ਜਗਤਾਰ ਸਿੰਘ ਨਹਿਲ / ਗੁਰਦੀਪ ਸਿੰਘ ਲਾਲੀ
ਲੌਂਗੋਵਾਲ, 20 ਅਗਸਤ
ਪੰਜਾਬ ਸਰਕਾਰ ਵੱਲੋਂ ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਗੋਵਾਲ ਦੀ 36ਵੀਂ ਬਰਸੀ ਮੌਕੇ ਅਨਾਜ ਮੰਡੀ ਲੌਂਗੋਵਾਲ ਵਿੱਚ ਇੱਕ ਸਾਦਾ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਕੈਬਨਿਟ ਮੰਤਰੀਆਂ ਸਾਧੂ ਸਿੰਘ ਧਰਮਸੋਤ ਤੇ ਵਿਜੈਇੰਦਰ ਸਿੰਗਲਾ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਕੈਬਨਿਟ ਮੰਤਰੀ ਸ੍ਰੀ ਧਰਮਸੋਤ ਨੇ ਕਿਹਾ ਕਿ ਸੰਤ ਹਰਚੰਦ ਸਿੰਘ ਲੌਗੋਂਵਾਲ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਆਪਣੀ ਸ਼ਹਾਦਤ ਦਿੱਤੀ, ਜਿਸਨੂੰ ਰਹਿੰਦੀ ਦੁਨੀਆਂ ਤੱਕ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਸੁਨੇਹਾ ਹੈ ਕਿ ਦੇਸ਼ ਅਤੇ ਕੌਮ ਲਈ ਸ਼ਹੀਦ ਹੋਣ ਵਾਲਿਆਂ ਦਾ ਸਾਨੂੰ ਦਿਲੋਂ ਸਤਿਕਾਰ ਕਰਨਾ ਚਾਹੀਦਾ ਹੈ। ਇਸ ਲਈ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਅੱਜ ਸੰਤ ਲੌਂਗੋਵਾਲ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਉਨ੍ਹਾਂ ਨੂੰ ਅਤੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੂੰ ਇੱਥੇ ਭੇਜਿਆ ਗਿਆ ਹੈ। ਕੈਬਨਿਟ ਮੰਤਰੀ ਸਿੰਗਲਾ ਨੇ ਕਿਹਾ ਕਿ ਸੰਤ ਲੌਂਗੋਵਾਲ ਦੇ ਜੀਵਨ ਦਾ ਮਕਸਦ ਪੰਜਾਬ ਅੰਦਰ ਅਮਨ ਸ਼ਾਂਤੀ ਨੂੰ ਕਾਇਮ ਰੱਖਣਾ ਸੀ, ਪਰ ਉਸ ਸਮੇਂ ਅਮਨ ਸ਼ਾਂਤੀ ਨੂੰ ਭੰਗ ਕਰਨ ਵਾਲੀਆਂ ਤਾਕਤਾਂ ਨੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ। ਇਸ ਮੌਕੇ ਕਾਂਗਰਸੀ ਆਗੂ ਦਾਮਨ ਥਿੰਦ ਬਾਜਵਾ, ਡਿਪਟੀ ਕਮਿਸ਼ਨਰ ਰਾਮਵੀਰ, ਐੱਸਐੱਸਪੀ ਵਿਵੇਕਸ਼ੀਲ ਸੋਨੀ, ਹਰਮਨ ਦੇਵ ਬਾਜਵਾ, ਐੱਸਡੀਐੱਮ ਅਮਰਿੰਦਰ ਸਿੰਘ, ਐੱਸਪੀ ਆਲਮ ਵਿਜੈ ਸਿੰਘ ਹਾਜ਼ਰ ਸਨ।