ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਵਿੱਚ ਬਣੀ ਸਿਟ ਨੇ ਬੀਤੀ ਰਾਤ ਲੁਧਿਆਣਾ ਦੇ ਟੈਗੋਰ ਨਗਰ ਸਥਿਤ ਚਾਰਟਰਡ ਅਕਾਊਂਟੈਂਟ (ਸੀ ਏ) ਅਸ਼ਵਨੀ ਕੁਮਾਰ ਦੇ ਦਫ਼ਤਰ ਵਿੱਚ ਛਾਪਾ ਮਾਰਿਆ। ਇਸ ਦੌਰਾਨ ਸਿਟ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸੀ ਏ ਸਤਵਿੰਦਰਪਾਲ ਸਿੰਘ ਕੋਹਲੀ ਵੀ ਮੌਜੂਦ ਸਨ, ਜੋ ਪੁਲੀਸ ਦੀ ਹਿਰਾਸਤ ਵਿੱਚ ਹਨ। ਪੁਲੀਸ ਮੁਤਾਬਕ ਇਹ ਛਾਪਾ ਕੋਹਲੀ ਦੀ ਨਿਸ਼ਾਨਦੇਹੀ ’ਤੇ ਮਾਰਿਆ ਗਿਆ ਹੈ।
ਟੀਮ ਜਦੋਂ ਦਫ਼ਤਰ ਪੁੱਜੀ ਤਾਂ ਅਸ਼ਵਨੀ ਕੁਮਾਰ ਉਥੇ ਨਹੀਂ ਸੀ। ਪੁਲੀਸ ਨੇ ਉਸ ਦੇ ਪੁੱਤਰ ਦੀ ਮੌਜੂਦਗੀ ਵਿੱਚ ਸਾਰੀ ਕਾਰਵਾਈ ਕੀਤੀ ਅਤੇ ਲੈਪਟਾਪ, ਡੀ ਵੀ ਆਰ, ਅਹਿਮ ਦਸਤਾਵੇਜ਼ ਅਤੇ ਹੋਰ ਸਾਮਾਨ ਕਬਜ਼ੇ ਵਿੱਚ ਲੈ ਲਿਆ। ਜ਼ਿਕਰਯੋਗ ਹੈ ਕਿ ਸੀ ਏ ਅਸ਼ਵਨੀ ਕੁਮਾਰ ਨੂੰ ਵੀ ਸੁਖਬੀਰ ਬਾਦਲ ਦਾ ਕਰੀਬੀ ਮੰਨਿਆ ਜਾਂਦਾ ਹੈ।
ਛਾਪੇ ਬਾਰੇ ਪਤਾ ਲੱਗਦਿਆਂ ਹੀ ਸੀਨੀਅਰ ਵਕੀਲ ਤੇ ਅਕਾਲੀ ਆਗੂ ਹਰੀਸ਼ ਰਾਏ ਢਾਂਡਾ, ਭਾਜਪਾ ਆਗੂ ਅਨਿਲ ਸਰੀਨ ਅਤੇ ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਮੌਕੇ ’ਤੇ ਪੁੱਜ ਗਏ ਅਤੇ ਪੁਲੀਸ ਕਾਰਵਾਈ ਦਾ ਵਿਰੋਧ ਕੀਤਾ। ਦੂਜੇ ਪਾਸੇ, ਸਿਟ ਮੈਂਬਰ ਏ ਸੀ ਪੀ ਬੇਅੰਤ ਜੁਨੇਜਾ ਨੇ ਦੱਸਿਆ ਕਿ ਇਹ ਕਾਰਵਾਈ ਅੰਮ੍ਰਿਤਸਰ ਤੋਂ ਆਈ ਟੀਮ ਨਾਲ ਮਿਲ ਕੇ ਸੀ ਏ ਕੋਹਲੀ ਦੀ ਨਿਸ਼ਾਨਦੇਹੀ ’ਤੇ ਕੀਤੀ ਗਈ ਹੈ। ਕੁਝ ਲੋਕ ਇਸ ਮਾਮਲੇ ਨੂੰ ਬੇਵਜ੍ਹਾ ਸਿਆਸੀ ਰੰਗ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।

