DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Canada News: ਟੋਰਾਂਟੋ ’ਚ ਸਿੱਖ ਵਿਅਕਤੀ ’ਤੇ ਨਸਲੀ ਹਮਲਾ!

ਪੁਲੀਸ ਨੇ ਸ਼ੱਕੀ ਦੀ ਤਸਵੀਰ ਜਾਰੀ ਕਰਕੇ ਲੋਕਾਂ ਤੋਂ ਮੰਗੀ ਮਦਦ

  • fb
  • twitter
  • whatsapp
  • whatsapp
Advertisement

ਕੈਨੇਡਾ ਦੇ ਟੋਰਾਂਟੋ ਤੋਂ ਸਿੱਖ ਭਾਈਚਾਰੇ ਨੂੰ ਚਿੰਤਾ ਵਿੱਚ ਪਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਸਿੱਖ ਵਿਅਕਤੀ ’ਤੇ ਕਥਿਤ ਤੌਰ ’ਤੇ ਸਿੱਖ ਵਿਰੋਧੀ ਅਤੇ ਨਸਲੀ ਟਿੱਪਣੀਆਂ ਕਰਨ ਤੋਂ ਬਾਅਦ ਚਾਕੂ ਨਾਲ ਹਮਲਾ ਕੀਤਾ ਗਿਆ। ਇਸ ਹਮਲੇ ਵਿੱਚ ਪੀੜਤ ਦੀ ਲੱਤ ’ਤੇ ਸੱਟ ਲੱਗੀ ਹੈ। ਪੁਲੀਸ ਮੁਤਾਬਕ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ ਅਤੇ ਮਾਮਲੇ ਦੀ ਜਾਂਚ ਹੇਟ ਕ੍ਰਾਈਮ ਯੂਨਿਟ ਵੱਲੋਂ ਕੀਤੀ ਜਾ ਰਹੀ ਹੈ।

ਟੋਰਾਂਟੋ ਪੁਲੀਸ ਅਨੁਸਾਰ ਇਹ ਘਟਨਾ 29 ਅਗਸਤ ਨੂੰ ਕੁਈਨਜ਼ ਕੀ ਵੈਸਟ (Queens Quay West) ਅਤੇ ਲੋਅਰ ਸਪੈਡਿਨਾ ਐਵੇਨਿਊ (Lower Spadina Avenue) ਦੇ ਇਲਾਕੇ ਵਿੱਚ ਵਾਪਰੀ। ਪੁਲੀਸ ਦੀ ਮੁੱਢਲੀ ਜਾਂਚ ਮੁਤਾਬਕ ਇੱਕ ਅਣਪਛਾਤਾ ਵਿਅਕਤੀ ਬਿਨਾਂ ਕਿਸੇ ਉਕਸਾਵੇ ਦੇ ਇੱਕ ਸਿੱਖ ਵਿਅਕਤੀ ਅਤੇ ਉਸ ਦੇ ਨਾਲ ਮੌਜੂਦ ਗਵਾਹ ਕੋਲ ਪਹੁੰਚਿਆ। ਗੱਲਬਾਤ ਦੌਰਾਨ ਸ਼ੱਕੀ ਨੇ ਕਥਿਤ ਤੌਰ ’ਤੇ ਸਿੱਖ ਵਿਰੋਧੀ ਟਿੱਪਣੀਆਂ ਅਤੇ ਨਸਲੀ ਗਾਲ੍ਹਾਂ ਕੱਢੀਆਂ।

Advertisement

ਇਸ ਤੋਂ ਬਾਅਦ ਸਥਿਤੀ ਅਚਾਨਕ ਹਿੰਸਕ ਹੋ ਗਈ। ਪੁਲੀਸ ਦੇ ਮੁਤਾਬਕ ਸ਼ੱਕੀ ਨੇ ਤੇਜ਼ਧਾਰ ਹਥਿਆਰ ਕੱਢ ਕੇ ਸਿੱਖ ਵਿਅਕਤੀ ’ਤੇ ਵਾਰ ਕਰ ਦਿੱਤਾ। ਚਾਕੂ ਦਾ ਵਾਰ ਉਸ ਦੀ ਲੱਤ ’ਤੇ ਲੱਗਾ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਡਾਕਟਰੀ ਸਹਾਇਤਾ ਦਿੱਤੀ ਗਈ ਅਤੇ ਸੱਟਾਂ ਨੂੰ ਜਾਨਲੇਵਾ ਨਹੀਂ ਦੱਸਿਆ ਗਿਆ ਹੈ।

Advertisement

ਘਟਨਾ ਤੋਂ ਬਾਅਦ ਸ਼ੱਕੀ ਮੌਕੇ ਤੋਂ ਫ਼ਰਾਰ ਹੋ ਗਿਆ। ਹੁਣ ਟੋਰਾਂਟੋ ਪੁਲੀਸ ਨੇ ਉਸ ਦੀ ਤਸਵੀਰ ਜਾਰੀ ਕਰਦਿਆਂ ਲੋਕਾਂ ਤੋਂ ਉਸ ਦੀ ਪਛਾਣ ਕਰਨ ਵਿੱਚ ਮਦਦ ਮੰਗੀ ਹੈ। ਪੁਲੀਸ ਮੁਤਾਬਕ ਸ਼ੱਕੀ ਦੀ ਲੰਬਾਈ ਕਰੀਬ 5 ਫੁੱਟ 6 ਇੰਚ ਹੈ ਅਤੇ ਉਸ ਦੇ ਵਾਲ ਕਾਲੇ ਹਨ। ਘਟਨਾ ਸਮੇਂ ਉਸ ਨੇ ਨੇਵੀ-ਬਲੂ ਰੰਗ ਦੀ ਐੱਨ ਐੱਫ ਐੱਲ (NFL) “ਸੰਡੇ ਟਿਕਟ” (Sunday Ticket) ਲਿਖੀ ਜਰਸੀ, ਨੀਲੀ ਜੀਨਜ਼ ਅਤੇ ਸਲੇਟੀ-ਕਾਲੇ ਰੰਗ ਦੇ ਨਿਊ ਬੈਲੰਸ (New Balance) ਜੁੱਤੇ ਪਹਿਨੇ ਹੋਏ ਸਨ।

ਪੁਲੀਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਹਮਲੇ ਪਿੱਛੇ ਨਸਲੀ ਜਾਂ ਧਾਰਮਿਕ ਨਫ਼ਰਤ ਦਾ ਤੱਤ ਕਿੰਨਾ ਮਹੱਤਵਪੂਰਨ ਸੀ। ਇਸੇ ਕਾਰਨ ਮਾਮਲੇ ਨੂੰ ਹੇਟ ਕ੍ਰਾਈਮ ਯੂਨਿਟ ਨੂੰ ਸੌਂਪਿਆ ਗਿਆ ਹੈ। ਜੇਕਰ ਜਾਂਚ ਅਤੇ ਅਦਾਲਤੀ ਕਾਰਵਾਈ ਦੌਰਾਨ ਇਹ ਸਾਬਤ ਹੁੰਦਾ ਹੈ ਕਿ ਅਪਰਾਧ ਨਫ਼ਰਤ ਜਾਂ ਪੱਖਪਾਤ ਤੋਂ ਪ੍ਰੇਰਿਤ ਸੀ, ਤਾਂ ਕੈਨੇਡੀਅਨ ਕਾਨੂੰਨ ਤਹਿਤ ਇਹ ਗੱਲ ਸਜ਼ਾ ਨਿਰਧਾਰਿਤ ਕਰਦੇ ਸਮੇਂ ਗੰਭੀਰਤਾ ਵਧਾਉਣ ਵਾਲੇ ਕਾਰਕ ਵਜੋਂ ਵਿਚਾਰੀ ਜਾ ਸਕਦੀ ਹੈ।

ਘਟਨਾ ਨੇ ਟੋਰਾਂਟੋ ਵਿੱਚ ਨਸਲੀ ਅਤੇ ਧਾਰਮਿਕ ਨਫ਼ਰਤ ਨਾਲ ਜੁੜੇ ਅਪਰਾਧਾਂ ਨੂੰ ਲੈ ਕੇ ਮੁੜ ਸਵਾਲ ਖੜ੍ਹੇ ਕੀਤੇ ਹਨ। ਫ਼ਿਲਹਾਲ ਪੁਲੀਸ ਸ਼ੱਕੀ ਦੀ ਭਾਲ ਕਰ ਰਹੀ ਹੈ। ਜਾਂਚਕਰਤਾਵਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਘਟਨਾ ਜਾਂ ਸ਼ੱਕੀ ਵਿਅਕਤੀ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਪੁਲੀਸ ਨਾਲ ਸਾਂਝੀ ਕਰੇ।

Advertisement
×