Punjab News: ਮੋਗਾ ਰੇਲਵੇ ਪਲੇਟੀ ਨੂੰ ਤਬਦੀਲ ਕਰਨ ਦੇ ਪ੍ਰੋਜੈਕਟ ਨੂੰ ਕੇਂਦਰ ਦੀ ਮਨਜ਼ੂਰੀ
ਮੋਗਾ -ਫਿਰੋਜਪੁਰ ਰੇਲ ਮਾਰਗ ਉੱਤੇ 5 ਪੁਲ ਬਨਣਗੇ-ਰਵਨੀਤ ਬਿੱਟੂ
Advertisement
ਕੇਂਦਰ ਸਰਕਾਰ ਨੇ ਮੋਗਾ ਰੇਲਵੇ ਪਲੇਟੀ ਨੂੰ ਮੌਜੂਦਾ ਜਗ੍ਹਾਂ ਤੋਂ ਤਬਦੀਲ ਕਰਨ ਦੇ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਵੇਰਵਿਆਂ ਅਨੁਸਾਰ ਉਕਤ ਪਲੇਟੀ ਨੂੰ ਮਹਿਣਾ ਵਿਖੇ ਤਬਦੀਲ ਕੀਤਾ ਜਾ ਰਿਹਾ ਹੈ। ਇਸ ਕੰਮ ਨੂੰ ਮੁਕੰਮਲ ਕਰਨ ’ਤੇ 15 ਮਹੀਨੇ ਦਾ ਸਮਾਂ ਲੱਗੇਗਾ ਅਤੇ 15 ਕਰੋੜ ਰੁਪਏ ਦੀ ਰਾਸ਼ੀ ਖਰਚ ਆਵੇਗੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੇਂਦਰੀ ਰੇਲਵੇ ਰਾਜ ਮੰਤਰੀ ਸ੍ਰੀ ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ ਮੋਗਾ ਦੇ ਲੋਕਾਂ ਦੀ ਇਸ ਰੇਲਵੇ ਪਲੇਟੀ ਨੂੰ ਇੱਥੋਂ ਤਬਦੀਲ ਕਰਨ ਦੀ ਚਿਰੋਕਣੀ ਮੰਗ ਸੀ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਭੀੜਭਾੜ ਵਾਲੇ ਗਾਂਧੀ ਰੋਡ ਉੱਤੇ ਇਹ ਪਲੇਟੀ ਹੋਣ ਕਾਰਨ ਉੱਥੇ ਦਿਨ ਭਰ ਮਾਲ ਗੱਡੀਆਂ ਤੋਂ ਟਰੱਕਾਂ ਰਾਹੀਂ ਲੋਡਿੰਗ ਅਤੇ ਅਣਲੋਡਿੰਗ ਹੁੰਦੀ ਰਹਿੰਦੀ ਹੈ, ਇਸ ਨਾਲ ਸ਼ਹਿਰ ਅੰਦਰ ਟ੍ਰੈਫਿਕ ਸਮੱਸਿਆ ਸੰਚਾਰੂ ਨਹੀਂ ਹੋ ਪਾਉਂਦੀ ਹੈ।
ਉਨ੍ਹਾਂ ਦੱਸਿਆ ਕਿ ਸ਼ਹਿਰ ਨਿਵਾਸੀਆਂ ਦੀ ਇਸ ਚਿਰਕੋਣੀ ਮੰਗ ਨੂੰ ਹੁਣ ਪੂਰਾ ਕੀਤਾ ਜਾ ਰਿਹਾ ਹੈ। ਸ੍ਰੀ ਬਿੱਟੂ ਨੇ ਦੱਸਿਆ ਕਿ ਘੱਲਕਲਾਂ ਦੇ ਨੇੜੇ ਸੀ-57 ਰੇਲਵੇ ਫਾਟਕ ਉੱਤੇ ਵੀ ਪੁੱਲ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਮੋਗਾ ਫਿਰੋਜ਼ਪੁਰ ਰੇਲ ਮਾਰਗ ਉੱਤੇ ਪੰਜ ਹੋਰ ਪੁਲਾਂ ਨੂੰ ਮੰਤਰਾਲੇ ਨੇ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਰਾਜ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵਲੋਂ ਜਿੱਥੇ ਦੇਸ਼ ਦੀ ਸਾਖ ਨੂੰ ਕੌਮਾਂਤਰੀ ਪੱਧਰ ਉੱਤੇ ਮਜ਼ਬੂਤੀ ਪ੍ਰਦਾਨ ਕੀਤੀ ਹੈ ਉੱਥੇ ਦੇਸ਼ ਨੂੰ ਹਰੇਕ ਪੱਖ ਤੋਂ ਮਜ਼ਬੂਤ ਬਣਾਇਆ ਜਾ ਰਿਹਾ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਪੰਜਾਬ ਅੰਦਰ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਆਪਣੀ ਸਰਕਾਰ ਦਾ ਗਠਨ ਕਰਕੇ ਨਵੇਂ ਪੰਜਾਬ ਦੀ ਸਿਰਜਣਾ ਕਰੇਗੀ।
Advertisement
×

