ਚੰਡੀਗੜ੍ਹ, 31 ਅਕਤੂਬਰ
ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਅੱਜ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਵਿਦਿਆਰਥੀਆਂ ਲਈ ਪੋਸਟ-ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀ ਸ਼ੁਰੂਆਤ ਕੀਤੀ। ਮੁੱਖ ਮੰਤਰੀ ਨੇ ਵਾਲਮੀਕਿ ਜੈਅੰਤੀ ਮੌਕੇ ਅੰਮ੍ਰਿਤਸਰ ਦੇ ਭਗਵਾਨ ਰਾਮ ਤੀਰਥ ਸਥਲ ਵਿਖੇ ਵਰਚੂਅਲ 50 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ। ਸਰਕਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਵਾਲਮੀਕਿ ਜੈਅੰਤੀ ਸਮਾਰੋਹ ਵਿਚ ਵਰਚੂਅਲ ਹਿੱਸਾ ਲੈਂਦਿਆਂ ਮੁੱਖ ਮੰਤਰੀ ਨੇ ਰਾਮ ਤੀਰਥ ਆਈਟੀਆਈ ਕੈਂਪਸ ਦਾ ਉਦਘਾਟਨ ਕਰਦਿਆਂ ਕਿਹਾ ਕਿ ਪ੍ਰਤੀਯੋਗਤਾ ਪ੍ਰੀਖਿਆਵਾਂ ਲਈ ਦਲਿਤ ਵਿਦਿਆਰਥੀਆਂ ਨੂੰ ਤਿਆਰ ਕਰਨ ਲਈ ਹੁਨਰ ਵਿਕਾਸ ਕੇਂਦਰ ਦੀ ਸਥਾਪਨਾ ਨੂੰ ਪ੍ਰਵਾਨਗੀ ਦਿੱਤੀ ਗਈ। ਡਾ. ਬੀਆਰ ਅੰਬੇਦਕਰ ਪੋਸਟ ਮੈਟ੍ਰਿਕ ਐੱਸਸੀ ਸਕਾਲਰਸ਼ਿਪ ਸਕੀਮ ਦੀ ਸ਼ੁਰੂਆਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਯਕੀਨੀ ਬਣਾਇਆ ਗਿਆ ਹੈ ਕਿ ਗਰੀਬ ਵਿਦਿਆਰਥੀ ਮੁਫਤ ਉੱਚ ਸਿੱਖਿਆ ਪ੍ਰਾਪਤ ਕਰਨ। ਇਹ ਯੋਜਨਾ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਨੂੰ 100 ਪ੍ਰਤੀਸ਼ਤ ਫੀਸ ਮੁਆਫ ਕਰੇਗੀ। ਯੋਜਨਾ ਦਾ ਹਰ ਸਾਲ ਤਿੰਨ ਲੱਖ ਗਰੀਬ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਨੂੰ ਲਾਭ ਹੋਣ ਦੀ ਸੰਭਾਵਨਾ ਹੈ। ਸਰਕਾਰੀ ਜਾਂ ਨਿੱਜੀ ਵਿਦਿਅਕ ਅਦਾਰੇ ਐੱਸਸੀ ਵਿਦਿਆਰਥੀਆਂ ਤੋਂ ਕੋਈ ਫੀਸ ਨਹੀਂ ਲੈਣਗੇ।