ਕੌਂਸਲ ਮੁਲਾਜ਼ਮਾਂ ਵੱਲੋਂ ਸਬਜ਼ੀ ਵਿਕਰੇਤਾ ਦੀ ਕੁੱਟਮਾਰ ਦਾ ਮਾਮਲਾ ਭਖਿਆ
ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਨੇ ਮਾਮਲੇ ਦਾ ਗੰਭੀਰ ਨੋਟਿਸ ਲਿਆ
ਗੁਰਦੀਪ ਸਿੰਘ ਟੱਕਰ
ਇੱਥੇ ਨਗਰ ਕੌਂਸਲ ਦੇ ਮੁਲਾਜ਼ਮਾਂ ਵੱਲੋਂ ਸਿੱਖ ਸਬਜ਼ੀ ਵਿਕਰੇਤਾ ਤੇ ਸਾਬਕਾ ਫੌਜੀ ਕੁਲਦੀਪ ਸਿੰਘ ਦੀ ਕੀਤੀ ਗਈ ਕਥਿਤ ਕੁੱਟਮਾਰ ਦਾ ਮਾਮਲਾ ਭਖ ਗਿਆ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕੁਲਦੀਪ ਸਿੰਘ ਬੱਸ ਸਟੈਂਡ ਨੇੜੇ ਆਪਣੀ ਟਰੈਕਟਰ-ਟਰਾਲੀ ’ਤੇ ਸਬਜ਼ੀਆਂ ਵੇਚ ਰਿਹਾ ਸੀ। ਕੌਂਸਲ ਮੁਲਾਜ਼ਮਾਂ ਨੇ ਪਹਿਲਾਂ ਉਸ ਦਾ ਕੰਡਾ-ਤੱਕੜੀ ਜ਼ਬਤ ਕੀਤੀ, ਜਦੋਂ ਉਹ ਆਪਣਾ ਸਾਮਾਨ ਵਾਪਸ ਮੰਗਣ ਗਿਆ ਤਾਂ ਕਰੀਬ 7-8 ਮੁਲਾਜ਼ਮਾਂ ਨੇ ਉਸ ’ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਪੀੜਤ ਦੇ ਸਿਰ ਵਿੱਚ ਪਲਾਸਟਿਕ ਦੇ ਕਰੇਟ ਮਾਰੇ ਅਤੇ ਉਸ ਦੇ ਨਾਬਾਲਗ ਪੁੱਤਰ ਸੁਖਮਨਪ੍ਰੀਤ ਸਿੰਘ ਦੀ ਵੀ ਕੁੱਟਮਾਰ ਕੀਤੀ। ਕੁਲਦੀਪ ਸਿੰਘ ਨੇ ਦੋਸ਼ ਲਾਇਆ ਕਿ ਇਸ ਦੌਰਾਨ ਨਾ ਸਿਰਫ਼ ਉਸ ਦੀ ਕੁੱਟਮਾਰ ਕੀਤੀ ਗਈ, ਸਗੋਂ ਉਸ ਦੇ ਕੇਸਾਂ ਦੀ ਬੇਅਦਬੀ ਵੀ ਕੀਤੀ ਗਈ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੁੰਦਿਆਂ ਹੀ ਸਿੱਖ ਜਥੇਬੰਦੀਆਂ ਵਿੱਚ ਰੋਸ ਫੈਲ ਗਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਸ ਮਾਮਲੇ ਦਾ ਤੁਰੰਤ ਨੋਟਿਸ ਲਿਆ। ਉਨ੍ਹਾਂ ਖੰਨਾ ਦੇ ਐੱਸ ਐੱਸ ਪੀ ਨਾਲ ਗੱਲਬਾਤ ਕਰਦਿਆਂ ਕਰਵਾਈ ਲਈ 24 ਘੰਟਿਆਂ ਦਾ ਅਲਟੀਮੇਟਮ ਦਿੱਤਾ ਹੈ। ਜਥੇਦਾਰ ਨੇ ਕਿਹਾ ਕਿ ਜੇ ਪੀੜਤ ਪਰਿਵਾਰ ਨੂੰ ਨਿਰਧਾਰਿਤ ਸਮੇਂ ਅੰਦਰ ਇਨਸਾਫ਼ ਨਾ ਮਿਲਿਆ ਤਾਂ ਉਹ ਖੁਦ ਮਾਛੀਵਾੜਾ ਪਹੁੰਚ ਕੇ ਅਗਲੇ ਸੰਘਰਸ਼ ਦੀ ਰਣਨੀਤੀ ਉਲੀਕਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਵਿੱਚ ਕਿਸੇ ਵੀ ਕਿਰਤੀ ਸਿੱਖ ਕਿਸਾਨ ਨਾਲ ਅਜਿਹੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਸੱਤ ਖ਼ਿਲਾਫ਼ ਕੇਸ ਦਰਜ; ਕੌਂਸਲ ਮੁਲਾਜ਼ਮ ਮੁਅੱਤਲ
ਮਾਛੀਵਾੜਾ ਪੁਲੀਸ ਨੇ ਇਸ ਸਬੰਧੀ 7 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ, ਜਿਨ੍ਹਾਂ ਵਿੱਚੋਂ ਦੋ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ। ਇਸ ਦੇ ਨਾਲ ਹੀ ਨਗਰ ਕੌਂਸਲ ਦੇ ਪ੍ਰਧਾਨ ਮੋਹਿਤ ਕੁੰਦਰਾ ਨੇ ਵੀ ਘਟਨਾ ਦੀ ਨਿੰਦਾ ਕਰਦਿਆਂ ਸਬੰਧਤ ਮੁਲਾਜ਼ਮਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਫਿਲਹਾਲ ਕੁਲਦੀਪ ਸਿੰਘ ਹਸਪਤਾਲ ਵਿੱਚ ਜ਼ੇਰੇ-ਇਲਾਜ ਹੈ ਅਤੇ ਪੁਲੀਸ ਵੱਲੋਂ ਬਾਕੀ ਫ਼ਰਾਰ ਦੋਸ਼ੀਆਂ ਦੀ ਭਾਲ ਲਈ ਛਾਪੇ ਮਾਰੇ ਜਾ ਰਹੇ ਹਨ।

