DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Canada Cocaine Case: 333 ਕਿੱਲੋ ਕੋਕੀਨ ਮਾਮਲੇ ’ਚ ਟਰੱਕ ਡਰਾਈਵਰ ਰਾਵਿੰਦਰ ਬੀਰ ਸਿੰਘ ਬਰੀ

Canada News: ਸਰਕਾਰੀ ਪੱਖ ਇਹ ਸਾਬਤ ਨਹੀਂ ਕਰ ਸਕਿਆ ਕਿ ਮੁਲਜ਼ਮ ਨੂੰ ਲੁਕਾਈ ਗਈ ਕੋਕੀਨ ਬਾਰੇ ਜਾਣਕਾਰੀ ਸੀ: ਅਦਾਲਤ

  • fb
  • twitter
  • whatsapp
  • whatsapp
Advertisement

Canada News: ਕੈਨੇਡਾ ਦੇ ਬਲਿਊ ਵਾਟਰ ਬ੍ਰਿਜ ਰਾਹੀਂ 333 ਕਿੱਲੋਗਰਾਮ ਕੋਕੀਨ ਦੀ ਤਸਕਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਬਰੈਂਪਟਨ ਦੇ ਟਰੱਕ ਡਰਾਈਵਰ ਰਾਵਿੰਦਰ ਬੀਰ ਸਿੰਘ ਨੂੰ ਓਂਟਾਰੀਓ ਸੁਪੀਰੀਅਰ ਕੋਰਟ ਨੇ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ।

ਜਸਟਿਸ ਮਾਰਕ ਪੋਲੈਂਡ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਕਿ ਸਰਕਾਰੀ ਪੱਖ ਇਹ ਸਾਬਤ ਨਹੀਂ ਕਰ ਸਕਿਆ ਕਿ ਮੁਲਜ਼ਮ ਨੂੰ ਟਰੱਕ ਵਿੱਚ ਲੁਕਾਈ ਗਈ ਕੋਕੀਨ ਬਾਰੇ ਜਾਣਕਾਰੀ ਸੀ।

Advertisement

ਫ਼ੈਸਲਾ ਸੁਣਦੇ ਹੀ ਰਾਵਿੰਦਰ ਬੀਰ ਸਿੰਘ ਨੇ ਆਪਣੇ ਵਕੀਲਾਂ ਨਾਲ ਖ਼ੁਸ਼ੀ ਸਾਂਝੀ ਕੀਤੀ ਪਰ ਅਦਾਲਤ ਤੋਂ ਬਾਹਰ ਨਿਕਲਦਿਆਂ ਉਹ ਭਾਵੁਕ ਹੋ ਗਿਆ। ਉਸ ਨੇ ਕਿਹਾ, "ਮੈਂ ਬਹੁਤ ਖ਼ੁਸ਼ ਹਾਂ ਕਿ ਸੱਚ ਸਾਹਮਣੇ ਆਇਆ ਹੈ।"

Advertisement

ਬਚਾਅ ਪੱਖ ਦੇ ਵਕੀਲ ਗੁਰੂਵੀਰ ਸੰਘਾ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਭਰੋਸਾ ਸੀ ਕਿ ਉਨ੍ਹਾਂ ਦਾ ਮੁਵੱਕਿਲ ਬੇਕਸੂਰ ਹੈ। ਦੂਜੇ ਪਾਸੇ ਸਰਕਾਰੀ ਵਕੀਲ ਸਟੇਫਾਨ ਮੈਰੀਨੀਅਰ ਨੇ ਕਿਹਾ ਕਿ ਫ਼ੈਸਲੇ ਦਾ ਅਧਿਐਨ ਕਰਨ ਮਗਰੋਂ 30 ਦਿਨਾਂ ਅੰਦਰ ਅਪੀਲ ਕਰਨ ਬਾਰੇ ਫ਼ੈਸਲਾ ਕੀਤਾ ਜਾਵੇਗਾ।

ਮਾਮਲੇ ਅਨੁਸਾਰ ਰਾਵਿੰਦਰ ਬੀਰ ਸਿੰਘ 2022 ਵਿੱਚ ਵਿਦਿਆਰਥੀ ਵੀਜ਼ੇ 'ਤੇ ਭਾਰਤ ਤੋਂ ਕੈਨੇਡਾ ਆਇਆ ਸੀ ਅਤੇ ਡਿਵਾਈਨ ਫਰੇਟਲਾਈਨਜ਼ ਇੰਕ. ਲਈ ਟਰੱਕ ਚਲਾਉਂਦਾ ਸੀ। 5 ਮਾਰਚ 2025 ਨੂੰ ਉਸ ਨੇ ਓਹਾਇਓ ਦੇ ਕੋਲੰਬਸ ਸਥਿਤ ਰੈੱਡਹਾਕ ਲਾਜਿਸਟਿਕਸ ਤੋਂ ਪਲਾਸਟਿਕ ਰੇਜ਼ਿਨ ਨਾਲ ਲੱਦਿਆ ਟਰਾਲਾ ਚੁੱਕਿਆ। ਉਸੇ ਰਾਤ ਬਲਿਊ ਵਾਟਰ ਬਰਿੱਜ ਪਹੁੰਚਣ 'ਤੇ ਸੀਬੀਐਸਏ ਅਧਿਕਾਰੀਆਂ ਨੇ ਟਰੱਕ ਦੀ ਜਾਂਚ ਕੀਤੀ।

ਤਲਾਸ਼ੀ ਦੌਰਾਨ 24 ਪੈਲੇਟਾਂ ਵਿੱਚੋਂ ਸੱਤ ਬੋਰੀਆਂ ਅੰਦਰ ਲੁਕਾਏ 281 ਇੱਕ-ਇੱਕ ਕਿੱਲੋਗਰਾਮ ਦੇ ਕੋਕੀਨ ਦੇ ਪੈਕੇਟ ਬਰਾਮਦ ਹੋਏ। ਪੈਕਿੰਗ ਸਮੇਤ ਕੁੱਲ ਵਜ਼ਨ 333 ਕਿੱਲੋਗਰਾਮ ਸੀ ਅਤੇ ਇਸ ਦੀ ਕੀਮਤ 50 ਲੱਖ ਤੋਂ 3.4 ਕਰੋੜ ਡਾਲਰ ਦਰਮਿਆਨ ਦੱਸੀ ਗਈ। ਇਸ ਮਗਰੋਂ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਦੋ ਹਫ਼ਤਿਆਂ ਬਾਅਦ ਦੋ ਲੱਖ ਡਾਲਰ ਦੀ ਜ਼ਮਾਨਤ 'ਤੇ ਰਿਹਾਅ ਹੋ ਗਿਆ ਸੀ।

ਇਸ ਮਾਮਲੇ ਵਿੱਚ ਬਾਅਦ ਵਿੱਚ ਬਰੈਂਪਟਨ ਦੀ ਇੱਕ ਟਰੱਕਿੰਗ ਕੰਪਨੀ ਨਾਲ ਜੁੜੇ ਦੋ ਵਿਅਕਤੀਆਂ ਖ਼ਿਲਾਫ਼ ਸਾਜ਼ਿਸ਼ ਦੇ ਦੋਸ਼ ਵੀ ਲਾਏ ਗਏ।

ਸਰਕਾਰੀ ਪੱਖ ਨੇ ਦਲੀਲ ਦਿੱਤੀ ਕਿ ਇੰਨੀ ਵੱਡੀ ਖੇਪ ਕਿਸੇ ਅਣਜਾਣ ਡਰਾਈਵਰ ਨੂੰ ਨਹੀਂ ਸੌਂਪੀ ਜਾ ਸਕਦੀ ਅਤੇ ਸਿੰਘ ਨੇ ਟਰਾਲੇ ਦੇ ਐਕਸਲ ਖਿਸਕਾ ਕੇ ਅਤੇ ਸਰਹੱਦੀ ਅਧਿਕਾਰੀਆਂ ਨੂੰ ਗੁਮਰਾਹ ਕਰਕੇ ਆਪਣੀ ਸ਼ਮੂਲੀਅਤ ਛੁਪਾਉਣ ਦੀ ਕੋਸ਼ਿਸ਼ ਕੀਤੀ।

ਬਚਾਅ ਪੱਖ ਨੇ ਇਸ ਦੇ ਉਲਟ ਦਲੀਲ ਦਿੱਤੀ ਕਿ ਟਰਾਲਾ ਲੋਡ ਹੋਣ ਤੋਂ ਬਾਅਦ ਕਰੀਬ ਸੱਤ ਘੰਟੇ ਕਿਸੇ ਹੋਰ ਦੇ ਕਬਜ਼ੇ ਵਿੱਚ ਰਿਹਾ, ਜਦਕਿ ਸਿੰਘ ਉਸ ਵੇਲੇ ਉੱਥੇ ਮੌਜੂਦ ਨਹੀਂ ਸੀ। ਕੋਲੰਬਸ ਪਹੁੰਚਣ ਤੋਂ ਬਾਅਦ ਉਹ ਸਿਰਫ਼ 37 ਮਿੰਟ ਉੱਥੇ ਰਿਹਾ। ਨਾ ਉਸ ਦੇ ਫਿੰਗਰ ਪ੍ਰਿੰਟ ਨਸ਼ੀਲੇ ਪਦਾਰਥਾਂ 'ਤੇ ਮਿਲੇ ਅਤੇ ਨਾ ਹੀ ਉਸ ਦੇ ਮੋਬਾਈਲ ਫ਼ੋਨ ਵਿੱਚ ਕੋਈ ਸ਼ੱਕੀ ਸੁਨੇਹੇ ਜਾਂ ਸਬੂਤ ਮਿਲੇ। ਅਦਾਲਤ ਵਿੱਚ ਪੰਜਾਬੀ ਦੁਭਾਸ਼ੀਏ ਰਾਹੀਂ ਗਵਾਹੀ ਦਿੰਦਿਆਂ ਸਿੰਘ ਨੇ ਕਿਹਾ ਕਿ ਉਸ ਨੂੰ ਟਰੱਕ ਵਿੱਚ ਲੁਕਾਈ ਗਈ ਕੋਕੀਨ ਬਾਰੇ ਕੋਈ ਜਾਣਕਾਰੀ ਨਹੀਂ ਸੀ।

ਜਸਟਿਸ ਪੋਲੈਂਡ ਨੇ ਫ਼ੈਸਲੇ ਵਿੱਚ ਕਿਹਾ ਕਿ ਸਿਰਫ਼ ਨਸ਼ੇ ਦੀ ਵੱਡੀ ਕੀਮਤ ਦੇ ਆਧਾਰ 'ਤੇ ਇਹ ਨਹੀਂ ਮੰਨਿਆ ਜਾ ਸਕਦਾ ਕਿ ਡਰਾਈਵਰ ਨੂੰ ਇਸ ਦੀ ਜਾਣਕਾਰੀ ਹੋਵੇਗੀ। ਉਨ੍ਹਾਂ ਕਿਹਾ ਕਿ ਤਸਕਰ ਕਈ ਵਾਰ "ਬਲਾਇੰਡ ਕੋਰੀਅਰ" ਦੀ ਵਰਤੋਂ ਕਰਦੇ ਹਨ, ਜਿਸ ਨੂੰ ਮਾਲ ਦੀ ਜਾਣਕਾਰੀ ਨਹੀਂ ਹੁੰਦੀ। ਅਦਾਲਤ ਨੇ ਇਹ ਵੀ ਮੰਨਿਆ ਕਿ ਸਿਰਫ਼ 37 ਮਿੰਟਾਂ ਵਿੱਚ 281 ਪੈਕਟਾਂ ਨੂੰ ਇਸ ਤਰ੍ਹਾਂ ਲੁਕਾਉਣਾ ਵਿਵਹਾਰਿਕ ਤੌਰ 'ਤੇ ਸੰਭਵ ਨਹੀਂ ਜਾਪਦਾ। ਇਨ੍ਹਾਂ ਹਾਲਾਤ ਵਿੱਚ ਸਰਕਾਰੀ ਪੱਖ ਦੋਸ਼ ਸ਼ੱਕ ਤੋਂ ਪਰੇ ਸਾਬਤ ਕਰਨ ਵਿੱਚ ਅਸਫਲ ਰਿਹਾ ਅਤੇ ਅਦਾਲਤ ਨੇ ਰਾਵਿੰਦਰ ਬੀਰ ਸਿੰਘ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ।

Advertisement
×