ਜੋਗਿੰਦਰ ਸਿੰਘ ਮਾਨ
ਮਾਨਸਾ, 25 ਸਤੰਬਰ
ਭਾਰਤ ਵੱਲੋਂ ਕੈਨੇਡਾ ਤੋਂ ਆਉਣ ਵਾਲਿਆਂ ਨੂੰ ਵੀਜ਼ੇ ਨਾ ਦੇੇਣ ਦੇ ਐਲਾਨ ਤੋਂ ਬਾਅਦ ਅਕਾਲੀ ਦਲ (ਅੰਮ੍ਰਿਤਸਰ) ਨੇ 1 ਅਕਤੂਬਰ ਨੂੰ ਤਖਤ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਲੈ ਕੇ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤੱਕ ਕੌਮੀ ਇਨਸਾਫ਼ ਮਾਰਚ ਕਰਨ ਦਾ ਐਲਾਨ ਕੀਤਾ। ਅਕਾਲੀ ਦਲ (ਅੰਮ੍ਰਿਤਸਰ) ਦਾ ਕਹਿਣਾ ਹੈ ਕਿ ਇਸ ਕਾਰਨ ਉਹ ਮਾਪੇ ਚਿੰਤਾ ਵਿੱਚ ਹਨ, ਜਿਨ੍ਹਾਂ ਦੇ ਧੀਆਂ-ਪੁੱਤ ਲੰਮੇ ਸਮੇਂ ਤੋਂ ਕੈਨੇਡਾ ਵੱਸ ਰਹੇ ਹਨ। ਪਾਰਟੀ ਦਾ ਕਹਿਣਾ ਹੈ ਕਿ ਇਸ ਨਾਲ ਸਿੱਖਾਂ ਦਾ ਵੀ ਕੌਂਮਾਂਤਰੀ ਪੱਧਰ ‘ਤੇ ਅਕਸ ਖ਼ਰਾਬ ਕੀਤਾ ਜਾ ਰਿਹਾ ਹੈ। ਅਕਾਲੀ ਦਲ (ਅੰਮ੍ਰਿਤਸਰ) ਦੇ ਕੌਮੀ ਜਰਨਲ ਸਕੱਤਰ ਗੁਰਸੇਵਕ ਸਿੰਘ ਜਵਾਹਰਕੇ ਨੇ ਦੱਸਿਆ ਕਿ ਕੈਨੇਡਾ-ਭਾਰਤ ਵਿਵਾਦ ਨਾਲ ਸਿੱਖਾਂ ਦੀ ਮਾੜੀ ਤਸਵੀਰ ਪੇਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਸਮੂਹ ਮਾਪਿਆਂ ਨੂੰ ਅਪੀਲ ਕੀਤੀ ਕਿ ਕੈਨੇਡਾ ਵੱਸਦੇ ਪੰਜਾਬੀ ਮੁੰਡੇ-ਕੁੜੀਆਂ ਦੇ ਮਾਪੇ 1 ਅਕਤੂਬਰ ਨੂੰ ਕੱਢੇ ਜਾ ਰਹੇ ਕੌਮੀ ਮਾਰਚ ਵਿੱਚ ਆਪਣੇ ਵਹੀਕਲ ਵੱਡੀ ਗਿਣਤੀ ਵਿੱਚ ਲੈ ਕੇ ਪਹੁੰਚਣ ਤਾਂ ਜੋ ਇਸ ਨਾਲ ਭਾਰਤ ਸਰਕਾਰ ਨੂੰ ਹਲੂਣਾ ਦਿੱਤਾ ਜਾ ਸਕੇ ਕਿ ਇਸ ਵਿਵਾਦ ਵਿੱਚ ਪੰਜਾਬੀਆਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ। ਇਸ ਮਾਰਚ ਵਿੱਚ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਤੋਂ ਇਲਾਵਾ ਹੋਰ ਸਿੱਖ ਵਿਦਵਾਨ ਆਗੂ ਅਤੇ ਪੰਜਾਬੀ ਵੱਡੀ ਗਿਣਤੀ ਵਿੱਚ ਹਿੱਸਾ ਲੈਣਗੇ। ਇਸ ਮੌਕੇ ਟੇਕ ਸਿੰਘ ਭੰਮੇ, ਰਾਜਿੰਦਰ ਸਿੰਘ ਜਵਾਹਰਕੇ, ਇੰਦਰਜੀਤ ਸਿੰਘ ਮੁਨਸ਼ੀ, ਮਨਜੀਤ ਸਿੰਘ ਢੈਪਈ,ਪਵਨ ਸਿੰਘ ਰਮਦਿੱਤੇਵਾਲਾ, ਗੁਰਦੇਵ ਸਿੰਘ ਮਾਨਸ਼ਾਹੀਆ ਮੌਜੂਦ ਸਨ।