ਚੰਡੀਗੜ੍ਹ ਪੁਲੀਸ ਨੇ ਕਿਸਾਨਾਂ ਦਾ ਮੋਮਬੱਤੀ ਮਾਰਚ ਰੋਕਿਆ
ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਮਟਕਾ ਚੌਕ ਤੱਕ ਕੀਤਾ ਜਾਣਾ ਸੀ ਮਾਰਚ
ਕਿਸਾਨ ਮਜ਼ਦੂਰ ਮੋਰਚਾ (ਕੇ ਐੱਮ ਐੱਮ) ਵੱਲੋਂ ਲਖੀਮਪੁਰ ਖੀਰੀ ਦੇ ਸ਼ਹੀਦ ਕਿਸਾਨਾਂ ਅਤੇ ਪੱਤਰਕਾਰ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਮਟਕਾ ਚੌਕ ਤੱਕ ਕੀਤੇ ਜਾ ਰਹੇ ਮੋਮਬੱਤੀ ਮਾਰਚ ਨੂੰ ਚੰਡੀਗੜ੍ਹ ਪੁਲੀਸ ਨੇ ਕਿਸਾਨ ਭਵਨ ਵਿੱਚ ਹੀ ਰੋਕ ਦਿੱਤਾ। ਪੁਲੀਸ ਨੇ ਸਿਰਫ਼ 11 ਕਿਸਾਨਾਂ ਨੂੰ ਮੋਮਬੱਤੀ ਮਾਰਚ ਕਰਨ ਦੀ ਪ੍ਰਵਾਨਗੀ ਦਿੱਤੀ, ਜਿਸ ਨੂੰ ਕਿਸਾਨਾਂ ਨੇ ਅਸਵੀਕਾਰ ਕਰ ਦਿੱਤਾ। ਇਸ ਦੌਰਾਨ ਕਿਸਾਨਾਂ ਅਤੇ ਪੁਲੀਸ ਵਿਚਕਾਰ ਧੁੱਕਾ-ਮੁੱਕੀ ਹੋਈ ਅਤੇ ਕਿਸਾਨਾਂ ਨੇ ਕਿਸਾਨ ਭਵਨ ਤੋਂ ਸੈਕਟਰ 22 ਦੀ ਮਾਰਕੀਟ ਤੱਕ ਮੋਮਬੱਤੀ ਮਾਰਚ ਕੀਤਾ। ਮੋਮਬੱਤੀ ਮਾਰਚ ਦੀ ਸਮਾਪਤੀ ’ਤੇ ਕਿਸਾਨਾਂ ਨੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਲਖੀਮਪੁਰ ਖੀਰੀ ਦੇ ਮੁੱਖ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਕੀਤੀ। ਮੋਰਚੇ ਦੇ ਆਗੂ ਸਰਵਣ ਸਿੰਘ ਪੰਧੇਰ, ਰਣਬੀਰ ਸਿੰਘ ਰਾਣਾ, ਬਲਦੇਵ ਸਿੰਘ ਜ਼ੀਰਾ, ਗੁਰਨਾਮ ਸਿੰਘ ਢੈਂਠਲ, ਅਮਰਜੀਤ ਸਿੰਘ ਮੋਹੜੀ ਸਣੇ ਹੋਰਨਾਂ ਆਗੂਆਂ ਨੇ ਕਿਹਾ ਕਿ ਭਾਜਪਾ ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਲਿਆਉਣ ਦੇ ਦਾਅਵੇ ਕਰ ਰਹੀ ਹੈ ਪਰ ਦੂਜੇ ਪਾਸੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਕਿਸਾਨਾਂ ਨੂੰ ਸ਼ਾਂਤਮਈ ਮੋਮਬੱਤੀ ਮਾਰਚ ਵੀ ਨਹੀਂ ਕਰਨ ਦਿੱਤਾ ਜਾ ਰਿਹਾ। ਆਗੂਆਂ ਨੇ ਮੰਗ ਕੀਤੀ ਕਿ 3 ਅਕਤੂਬਰ 2021 ਨੂੰ ਲਖੀਮਪੁਰ ਖੀਰੀ ਵਿੱਚ ਕਿਸਾਨਾਂ ’ਤੇ ਗੱਡੀ ਚੜ੍ਹਾਉਣ ਦੇ ਮਾਮਲੇ ਵਿੱਚ ਮੁੱਖ ਦੋਸ਼ੀ ਸਾਬਕਾ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਅਤੇ ਉਸ ਦੇ ਪੁੱਤਰ ਆਸ਼ੀਸ਼ ਮਿਸ਼ਰਾ ਟੈਨੀ ਖ਼ਿਲਾਫ਼ ਅਦਾਲਤੀ ਕਾਰਵਾਈ ਤੇਜ਼ ਕਰ ਕੇ ਕਾਨੂੰਨ ਅਨੁਸਾਰ ਛੇਤੀ ਸਜ਼ਾ ਸੁਣਾਈ ਜਾਵੇ। ਲਖੀਮਪੁਰ ਖੀਰੀ ਘਟਨਾ ਵਿੱਚ ਜ਼ਖ਼ਮੀਆਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਅਤੇ ਵਾਅਦੇ ਅਨੁਸਾਰ ਸਰਕਾਰੀ ਨੌਕਰੀਆਂ ਤੁਰੰਤ ਦਿੱਤੀਆਂ ਜਾਣ। ਆਗੂਆਂ ਨੇ ਐਲਾਨ ਕੀਤਾ ਕਿ ਜੇ ਭਗਵੰਤ ਮਾਨ ਸਰਕਾਰ ਵੱਲੋਂ 17 ਅਕਤੂਬਰ ਤੱਕ ਕਿਸਾਨਾਂ ਦੀਆਂ ਮੰਨੀਆਂ ਮੰਗਾਂ ਲਾਗੂ ਨਾ ਕੀਤੀਆਂ ਗਈਆਂ ਤਾਂ ਵੱਡੇ ਅੰਦੋਲਨ ਵਿੱਢਿਆ ਜਾਵੇਗਾ। ਇਸ ਮੌਕੇ ਜੈ ਸਿੰਘ ਜਲਵੇੜਾ, ਗੁਰਅਮਨੀਤ ਸਿੰਘ ਮਾਂਗਟ, ਗੁਰਧਿਆਨ ਸਿੰਘ, ਚਮਕੌਰ ਸਿੰਘ, ਕਿਰਪਾਲ ਸਿੰਘ, ਗੁਰਮੇਲ ਸਿੰਘ ਮੋਹਲੀ, ਮਨਜੀਤ ਸਿੰਘ ਨਿਆਲ, ਹਰਭਜਨ ਸਿੰਘ ਬਾਜਵਾ ਮੌਜੂਦ ਸਨ।

