Canada News: ਕੈਨੇਡਾ ’ਚ 28 ਸਾਲਾ ਨੌਜਵਾਨ ਦੀ ਹੱਤਿਆ ’ਤੇ ਪੁਲੀਸ ਨੂੰ ਗੈਂਗਵਾਰ ਦਾ ਸ਼ੱਕ
ਵੈਨਕੂਵਰ ਦੇ ਦਿਲਰਾਜ ਸਿੰਘ ਗਿੱਲ ਦੀ ਹੋਈ ਸੀ ਮੌਤ
ਕੈਨੇਡਾ ਦੇ ਬਰਨਬੀ ਵਿੱਚ 28 ਸਾਲਾ ਭਾਰਤੀ ਮੂਲ ਦੇ ਨੌਜਵਾਨ ਦੀ ਹੱਤਿਆ ਕੀਤੀ ਗਈ ਸੀ। ਪੁਲੀਸ ਨੂੰ ਸ਼ੱਕ ਹੈ ਕਿ ਇਹ ਮਾਮਲਾ ਗੈਂਗਵਾਰ ਨਾਲ ਜੁੜਿਆ ਹੋ ਸਕਦਾ ਹੈ। ਪੀੜਤ ਦੀ ਪਛਾਣ ਦਿਲਰਾਜ ਸਿੰਘ ਗਿੱਲ ਵਜੋਂ ਹੋਈ ਸੀ ਜੋ ਵੈਨਕੂਵਰ ਦਾ ਰਹਿਣ ਵਾਲਾ ਸੀ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ 22 ਜਨਵਰੀ ਨੂੰ ਸ਼ਾਮ ਵੇਲੇ ਕੈਨੇਡਾ ਵੇਅ ਦੇ 3700 ਬਲਾਕ ਦੇ ਨੇੜੇ ਗੋਲੀਬਾਰੀ ਬਾਰੇ ਜਾਣਕਾਰੀ ਮਿਲੀ। ਜਦੋਂ ਪੁਲੀਸ ਮੌਕੇ ’ਤੇ ਪਹੁੰਚੀ ਤਾਂ ਇਕ ਨੌਜਵਾਨ ਨੂੰ ਗੋਲੀਆਂ ਮਾਰੀਆਂ ਗਈਆਂ ਸਨ। ਉਸ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਇਸ ਦੇ ਬਾਵਜੂਦ ਇਹ ਨੌਜਵਾਨ ਬਚ ਨਹੀਂ ਸਕਿਆ।
ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਥੋੜ੍ਹੀ ਦੇਰ ਬਾਅਦ ਬਕਸਟਨ ਸਟਰੀਟ ਦੇ 5000 ਬਲਾਕ ਵਿੱਚ ਇੱਕ ਵਾਹਨ ਨੂੰ ਅੱਗ ਲੱਗੀ ਹੋਈ ਮਿਲੀ। ਜਾਂਚਕਰਤਾਵਾਂ ਨੇ ਕਾਰਵਾਈ ਆਰੰਭੀ ਕਿ ਕੀ ਇਸ ਘਟਨਾ ਦਾ ਗੋਲੀਬਾਰੀ ਨਾਲ ਕੋਈ ਸਬੰਧ ਹੋ ਸਕਦਾ ਹੈ। ਇਸ ਸਬੰਧੀ ਬਰਨਬੀ, ਬ੍ਰਿਟਿਸ਼ ਕੋਲੰਬੀਆ ਦੀ ਪੁਲੀਸ ਨੇ ਬਿਆਨ ਵੀ ਜਾਰੀ ਕੀਤਾ ਹੈ।
ਉਨ੍ਹਾਂ ਕਿਹਾ ਕਿ ਪੁਲੀਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਇਸ ਦੀ ਕਈ ਪੱਖਾਂ ਤੋਂ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਦੇਖ ਰਹੀ ਹੈ ਕਿ ਕੀ ਇਸ ਗੋਲੀਬਾਰੀ ਦਾ ਬੀਸੀ ਗਰੋਹ ਨਾਲ ਕੋਈ ਸਬੰਧ ਹੈ ਕਿ ਨਹੀਂ।
ਇਸ ਤੋਂ ਬਾਅਦ ਜਾਂਚਕਰਤਾਵਾਂ ਨੇ ਪੁਸ਼ਟੀ ਕੀਤੀ ਹੈ ਕਿ ਬਕਸਟਨ ਸਟਰੀਟ ਦੇ 5000 ਬਲਾਕ ਵਿੱਚ ਅੱਗ ਲੱਗੀ ਗੱਡੀ ਦਾ ਇਸ ਹੱਤਿਆ ਨਾਲ ਸਬੰਧ ਹੈ। ਪੁਲੀਸ ਇਸ ਵਾਹਨ ਤੇ ਇਸ ਦੇ ਚਾਲਕਾਂ ਬਾਰੇ ਹੋਰ ਜਾਣਕਾਰੀ ਇਕੱਠੀ ਕਰਨ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ।

