ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਦੇ ਸੀਨੀਅਰ ਆਗੂ ਵਰਦੇਵ ਸਿੰਘ ਮਾਨ ਦੇ ਪਰਿਵਾਰ ਅਤੇ ਹਮਾਇਤੀਆਂ ਵਿਰੁੱਧ ਕੇਸ ਦਰਜ ਕਰਨ ’ਤੇ ਸੂਬਾ ਸਰਕਾਰ ਦੀ ਨਿਖੇਧੀ ਕੀਤੀ ਹੈ। ਇਸ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਲੀਗਲ ਸੈੱਲ ਦੇ ਮੁਖੀ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਸੂਬਾ ਸਰਕਾਰ ਨੇ ਵਰਦੇਵ ਮਾਨ ਦੇ ਪਰਿਵਾਰ ਨੂੰ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਲੜਨ ਤੋਂ ਰੋਕਣ ਵਾਸਤੇ ਕਥਿਤ ਝੂਠਾ ਕੇਸ ਦਰਜ ਕੀਤਾ ਹੈ। ਇਸ ਕੇਸ ਵਿੱਚ ਵਰਦੇਵ ਮਾਨ, ਉਸ ਦਾ ਭਰਾ ਨਰਦੇਵ ਮਾਨ ਤੇ ਗੁਰਸੇਵਕ ਮਾਨ, ਰਿਸ਼ਤੇਦਾਰ ਹਰਮਨ, ਜ਼ਿਲ੍ਹਾ ਪਰਿਸ਼ਦ ਉਮੀਦਵਾਰ ਹਰਭਿੰਦਰ ਅਤੇ ਪੀ ਏ ਮਨੀਸ਼ ਨੂੰ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਨਵਾਂ ਕੇਸ ਹਾਈ ਕੋਰਟ ਨੂੰ ਸੂਚਿਤ ਕੀਤੇ ਬਿਨਾਂ ਹੀ ਦਰਜ ਕੀਤਾ ਗਿਆ ਹੈ।
ਐਡਵੋਕੇਟ ਕਲੇਰ ਨੇ ਕਿਹਾ ਕਿ ਪਹਿਲਾਂ ਜੋ ਕੇਸ ਵਰਦੇਵ ਮਾਨ ਅਤੇ ਉਨ੍ਹਾਂ ਦੇ ਭਰਾ ਨਰਦੇਵ ਖ਼ਿਲਾਫ਼ ਦਰਜ ਕੀਤਾ ਗਿਆ, ਉਸ ਖ਼ਿਲਾਫ਼ ਹਾਈ ਕੋਰਟ ਵਿੱਚ ਹੈਬੀਅਸ ਕੋਰਪਸ ਪਟੀਸ਼ਨ ਦਾਇਰ ਕਰਨੀ ਪਈ ਸੀ। ਇਸ ਵਿੱਚ ਗਾਰੰਟ ਅਫ਼ਸਰ ਨੇ ਮਨੀਸ਼ ਨੂੰ ਬਰਾਮਦ ਕੀਤਾ ਸੀ, ਉਹ ਵੀ ਫ਼ਰਜ਼ੀ ਸੀ। ਉਨ੍ਹਾਂ ਕਿਹਾ ਕਿ ਮਾਨ ਭਰਾਵਾਂ ’ਤੇ ਬਲਾਕ ਵਿਕਾਸ ਅਫ਼ਸਰ ਜਲਾਲਾਬਾਦ ਦੇ ਕਮਰੇ ਵਿੱਚ ਜਾ ਕੇ ਗੋਲੀ ਚਲਾਉਣ ਦਾ ਦੋਸ਼ ਲਾਇਆ ਗਿਆ ਸੀ। ਹਾਲਾਂਕਿ ਸਰਕਾਰ ਇਸ ਘਟਨਾ ਦੀ ਕੋਈ ਸੀ ਸੀ ਟੀ ਵੀ ਫੁਟੇਜ ਪੇਸ਼ ਨਹੀਂ ਕਰ ਸਕੀ। ਫੋਰੈਂਸਿਕ ਲੈਬਾਰਟਰੀ ਦੀ ਰਿਪੋਰਟ ’ਚ ਵੀ ਸਪਸ਼ਟ ਹੋ ਗਿਆ ਹੈ ਕਿ ਮਾਨ ਭਰਾਵਾਂ ਦੇ ਲਾਇਸੈਂਸੀ ਹਥਿਆਰ ਤੋਂ ਕੋਈ ਗੋਲੀ ਨਹੀਂ ਚੱਲੀ।

