punjab news: ਭਾਜਪਾ ਦੀਆਂ ਨੀਤੀਆਂ ਵਿਰੁੱਧ ਸੰਘਰਸ਼ ਦਾ ਸੱਦਾ
ਇਫਟੂ ਦੇ ਆਗੂਆਂ ਨੇ ਆਰ ਅੈੱਸ ਅੈੱਸ ’ਤੇ ਨਿਸ਼ਾਨਾ ਸੇਧਿਆ; ਮਜ਼ਦੂਰਾਂ ਨੂੰ 26 ਦੀ ਮੋਗਾ ਰੈਲੀ ਵਿੱਚ ਸ਼ਾਮਲ ਹੋਣ ਦੀ ਅਪੀਲ
ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ (ਇਫਟੂ) ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਅੱਜ ਮੋਗਾ ਵਿੱਚ ਹੋਈ। ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ ਅਤੇ ਸੂਬਾਈ ਪ੍ਰੈੱਸ ਸਕੱਤਰ ਜਸਬੀਰ ਦੀਪ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਕੇਂਦਰੀਕਰਨ, ਨਿੱਜੀਕਰਨ ਅਤੇ ਕਾਰਪੋਰੇਟ ਪੱਖੀ ਨੀਤੀਆਂ ਸੂਬਿਆਂ ਦੇ ਅਧਿਕਾਰਾਂ, ਜਮਹੂਰੀਅਤ ਅਤੇ ਮਜ਼ਦੂਰਾਂ ਦੇ ਹੱਕਾਂ ਨੂੰ ਕਮਜ਼ੋਰ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀਆਂ, ਚੰਡੀਗੜ੍ਹ, ਡੈਮ ਸੇਫਟੀ ਐਕਟ ਅਤੇ ਸੂਬੇ ਦੇ ਵਿੱਤੀ ਅਧਿਕਾਰਾਂ ਨਾਲ ਸਬੰਧਤ ਮਸਲਿਆਂ ਦਾ ਹੱਲ ਪੰਜਾਬ ਦੇ ਹੱਕਾਂ ਅਨੁਸਾਰ ਕੀਤਾ ਜਾਵੇ। ਆਗੂਆਂ ਨੇ ਪੰਜਾਬ ਦੇ ਪਾਣੀਆਂ ਦਾ ਸਥਾਈ ਹੱਲ, ਚੰਡੀਗੜ੍ਹ ਪੰਜਾਬ ਨੂੰ ਦੇਣ, ਡੈਮ ਸੇਫਟੀ ਐਕਟ ਰੱਦ ਕਰਨ, ਕਿਸਾਨਾਂ ਨੂੰ ਕਾਨੂੰਨੀ ਐੱਮ ਐੱਸ ਪੀ, ਨੌਜਵਾਨਾਂ ਲਈ ਰੁਜ਼ਗਾਰ, ਨਸ਼ਿਆਂ ’ਤੇ ਰੋਕ ਅਤੇ ਘੱਟਗਿਣਤੀਆਂ ਤੇ ਦੱਬੇ-ਕੁਚਲੇ ਵਰਗਾਂ ਦੀ ਸੁਰੱਖਿਆ ਦੀਆਂ ਮੰਗਾਂ ਉਭਾਰੀਆਂ। ਉਨ੍ਹਾਂ ਚਾਰ ਲੇਬਰ ਕੋਡ ਰੱਦ ਕਰਨ, ਠੇਕਾ ਕਾਮਿਆਂ ਨੂੰ ਪੱਕਾ ਕਰਨ, ਘੱਟੋ-ਘੱਟ 26 ਹਜ਼ਾਰ ਰੁਪਏ ਮਜ਼ਦੂਰੀ ਅਤੇ ਸਕੀਮ ਵਰਕਰਾਂ ਨੂੰ ਸਰਕਾਰੀ ਮੁਲਾਜ਼ਮ ਦਾ ਦਰਜਾ ਦੇਣ ਦੀ ਮੰਗ ਵੀ ਕੀਤੀ। ਮੀਟਿੰਗ ਵਿੱਚ 26 ਸਤੰਬਰ ਨੂੰ ਦਾਣਾ ਮੰਡੀ ਮੋਗਾ ਵਿੱਚ ਭਾਜਪਾ-ਆਰ ਐੱਸ ਐੱਸ ਦੀਆਂ ਨੀਤੀਆਂ ਵਿਰੁੱਧ ਰੈਲੀ ਵਿੱਚ ਹਜ਼ਾਰਾਂ ਮਜ਼ਦੂਰਾਂ ਦੀ ਸ਼ਮੂਲੀਅਤ ਕਰਵਾਉਣ ਦਾ ਫ਼ੈਸਲਾ ਲਿਆ ਗਿਆ। ਉਨ੍ਹਾਂ ਮਜ਼ਦੂਰਾਂ ਨੂੰ ਇਸ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਮੀਟਿੰਗ ਵਿੱਚ ਜੋਗਿੰਦਰ ਪਾਲ ਗੁਰਦਾਸਪੁਰ, ਅਵਤਾਰ ਸਿੰਘ ਤਾਰੀ ਸੂਬਾ ਕਾਰਜਕਾਰੀ ਸਕੱਤਰ, ਜਗਸੀਰ ਪੰਨੀਵਾਲੀਆ, ਦਲੀਪ ਅਬੋਹਰ, ਤਰਸੇਮ ਜੱਟਪੁਰ ਰੋਪੜ, ਸੁਖਦੇਵ ਗੁਰਦਾਸਪੁਰ, ਅਵਤਾਰ ਸਿੰਘ ਖਾਲਸਾ, ਪਰਮਪਾਲ ਸਿੰਘ ਤੇ ਸ੍ਰੀਨਾਥ ਪਟਿਆਲਾ ਹਾਜ਼ਰ ਸਨ।

