ਕਾਰ ਨਹਿਰ ਵਿੱਚ ਡਿੱਗੀ, ਚਾਲਕ ਲਾਪਤਾ
ਗੋਤਾਖੋਰਾਂ ਵੱਲੋਂ ਨੌਜਵਾਨ ਦੀ ਭਾਲ ਜਾਰੀ; ਵਾਹਨ ਦੀਆਂ ਜਗਦੀਆਂ ਲਾਈਟਾਂ ਤੋਂ ਹਾਦਸੇ ਦਾ ਪਤਾ ਲੱਗਿਆ
ਦੇਵਿੰਦਰ ਸਿੰਘ ਜੱਗੀ
ਇਥੇ ਪਾਇਲ-ਰਾੜਾ ਸਾਹਿਬ ਰੋਡ ’ਤੇ ਡੂਮ ਦੇ ਨਹਿਰੀ ਪੁਲ ਨੇੜੇ ਬੀਤੀ ਰਾਤ ਕਾਰ ਬੇਕਾਬੂ ਹੋ ਕੇ ਨਹਿਰ ਵਿੱਚ ਡਿੱਗ ਗਈ। ਘਟਨਾ ਮਗਰੋਂ ਕਾਰ ਚਾਲਕ ਲਾਪਤਾ ਹੈ ਅਤੇ ਗੋਤਾਖੋਰਾਂ ਵੱਲੋਂ ਭਾਲ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਲਗਪਗ ਨੌਂ ਵਜੇ ਵਰਨਾ ਕਾਰ (ਨੰਬਰ ਪੀ ਬੀ 10 ਡੀ ਐੱਫ 6116) ਬੇਕਾਬੂ ਹੋ ਨਹਿਰ ਵਿੱਚ ਡਿੱਗ ਗਈ। ਹਾਦਸੇ ਦਾ ਉਸ ਸਮੇਂ ਪਤਾ ਲੱਗਿਆ, ਜਦੋਂ ਪਿੰਡ ਰਾਣੋਂ ਦੇ ਰਾਹਗੀਰ ਨੇ ਨਹਿਰ ਵਿੱਚ ਵਾਹਨ ਦੀਆਂ ਲਾਈਟਾਂ ਜਗਦੀਆਂ ਦੇਖੀਆਂ। ਉਸ ਨੇ ਫੌਰੀ ਪਿੰਡ ਪਹੁੰਚ ਕੇ ਗੁਰਦੁਆਰੇ ਵਿੱਚ ਮੁਨਿਆਦੀ ਕਰਵਾਈ। ਪਿੰਡ ਵਾਸੀਆਂ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਕਾਫ਼ੀ ਜੱਦੋ-ਜਹਿਦ ਮਗਰੋਂ ਕਾਰ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ। ਹਾਲਾਂਕਿ ਉਸ ’ਚ ਕਾਰ ਸਵਾਰ ਨਹੀਂ ਸੀ। ਉਸ ਦੇ ਨਹਿਰ ਕੰਢਿਓਂ ਪਾਣੀ ਨਾਲ ਭਿੱਜੇ ਬੂਟ ਮਿਲੇ ਹਨ। ਕਾਰ ਸਵਾਰ ਦੀ ਪਛਾਣ ਗੁਰਤਰਨਦੀਪ ਸਿੰਘ (38) ਵਾਸੀ ਪਿੰਡ ਧੌਲਮਾਜਰਾ ਥਾਣਾ ਮਲੌਦ ਵਜੋਂ ਹੋਈ ਹੈ। ਉਸ ਦੇ ਪਿਤਾ ਠੇਕੇਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਗੁਰਤਰਨਦੀਪ ਸਿੰਘ ਬੀਤੀ ਸ਼ਾਮ ਲਗਪਗ ਸੱਤ ਵਜੇ ਘਰੋਂ ਕਾਰ ਲੈ ਕੇ ਗਿਆ ਸੀ ਪਰ ਕਾਫ਼ੀ ਦੇਰ ਵਾਪਸ ਨਹੀਂ ਆਇਆ। ਉਸ ਤੋਂ ਬਾਅਦ ਉਨ੍ਹਾਂ ਨੂੂੰ ਇਸ ਘਟਨਾ ਦੀ ਸੂਚਨਾ ਮਿਲੀ। ਨਹਿਰ ਵਿੱਚ ਸਿਰਫ਼ ਕਾਰ ਮਿਲੀ ਪਰ ਉਸ ਦਾ ਪੁੱਤਰ ਲਾਪਤਾ ਹੈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪਾਇਲ ਪੁਲੀਸ ਵੀ ਘਟਨਾ ਸਥਾਨ ’ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਖਬਰ ਲਿਖੇ ਜਾਣ ਤੱਕ ਗੋਤਾਖੋਰਾਂ ਦੀਆਂ ਟੀਮਾਂ ਵੱਲੋਂ ਕਾਰ ਸਵਾਰ ਦੀ ਭਾਲ ਕੀਤੀ ਜਾ ਰਹੀ ਸੀ।

