DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Canada: ਪੰਜਾਬਣ ਨੇ ਕੈਨੇਡਾ ਪੁਲੀਸ 'ਤੇ ਠੋਕਿਆ 80 ਮਿਲੀਅਨ ਦਾ ਮੁਕੱਦਮਾ

ਹਮਲਾਵਰਾਂ ਨੇ ਮਾਪਿਆਂ ਦਾ ਕੀਤਾ ਸੀ ਕਤਲ, ਧੀ ਨੂੰ ਲੱਗੀਆਂ ਸਨ 13 ਗੋਲੀਆਂ

  • fb
  • twitter
  • whatsapp
  • whatsapp
featured-img featured-img
Jaspreet kaur sidhu with parents (file photo)
Advertisement

ਕੈਨੇਡਾ 'ਚ ਰਹਿ ਰਹੀ ਇੱਕ ਪੰਜਾਬੀ ਮੁਟਿਆਰ ਜਸਪ੍ਰੀਤ ਕੌਰ ਸਿੱਧੂ (31) ਨੇ ਕੈਨੇਡਾ ਪੁਲੀਸ ਵਿਰੁੱਧ ਲਾਪਰਵਾਹੀ ਦਾ ਦੋਸ਼ ਲਗਾਉਂਦੇ ਹੋਏ 80 ਮਿਲੀਅਨ ਕੈਨੇਡੀਅਨ ਡਾਲਰ (ਕਰੀਬ 558.4 ਕਰੋੜ ਰੁਪਏ) ਦੇ ਹਰਜਾਨੇ ਦਾ ਕੇਸ ਦਾਇਰ ਕੀਤਾ ਹੈ। ਜਸਪ੍ਰੀਤ ਦਾ ਦੋਸ਼ ਹੈ ਕਿ ਪੁਲੀਸ ਦੀ ਅਣਗਹਿਲੀ ਕਾਰਨ ਉਸ ਦੇ ਮਾਪਿਆਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਅਤੇ ਉਹ ਖ਼ੁਦ ਵੀ ਮੌਤ ਦੇ ਮੂੰਹੋਂ ਵਾਪਸ ਆਈ ਹੈ।

ਮਾਰੇ ਗਏ ਇੱਕ ਬਜ਼ੁਰਗ ਪੰਜਾਬੀ ਜੋੜੇ ਦੇ ਬੱਚਿਆਂ ਨੇ ਕੈਨੇਡੀਅਨ ਪੁਲੀਸ ਦੀ ਵੱਡੀ ਲਾਪਰਵਾਹੀ ਖ਼ਿਲਾਫ਼ ਅਦਾਲਤ ਵਿੱਚ ਕਰੋੜਾਂ ਰੁਪਏ ਦਾ ਕੇਸ ਦਰਜ ਕਰਵਾਇਆ ਹੈ। ਪੰਜਾਬੀ ਮੂਲ ਦੇ ਭਰਾ-ਭੈਣ ਨੇ ਪੀਲ ਰਿਜਨਲ ਪੁਲੀਸ (PRP) ਵਿਰੁੱਧ 80 ਮਿਲੀਅਨ ਕੈਨੇਡੀਅਨ ਡਾਲਰ (ਕਰੀਬ 558.4 ਕਰੋੜ ਰੁਪਏ) ਦੇ ਹਰਜਾਨੇ (Damages) ਦੀ ਮੰਗ ਕੀਤੀ ਹੈ। ਇਹ ਮੁਕੱਦਮਾ ਉਨ੍ਹਾਂ ਦੇ ਵਕੀਲ ਫਰੈਡਰਿਕ ਸ਼ੂਮੈਨ ਰਾਹੀਂ ਦਾਇਰ ਕੀਤਾ ਗਿਆ ਹੈ। ਪਰਿਵਾਰ ਦਾ ਦੋਸ਼ ਹੈ ਕਿ ਪੁਲੀਸ ਨੂੰ ਸੰਭਾਵੀ ਖ਼ਤਰੇ ਬਾਰੇ ਪਤਾ ਸੀ, ਪਰ ਉਨ੍ਹਾਂ ਨੇ ਪਰਿਵਾਰ ਨੂੰ ਅਲਰਟ ਨਹੀਂ ਕੀਤਾ।

Advertisement

ਇਹ ਦਰਦਨਾਕ ਘਟਨਾ 20 ਨਵੰਬਰ 2023 ਦੀ ਹੈ। ਜਗਤਾਰ ਸਿੱਧੂ ਅਤੇ ਹਰਭਜਨ ਸਿੱਧੂ, ਜੋ ਪੰਜਾਬ ਤੋਂ ਕੈਨੇਡਾ ਦੇ ਓਨਟਾਰੀਓ ਵਿੱਚ ਰਹਿੰਦੇ ਆਪਣੇ ਬੱਚਿਆਂ ਜਸਪ੍ਰੀਤ ਕੌਰ ਸਿੱਧੂ (31) ਅਤੇ ਗੁਰਦਿੱਤ ਸਿੱਧੂ (29) ਨੂੰ ਮਿਲਣ ਆਏ ਸਨ, ਦੀ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਪੁਲੀਸ ਅਧਿਕਾਰੀਆਂ ਨੂੰ ਮੌਕੇ ਤੋਂ ਜਗਤਾਰ ਸਿੱਧੂ ਦੀ ਲਾਸ਼ ਮਿਲੀ, ਜਦੋਂ ਕਿ ਉਨ੍ਹਾਂ ਦੀ ਪਤਨੀ ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ। ਇਸ ਹਮਲੇ ਵਿੱਚ ਉਨ੍ਹਾਂ ਦੀ ਧੀ ਜਸਪ੍ਰੀਤ ਕੌਰ ਸਿੱਧੂ ਨੂੰ 13 ਗੋਲੀਆਂ ਮਾਰੀਆਂ ਗਈਆਂ, ਪਰ ਉਹ ਚਮਤਕਾਰੀ ਢੰਗ ਨਾਲ ਬਚ ਗਈ। ਹਸਪਤਾਲ ਵਿੱਚ ਆਪਣੀ ਹਾਲਤ ਬਾਰੇ ਦੱਸਦਿਆਂ ਜਸਪ੍ਰੀਤ ਨੇ ਰੋਂਦੇ ਹੋਏ ਕਿਹਾ, "ਮੈਨੂੰ ਯਾਦ ਹੈ ਉਸ ਰਾਤ ਮੇਰੇ ਮਾਪਿਆਂ ਦਾ ਮੇਰੀਆਂ ਅੱਖਾਂ ਸਾਹਮਣੇ ਕਤਲ ਕਰ ਦਿੱਤਾ ਗਿਆ ਸੀ। ਮੇਰੇ ਪਿਤਾ ਨੂੰ ਮੇਰੇ ਸਾਹਮਣੇ ਗੋਲੀ ਮਾਰੀ ਗਈ ਅਤੇ ਮੈਂ ਆਪਣੀ ਮਾਂ ਦੀਆਂ ਆਖ਼ਰੀ ਚੀਕਾਂ ਸੁਣੀਆਂ। ਉਸ ਤੋਂ ਬਾਅਦ ਸਿਰਫ਼ ਗੋਲੀਬਾਰੀ ਦੀਆਂ ਆਵਾਜ਼ਾਂ ਗੂੰਜ ਰਹੀਆਂ ਸਨ।"

Advertisement

ਜਸਪ੍ਰੀਤ ਕੌਰ ਨੂੰ ਮੋਢੇ ਤੋਂ ਲੈ ਕੇ ਪੈਰਾਂ ਤੱਕ ਵਾਰ-ਵਾਰ ਗੋਲੀਆਂ ਮਾਰੀਆਂ ਗਈਆਂ ਸਨ। ਉਸ ਦੀ ਜਾਨ ਬਚਾਉਣ ਲਈ ਡਾਕਟਰਾਂ ਨੂੰ 18 ਘੰਟੇ ਲੰਮਾ ਅਪਰੇਸ਼ਨ ਕਰਨਾ ਪਿਆ। ਗਰਦਨ ਅਤੇ ਪੇਟ ਵਿੱਚ ਗੋਲੀ ਲੱਗਣ ਕਾਰਨ ਉਹ ਕਈ ਦਿਨ ਬੋਲ ਵੀ ਨਹੀਂ ਸਕੀ। ਮੁਕੱਦਮੇ ਮੁਤਾਬਕ, ਇੱਕ ਗੋਲੀ ਉਸ ਦੀ ਰੀੜ੍ਹ ਦੀ ਹੱਡੀ ਦੇ ਬੇਹੱਦ ਨੇੜੇ ਫਸੀ ਹੋਈ ਹੈ, ਜਿਸ ਨੂੰ ਕੱਢਿਆ ਨਹੀਂ ਜਾ ਸਕਿਆ। ਨਸਾਂ ਦੇ ਨੁਕਸਾਨ ਕਾਰਨ ਉਹ ਹੁਣ ਤੁਰਨ-ਫਿਰਨ ਅਤੇ ਕੰਮ ਕਰਨ ਤੋਂ ਪੂਰੀ ਤਰ੍ਹਾਂ ਅਸਮਰਥ ਹੈ ਅਤੇ ਗੰਭੀਰ ਮਾਨਸਿਕ ਤਣਾਅ ਵਿੱਚੋਂ ਲੰਘ ਰਹੀ ਹੈ।

ਦਾਅਵੇ ਮੁਤਾਬਕ, ਹੱਤਿਆ ਕਾਂਡ ਤੋਂ ਠੀਕ ਚਾਰ ਦਿਨ ਪਹਿਲਾਂ ਪੀਲ ਪੁਲੀਸ ਦਾ ਇੱਕ ਅਧਿਕਾਰੀ ਉਨ੍ਹਾਂ ਦੇ ਘਰ ਆਇਆ ਸੀ, ਪਰ ਉਸ ਨੇ ਪਰਿਵਾਰ ਨੂੰ ਕਿਸੇ ਵੀ ਤਰ੍ਹਾਂ ਦੇ ਖ਼ਤਰੇ ਬਾਰੇ ਕੋਈ ਸੂਚਨਾ ਨਹੀਂ ਦਿੱਤੀ। ਪਰਿਵਾਰ ਦਾ ਕਹਿਣਾ ਹੈ ਕਿ ਪੁਲੀਸ ਨੂੰ ਪਤਾ ਸੀ ਕਿ ਇਸ ਮਾਮਲੇ ਵਿੱਚ ਕੈਨੇਡੀਅਨ ਗੈਂਗਸਟਰ ਰਿਆਨ ਵੈਡਿੰਗ ਦਾ ਇੱਕ ਸਾਥੀ ਸ਼ਾਮਲ ਸੀ। ਜੇਕਰ ਪੁਲੀਸ ਸਮੇਂ ਸਿਰ ਚੇਤਾਵਨੀ ਦੇ ਦਿੰਦੀ, ਤਾਂ ਇਸ ਮਾਸੂਮ ਪੰਜਾਬੀ ਜੋੜੇ ਦੀ ਜਾਨ ਬਚਾਈ ਜਾ ਸਕਦੀ ਸੀ।

ਓਨਟਾਰੀਓ ਪ੍ਰੋਵਿੰਸ਼ੀਅਲ ਪੁਲੀਸ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਪਰਿਵਾਰ ਹਮਲਾਵਰਾਂ ਦਾ ਅਸਲ ਟਾਰਗੇਟ ਨਹੀਂ ਸੀ। ਦਰਅਸਲ, ਅਕਤੂਬਰ 2024 ਵਿੱਚ ਅਮਰੀਕੀ ਅਟਾਰਨੀ ਦਫ਼ਤਰ ਨੇ ਖ਼ੁਲਾਸਾ ਕੀਤਾ ਸੀ ਕਿ ਉੱਤਰੀ ਅਮਰੀਕਾ ਦੇ ਇੱਕ ਵੱਡੇ ਡਰੱਗ ਗੈਂਗ ਦੇ ਲੀਡਰ ਰਿਆਨ ਵੈਡਿੰਗ ਅਤੇ ਉਸ ਦੇ ਸਾਥੀ ਐਂਡਰਿਊ ਕਲਾਰਕ ਨੇ ਦੱਖਣੀ ਕੈਲੇਫੋਰਨੀਆ ਵਿੱਚ ਚੋਰੀ ਹੋਈ ਨਸ਼ੇ ਦੀ ਇੱਕ ਖੇਪ ਦੇ ਬਦਲੇ 'ਬੌਬੀ' ਨਾਮ ਦੇ ਇੱਕ ਨੌਜਵਾਨ ਨੂੰ ਜਾਨੋਂ ਮਾਰਨ ਦਾ ਹੁਕਮ ਦਿੱਤਾ ਸੀ।ਜਿਸ ਘਰ ਵਿੱਚ ਸਿੱਧੂ ਪਰਿਵਾਰ ਰਹਿ ਰਿਹਾ ਸੀ, ਉਹ ਪਹਿਲਾਂ ਬੌਬੀ ਨਾਮ ਦੇ ਵਿਅਕਤੀ ਨਾਲ ਜੁੜਿਆ ਹੋਇਆ ਸੀ ਅਤੇ ਉਸ 'ਤੇ ਪਹਿਲਾਂ ਵੀ ਹਮਲਾ ਹੋ ਚੁੱਕਾ ਸੀ। ਬੌਬੀ ਨੂੰ ਲੱਭਦੇ ਹੋਏ ਸ਼ੂਟਰ ਗ਼ਲਤੀ ਨਾਲ ਇਸ ਪੰਜਾਬੀ ਜੋੜੇ ਦੇ ਘਰ ਵੜ ਗਏ ਅਤੇ ਉਨ੍ਹਾਂ ਨੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਦੱਸ ਦੇਈਏ ਕਿ ਇਸ ਹੱਤਿਆਕਾਂਡ ਦੇ ਮੁੱਖ ਮੁਲਜ਼ਮ ਅਤੇ ਡਰੱਗ ਲਾਰਡ ਰਿਆਨ ਵੈਡਿੰਗ ਨੂੰ ਜਨਵਰੀ 2026 ਵਿੱਚ ਮੈਕਸੀਕੋ ਤੋਂ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

ਦੂਜੇ ਪਾਸੇ, ਪੀਲ ਪੁਲੀਸ ਨੇ ਆਪਣੇ ਬਚਾਅ ਵਿੱਚ ਕਿਹਾ ਹੈ ਕਿ ਉਨ੍ਹਾਂ ਕੋਲ ਅਜਿਹੀ ਕੋਈ ਖ਼ੁਫ਼ੀਆ ਜਾਣਕਾਰੀ ਜਾਂ ਰਿਪੋਰਟ ਨਹੀਂ ਸੀ ਕਿ ਉਸ ਪਤੇ 'ਤੇ ਰਹਿਣ ਵਾਲੇ ਮੌਜੂਦਾ ਨਿਵਾਸੀਆਂ (ਸਿੱਧੂ ਪਰਿਵਾਰ) ਦੀ ਜਾਨ ਨੂੰ ਕੋਈ ਖ਼ਤਰਾ ਹੋ ਸਕਦਾ ਹੈ। ਅਦਾਲਤ ਵਿੱਚ ਹੁਣ ਇਸ ਕਰੋੜਾਂ ਰੁਪਏ ਦੇ ਮੁਕੱਦਮੇ 'ਤੇ ਸੁਣਵਾਈ ਹੋਵੇਗੀ।

Photo-

Advertisement
×