ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 8 ਮਈ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਦੀ ਕਾਊਂਸਲਿੰਗ ਕਰੇਗਾ। ਇਸ ਲਈ ਬੋਰਡ ਵੱਲੋਂ ਮੋਬਾਈਲ ਐਪ ਜਾਰੀ ਕੀਤੀ ਗਈ ਹੈ ਜੋ 10 ਮਈ ਤੋਂ ਸ਼ੁਰੂ ਹੋਵੇਗੀ। ਇਸ ਐਪ ਜ਼ਰੀਏ ਵਿਦਿਆਰਥੀਆਂ ਨੂੰ ਵਿਸ਼ੇ ਚੁਣਨ ਦੀ ਜਾਣਕਾਰੀ ਲਾਈਵ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਸਿਹਤ ਸਮੱਸਿਆ ਤੇ ਕਰੀਅਰ ਬਾਰੇ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ। ਵਿਦਿਆਰਥੀਆਂ ਦੇ ਤਣਾਅ ਨੂੰ ਘੱਟ ਕਰਨ, ਕਰੋਨਾ ਮਹਾਮਾਰੀ ਨਾਲ ਸਬੰਧਤ ਸਮੱਸਿਆਵਾਂ ਦੇ ਹੱਲ ਦੱਸੇ ਜਾਣਗੇ। ‘ਸੀਬੀਐਸਈ ਦੋਸਤ ਫਾਰ ਲਾਈਫ’ ਐਪ ਨੂੰ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਟੌਲ ਫਰੀ ਨੰਬਰ ’ਤੇ ਮਾਹਰਾਂ ਦੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਸਨ। ਇਸ ਵਾਰ ਬੋਰਡ ਵਲੋਂ 83 ਮਾਹਰ ਨਿਯੁਕਤ ਕੀਤੇ ਗਏ ਹਨ ਜੋ ਦੇਸ਼ ਤੇ ਵਿਦੇਸ਼ ਵਿਚ ਵਿਦਿਆਰਥੀਆਂ ਦੇ ਰੂਬਰੂ ਹੋਣਗੇ। ਸੀਬੀਐਸਈ ਦੇ ਅਧਿਕਾਰੀ ਅਨੁਸਾਰ ਭਾਰਤ ਤੋਂ ਬਾਹਰ 17 ਥਾਵਾਂ ’ਤੇ ਇਹ ਸਹੂਲਤ ਦਿੱਤੀ ਗਈ ਹੈ।
ਹਫਤੇ ’ਚ ਤਿੰਨ ਵਾਰ ਮਿਲੇਗੀ ਸਹੂਲਤ
ਵਿਦਿਆਰਥੀ ਆਪਣੀ ਸਹੂਲਤ ਅਨੁਸਾਰ ਸਵੇਰ ਜਾਂ ਦੁਪਹਿਰ ਵਿਚੋਂ ਕੋਈ ਵੀ ਇਕ ਸਲਾਟ ਚੁਣ ਸਕਦੇ ਹਨ। ਬੋਰਡ ਵਲੋਂ ਹਫਤੇ ਵਿਚ ਤਿੰਨ ਦਿਨ ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ ਲਾਈਵ ਸੈਸ਼ਨ ਕਰਵਾਏ ਜਾਣਗੇ। ਹਾਲੇ ਸਿਰਫ ਐਨਡਰੌਇਡ ਫੋਨ ਧਾਰਕ ਹੀ ਇਸ ਐਪ ਨਾਲ ਜੁੜ ਸਕਣਗੇ ਪਰ ਇਸ ਦਾ ਦਾਇਰਾ ਵਧਾਇਆ ਜਾਵੇਗਾ। ਅਧਿਕਾਰੀ ਨੇ ਦੱਸਿਆ ਕਿ ਵਿਦਿਆਰਥੀ ਪ੍ਰੀਖਿਆਵਾਂ ਵਿਚ ਘਬਰਾਹਟ, ਇੰਟਰਨੈਟ ਦੇ ਆਦੀ ਹੋਣ, ਡਿਪਰੈਸ਼ਨ, ਸਿੱਖਣ ਦੀ ਕਾਬਲੀਅਤ ਵਿਚ ਆਉਂਦੀਆਂ ਸਮੱਸਿਆਵਾਂ ਬਾਰੇ ਵੀ ਗੱਲ ਕਰ ਸਕਦੇ ਹਨ।