Mohali Institute ਦੇ Cadets ਨੇ ਦੇਸ਼ ਭਰ ’ਚੋਂ ਮੱਲਾਂ ਮਾਰੀਆਂ
AFCAT ਵਿੱਚ Sukhraj ਨੇ ਹਾਸਲ ਕੀਤਾ Rank 2 ਅਤੇ Jasnoor ਨੇ Rank 6
ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਮੁਹਾਲੀ ਦੇ 10ਵੇਂ ਕੋਰਸ ਦੇ ਦੋ ਕੈਡਿਟਾਂ ਨੇ ਏਅਰ ਫੋਰਸ ਕਾਮਨ ਐਡਮਿਸ਼ਨ ਟੈਸਟ-2 ਪ੍ਰੀਖਿਆ ਵਿੱਚ ਦੇਸ਼ ਭਰ ’ਚੋਂ ਕ੍ਰਮਵਾਰ ਦੂਜਾ ਅਤੇ ਛੇਵਾਂ ਰੈਂਕ ਹਾਸਲ ਕਰ ਕੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ। ਜ਼ਿਲ੍ਹਾ ਰੂਪਨਗਰ ਦੇ ਸਰਕਾਰੀ ਸਕੂਲ ਅਧਿਆਪਕ ਦੇ ਪੁੱਤਰ ਸੁਖਰਾਜ ਸਿੰਘ ਹੀਰਾ ਨੇ ਆਲ ਇੰਡੀਆ ਪੱਧਰ ’ਤੇ ਦੂਜਾ ਅਤੇ ਪਠਾਨਕੋਟ ਦੇ ਕੈਡਿਟ ਜਸਨੂਰ ਸਿੰਘ ਨੇ ਛੇਵਾਂ ਰੈਂਕ ਹਾਸਲ ਕੀਤਾ ਹੈ।
ਦੋਵੇਂ ਕੈਡਿਟ ਇਸੇ ਮਹੀਨੇ ਦੇ ਅੰਤ ਵਿੱਚ ਸ਼ੁਰੂ ਹੋਣ ਵਾਲੇ ਕੰਬਾਈਡ ਡਿਫੈਂਸ ਸਰਵਿਸਿਜ਼ (ਸੀ ਡੀ ਐੱਸ) ਕੋਰਸਾਂ ਲਈ ਪਹਿਲਾਂ ਹੀ ਚੁਣੇ ਜਾ ਚੁੱਕੇ ਹਨ। ਸੀ ਡੀ ਐੱਸ ਮੈਰਿਟ ਸੂਚੀ ਵਿੱਚ ਜਸਨੂਰ ਸਿੰਘ ਨੇ ਹਵਾਈ ਫ਼ੌਜ ਸ਼੍ਰੇਣੀ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ, ਜਦਕਿ ਸੁਖਰਾਜ ਸਿੰਘ ਹੀਰਾ ਆਰਮੀ ਦੀ ਮੈਰਿਟ ਸੂਚੀ ’ਚੋਂ ਚੌਥੇ ਸਥਾਨ ’ਤੇ ਰਿਹਾ ਹੈ।
ਦੋਵਾਂ ਕੈਡਿਟਾਂ ਦੀ ਇਸ ਪ੍ਰਾਪਤੀ ’ਤੇ ਖੁਸ਼ੀ ਜ਼ਾਹਿਰ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਫਲਤਾ ਪੰਜਾਬ ਦੇ ਨੌਜਵਾਨਾਂ ਦੇ ਹੁਨਰ ਅਤੇ ਦ੍ਰਿੜ੍ਹਤਾ ਦਾ ਪ੍ਰਤੱਖ ਪ੍ਰਮਾਣ ਹੈ। ਸੁਖਰਾਜ ਅਤੇ ਜਸਨੂਰ ਨੇ ਪੂਰੇ ਸੂਬੇ ਦਾ ਮਾਣ ਵਧਾਇਆ ਹੈ। ਸੰਸਥਾ ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐੱਚ ਚੌਹਾਨ, ਵੀ ਐੱਸ ਐੱਮ (ਸੇਵਾਮੁਕਤ) ਨੇ ਦੋਵਾਂ ਕੈਡਿਟਾਂ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਇੰਸਟੀਚਿਊਟ ਦੇ ਤਕਰੀਬਨ 24 ਕੈਡਿਟਾਂ ਨੂੰ ਦੇਸ਼ ਭਰ ਦੀਆਂ ਵੱਖ-ਵੱਖ ਸਿਖਲਾਈ ਅਕੈਡਮੀਆਂ ਵਿੱਚ ਜਲਦੀ ਸ਼ੁਰੂ ਹੋਣ ਵਾਲੇ ਕੋਰਸਾਂ ਲਈ ਜੁਆਇਨਿੰਗ ਲੈਟਰ ਮਿਲਣ ਦੀ ਪ੍ਰਕਿਰਿਆ ਚੱਲ ਰਹੀ ਹੈ।

