ਪੰਜਾਬ ’ਚੋਂ ਚੌਲਾਂ ਦੀ ਚੁਕਾਈ ਤੇਜ਼ ਕਰੇ ਕੇਂਦਰ
ਕੈਬਨਿਟ ਮੰਤਰੀਆਂ ਨੇ ਝੋਨੇ ਦੇ ਖਰੀਦ ਸੀਜ਼ਨ ’ਚ ਚੌਲ ਮਿੱਲਰਾਂ ਨੂੰ ਸਹਿਯੋਗ ਦਾ ਭਰੋਸਾ ਦਿੱਤਾ
ਪੰਜਾਬ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਅਤੇ ਖੁਰਾਕ, ਸਿਵਲ ਸਪਲਾਈ ਤੇ ਖ਼ਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਚੰਡੀਗੜ੍ਹ ਵਿਖੇ ਅਗਾਮੀ ਝੋਨੇ ਦੇ ਸੀਜ਼ਨ ਨੂੰ ਵੇਖਦਿਆਂ ਚੌਲ ਮਿੱਲਰਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਚੌਲ ਮਿਲਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਕੈਬਨਿਟ ਮੰਤਰੀਆਂ ਮੂਹਰੇ ਚੁੱਕਿਆ ਗਿਆ। ਮੰਤਰੀਆਂ ਨੇ ਮਿੱਲਰਾਂ ਨੂੰ ਖਰੀਦ ਸੀਜ਼ਨ ਸਫ਼ਲ ਬਣਾਉਣ ਲਈ ਸਹਿਯੋਗ ਦਾ ਭਰੋਸਾ ਦਿੱਤਾ। ਇਸ ਦੇ ਨਾਲ ਹੀ ਸੂਬਾ ਸਰਕਾਰ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਵਿੱਚੋਂ ਚੌਲਾਂ ਦੀ ਚੁਕਾਈ ਦੀ ਰਫਤਾਰ ਹੋਰ ਤੇਜ਼ ਕੀਤੀ ਜਾਵੇ। ਮੰਤਰੀਆਂ ਨੇ ਕਿਹਾ ਕਿ ਕਈ ਭਲਾਈ ਕੇਂਦਰਤ ਪਹਿਲਕਦਮੀਆਂ ਵੀ ਪ੍ਰਗਤੀ ਅਧੀਨ ਹਨ, ਜਿਵੇਂ ਕਿ ਕੋਈ ਵੀ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ (ਡੀ ਐੱਫ ਐੱਸ ਸੀ) ਮੁੱਖ ਦਫ਼ਤਰ ਦੀ ਇਜਾਜ਼ਤ ਤੋਂ ਬਿਨਾਂ ਮਿੱਲਰਾਂ ਤੋਂ ਰਿਕਵਰੀ ਨਹੀਂ ਕਰ ਸਕਦਾ। ਸੂਬਾ ਸਰਕਾਰ ਵੱਲੋਂ ਹਰੇਕ ਮਿੱਲਰ ਨੂੰ ਅਨਲੋਡਿੰਗ ਅਤੇ ਗਰੇਡਿੰਗ ਦਾ ਖਰਚਾ ਦੇਣ, ਪੋਰਟਲ ’ਤੇ ਨਵੇਂ ਸ਼ੈਲਰਾਂ ਦੀ ਰਜਿਸਟਰੇਸ਼ਨ ਦੀ ਮਿਤੀ 30 ਸਤੰਬਰ ਤੱਕ ਵਧਾਉਣ ਅਤੇ ਮੌਜੂਦਾ ਸੀਜ਼ਨ ਵਿੱਚ 85 ਫ਼ੀਸਦ ਮਿੱਲਿੰਗ ਕਰਨ ਵਾਲੇ ਸ਼ੈਲਰ ਮਾਲਕਾਂ ਨੂੰ ਅਗਲੇ ਸੀਜ਼ਨ ਵਿੱਚ ਕਸਟਮ ਮਿਲਿੰਗ ਲਈ ਝੋਨਾ ਅਲਾਟ ਕਰਨ ਬਾਰੇ ਮੰਗਾਂ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਮੌਕੇ ਫੈਡਰੇਸ਼ਨ ਆਫ਼ ਆਲ ਇੰਡੀਆ ਰਾਈਸ ਮਿੱਲਰ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਸੈਣੀ, ਪੰਜਾਬ ਰਾਈਸ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਭਾਰਤ ਭੂਸ਼ਣ ਬਿੰਟਾ, ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਗਿਆਨ ਚੰਦ ਭਾਰਦਵਾਜ ਅਤੇ ਨਿਊ ਪੰਜਾਬ ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਬਲਵਿੰਦਰ ਸਿੰਘ ਹਰੂਵਾਲ ਮੌਜੂਦ ਸਨ।

