਸਤਾਵੇਜ਼ ਅਤੇ ਫਾਈਲਾਂ ਨਸ਼ਟ ਕਰ ਦਿੱਤੀਆਂ। ਜਾਂਚ ਦੌਰਾਨ ਪੰਜਾਬ ਅਤੇ ਦਿੱਲੀ ਵਿੱਚ ਵੱਖ-ਵੱਖ ਥਾਵਾਂ ਤੋਂ ਭਾਰਤ ਅਤੇ ਵਿਦੇਸ਼ਾਂ ਤੋਂ ਪ੍ਰਾਪਤ ਕਰੋੜਾਂ ਦੀ ਜਾਇਦਾਦ ਨਾਲ ਸਬੰਧਤ ਵੱਡੀ ਮਾਤਰਾ ਵਿੱਚ ਨਕਦੀ ਅਤੇ ਕਈ ਦਸਤਾਵੇਜ਼ ਮਿਲੇ। ਦੋ ਮੁਲਜ਼ਮ ਵੀਜ਼ਾ ਏਜੰਟ ਮੁੱਖ ਸਾਜ਼ਿਸ਼ਕਰਤਾ ਸਨ, ਜਿਨ੍ਹਾਂ ਨੇ ਵੱਖ-ਵੱਖ ਬੈਂਕ ਖਾਤਿਆਂ ਰਾਹੀਂ ਪੈਸੇ ਭੇਜੇ, ਜੋ ਦੋ ਵਿਚੋਲਿਆਂ ਰਾਹੀਂ ਸਥਾਨਕ ਕਾਨੂੰਨ ਅਧਿਕਾਰੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਭਰਾ, ਪਿਤਾ ਅਤੇ ਪਤਨੀ ਤੱਕ ਪਹੁੰਚੇ। ਵਿਦੇਸ਼ ਵਿੱਚ ਅਪਰਾਧ ਦੀ ਕਮਾਈ ਦਾ ਪਤਾ ਲਾਉਣ ਲਈ ਸੀਬੀਆਈ ਦੇ ਅੰਤਰਰਾਸ਼ਟਰੀ ਸੰਚਾਲਨ ਵਿਭਾਗ ਨੇ ਸੀਬੀਆਈ ਦੀ ਅੰਤਰਰਾਸ਼ਟਰੀ ਪੁਲੀਸ ਸਹਿਯੋਗ ਇਕਾਈ ਨਾਲ ਤਾਲਮੇਲ ਕਰਕੇ ਇਸ ਮਾਮਲੇ ਵਿੱਚ ਭਾਰਤ ਦਾ ਪਹਿਲਾ ਸਿਲਵਰ ਨੋਟਿਸ ਵੀ ਪ੍ਰਕਾਸ਼ਿਤ ਕੀਤਾ ਹੈ। -ਏਐੱਨਆਈ